ਅੱਤਵਾਦ ਵਿਰੁੱਧ ਲੜਾਈ ਲਈ 27 ਦੇਸ਼ਾਂ ਨਾਲ ਕਰਾਰ
ਨਵੀਂ ਦਿੱਲੀ, 16 ਜੁਲਾਈ -ਅੱਤਵਾਦ ਦੇ ਨਾਸੂਰ ਦਾ ਮੁਕਾਬਲਾ ਕਰਨ ਲਈ ਭਾਰਤ ਸਰਕਾਰ ਨੇ 27 ਦੇਸ਼ਾਂ ਦੇ ਇਕ ਖੇਤਰੀ ਸੰਗਠਨ ਨਾਲ ਸਮਝੌਤੇ ਕੀਤੇ ਹਨ। ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਅੱਜ ਲੋਕ ਸਭਾ 'ਚ ਜੈ ਪ੍ਰਕਾਸ਼ ਅਗਰਵਾਲ ਦੇ ਸਵਾਲ ਦੇ ਲਿਖਤੀ ਉੱਤਰ 'ਚ ਦੱਸਿਆ ਕਿ ਅੱਤਵਾਦ ਦਾ ਮੁਕਾਬਲਾ ਵਿਸ਼ਵ ਸਹਿਯੋਗ ਦੇ ਰੂਪ ਭਾਰਤ ਹੋਰ ਦੇਸ਼ਾਂ ਨਾਲ ਮਹੱਤਵਪੂਰਨ ਮੰਚਾਂ 'ਤੇ ਭਾਰਤ ਵਿਰੁੱਧ ਚਲਾਏ ਜਾ ਰਹੇ ਅੱਤਵਾਦ ਦੇ ਮੁੱਦੇ ਨੂੰ ਉਠਾਉਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਦੇ ਨਾਸੂਰ ਦਾ ਮੁਕਾਬਲਾ ਕਰਨ ਲਈ ਸੰਯੁਕਤ ਕਾਰਜਕਾਰੀ ਦਲਾਂ (ਜੈਡਬਲਿਊਜੀ) ਦਾ ਗਠਨ ਕੀਤਾ ਗਿਆ ਹੈ, ਜਿਸ 'ਚ ਵਿਸ਼ਵ ਭਰ ਦੇ 27 ਦੇਸ਼ ਅਤੇ ਖੇਤਰੀ ਸੰਗਠਨ ਸ਼ਾਮਲ ਹਨ। ਪ੍ਰਨੀਤ ਕੌਰ ਨੇ ਦੱਸਿਆ ਕਿ ਜਿਨ੍ਹਾਂ ਦੇਸ਼ਾਂ ਜਾਂ ਖੇਤਰੀ ਸੰਗਠਨਾਂ ਨਾਲ ਸਮਝੌਤਾ ਕੀਤਾ ਗਿਆ ਹੈ ਉਨ੍ਹਾਂ ਵਿਚ ਮਿਸਰ, ਕੈਨੇਡਾ, ਜਰਮਨੀ, ਬ੍ਰਿਟੇਨ, ਅਮਰੀਕਾ, ਫਰਾਂਸ, ਚੀਨ, ਇਸਰਾਈਲ, ਕਜ਼ਾਕਿਸਤਾਨ, ਰੂਸ, ਕਰੋਸ਼ੀਆ, ਉਬਜ਼ੇਕਿਸਤਾਨ, ਥਾਈਲੈਂਡ, ਤੁਰਕੀ, ਸਿੰਘਾਪੁਰ, ਆਸਟ੍ਰੇਲੀਆ, ਪਾਕਿਸਤਾਨ ਅਤੇ ਇਟਲੀ ਸ਼ਾਮਲ ਹਨ। ਅਜਿਹੇ ਖੇਤਰੀ ਸਮੂਹਾਂ 'ਚ ਯੂਰਪੀ ਸੰਘ ਅਤੇ ਬਿਮਸਟੇਕ ਵੀ ਸ਼ਾਮਲ ਹੈ।