ਸਰਕਾਰ ਨਕਸਲਵਾਦ ਨਾਲ ਨਜਿੱਠਣ 'ਚ ਅਸਫਲ ਰਹੀ-ਚਿਦੰਬਰਮ
ਨਵੀਂ ਦਿੱਲੀ, 16 ਜੁਲਾਈ -ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਅੱਜ ਸਵੀਕਾਰ ਕੀਤਾ ਕਿ ਕੇਂਦਰ ਸਰਕਾਰ ਦੇਸ਼ ਵਿਚ ਫੈਲੇ ਨਕਸਲਵਾਦ ਨਾਲ ਨਜਿੱਠਣ ਵਿਚ ਅਸਫ਼ਲ ਰਹੀ ਹੈ। ਚਿਦੰਬਰਮ ਨੇ ਰਾਜ ਸਭਾ ਵਿਚ ਬੋਲਦੇ ਹੋਏ ਕਿਹਾ ਕਿ ਸਰਕਾਰ ਮਾਓਵਾਦੀਆਂ ਦੇ ਖ਼ਤਰੇ ਨੂੰ ਜਾਨਣ ਅਤੇ ਉਸ ਨਾਲ ਗੰਭੀਰਤਾ ਨਾਲ ਨਜਿੱਠਣ ਵਿਚ ਅਸਫਲ ਰਹੀ ਹੈ। ਜ਼ਿਕਰਯੋਗ ਹੈ ਕਿ ਦੇਸ਼ ਵਿਚ ਨਕਸਲਵਾਦ ਦਿਨੋਂ ਦਿਨ ਪੈਰ ਪਸਾਰਦਾ ਜਾ ਰਿਹਾ ਹੈ। ਬੀਤੇ ਦਿਨੀਂ ਛੱਤੀਸਗੜ੍ਹ ਵਿਚ ਨਕਸਲੀਆਂ ਨੇ 36 ਪੁਲਿਸ ਮੁਲਾਜ਼ਮਾਂ ਦੀ ਹੱਤਿਆ ਕਰ ਦਿੱਤੀ ਸੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਵੀ ਨਕਸਲਵਾਦ ਨੂੰ ਦੇਸ਼ ਲਈ ਸਭ ਤੋਂ ਵੱਡਾ ਖ਼ਤਰਾ ਦੱਸਿਆ ਸੀ। ਗ੍ਰਹਿ ਮੰਤਰੀ ਨੇ ਸਵੀਕਾਰਿਆ ਕਿ ਨਕਸਲੀ ਸਮੱਸਿਆ ਨੂੰ ਬੀਤੇ ਸਮੇਂ ਦੌਰਾਨ ਘੱਟ ਕਰਕੇ ਆਂਕਿਆ ਗਿਆ ਅਤੇ ਇਸ ਦੌਰਾਨ ਖੱਬੇ ਪੱਖੀ ਕੱਟੜਪੰਥੀਆਂ ਨੇ ਆਪਣਾ ਵਿਸਥਾਰ ਕਰ ਲਿਆ। ਇਹ ਸਮੱਸਿਆ ਹੁਣ ਇਕ ਗੰਭੀਰ ਚੁਣੌਤੀ ਬਣ ਗਈ ਹੈ ਅਤੇ  ਇਸ ਨਾਲ ਕੇਂਦਰ ਦੇ ਨਾਲ ਰਾਜਾਂ ਨੂੰ ਮਿਲ ਕੇ ਨਜਿੱਠਣਾ ਹੋਵੇਗਾ। ਜ਼ਿਕਰਯੋਗ ਹੈ ਕਿ ਨਕਸਲਵਾਦ ਨਾਲ ਝਾਰਖੰਡ, ਛੱਤੀਸਗੜ੍ਹ, ਬਿਹਾਰ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼ ਅਤੇ ਮਹਾਰਾਸ਼ਟਰ ਮੁੱਖ ਰੂਪ ਨਾਲ ਪ੍ਰਭਾਵਿਤ ਹਨ।