ਤੇਰਾ ਸਿੰਘ ਚੰਨ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ
ਮੁਹਾਲੀ, 17 ਜੁਲਾਈ :ਪੰਜਾਬ ਅਮਨ ਲਹਿਰ ਦੇ ਬਾਨੀ ਅਤੇ ਇਪਟਾ ਨੂੰ ਪੰਜਾਬ ਵਿਚ ਸਥਾਪਿਤ ਕਰਨ ਵਾਲੇ ਉੱਘੇ ਸਾਹਿਤਕਾਰ ਅਤੇ ਸ਼ਾਇਰ ਤੇਰਾ ਸਿੰਘ ਚੰਨ, ਜਿਨ੍ਹਾਂ ਦਾ ਬੀਤੀ 9 ਜੁਲਾਈ ਨੂੰ ਦੇਹਾਂਤ ਹੋ ਗਿਆ ਸੀ, ਨਮਿੱਤ ਉਨ੍ਹਾਂ ਦੇ ਸਨੇਹੀਆਂ ਵਲੋਂ ਇਥੋਂ ਦੇ ਗੁਰਦੁਆਰਾ ਸਾਚਾ ਧੰਨ ਸਾਹਿਬ ਫ਼ੇਜ਼-3 ਬੀ 1 ਵਿਖੇ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਇਸ ਮੌਕੇ ਸ੍ਰੀ ਚੰਨ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਸਨੇਹੀਆਂ ਅਤੇ ਸੈਂਕੜੇ ਦੀ ਗਿਣਤੀ ਵਿਚ ਬੁੱਧੀਜੀਵੀਆਂ, ਲੇਖਕਾਂ ਅਤੇ ਰੰਗਕਰਮੀਆਂ ਨੇ ਸ਼ਰਧਾਂਜਲੀ ਭੇਟ ਕੀਤੀ।
ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿਚ ਸੀਪੀਆਈ ਦੇ ਆਗੂ ਡਾ. ਜੋਗਿੰਦਰ ਦਿਆਲ, ਸਾਬਕਾ ਐਮਪੀ ਅਤੇ ਨਵਾਂ ਜ਼ਮਾਨਾ ਦੇ ਸੰਪਾਦਕ ਜਗਜੀਤ ਸਿੰਘ ਆਨੰਦ, ਡਾ. ਰਘਬੀਰ ਸਿੰਘ ਸਿਰਜਣਾ, ਸੀਪੀਐਮ ਪੰਜਾਬ ਦੇ ਆਗੂ ਮੰਗਤ ਰਾਮ ਪਾਸਲਾ, ਪੰਜਾਬੀ ਸਾਹਿਤ ਅਕਾਦਮੀ ਪੰਜਾਬ ਦੇ ਸਕੱਤਰ ਡਾ. ਸੁਖਦੇਵ ਸਿੰਘ, ਸੀਪੀਆਈ ਪੰਜਾਬ ਦੇ ਸਕੱਤਰ ਭੁਪਿੰਦਰ ਸਾਂਬਰ, ਗੁਲਜ਼ਾਰ ਸੰਧੂ, ਅਕਾਲੀ ਆਗੂ ਅਮਰੀਕ ਸਿੰਘ, ਪਿਆਰਾ ਸਿੰਘ ਭੋਗਲ, ਡੋਲੀ ਗੁਲੇਰੀਆ, ਪੂਰਨ ਸਿੰਘ ਕਿਰਤੀ, ਗੁਰਨਾਮ ਕੰਵਰ, ਬਲਕਾਰ ਸਿੱਧੂ, ਸੀਪੀਆਈ(ਐਮ) ਦੇ ਲਹਿੰਬਰ ਸਿੰਘ ਤੱਗੜ ਆਦਿ ਸ਼ਾਮਲ ਸਨ।
ਇਸ ਮੌਕੇ ਸ਼ਰਧਾਂਜਲੀ ਦੇਣ ਵਾਲੀਆਂ ਵੱਖ-ਵੱਖ ਸ਼ਖ਼ਸੀਅਤਾਂ ਨੇ ਕਿਹਾ ਕਿ ਤੇਰਾ ਸਿੰਘ ਚੰਨ ਦੇ ਤੁਰ ਜਾਣ ਨਾਲ ਸਾਹਿਤ ਦੇ ਖੇਤਰ ਵਿਚ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ ਕਿਉਂਕਿ ਉਨ੍ਹਾਂ ਸਾਰੀ ਜ਼ਿੰਦਗੀ ਪੰਜਾਬੀ ਸਾਹਿਤ ਅਤੇ ਰੰਗਮੰਚ ਦੀ ਤਨੋ-ਮਨੋ ਸੇਵਾ ਕੀਤੀ ਹੈ। ਵੱਖ-ਵੱਖ ਬੁਲਾਰਿਆਂ ਨੇ ਉਨ੍ਹਾਂ ਨਾਲ ਆਪਣੀ ਨੇੜਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਚੰਨ ਤੋਂ ਵੀ ਉਤੇ ਹੋ ਕੇ ਸੂਰਜ ਸਨ, ਜਿਨ੍ਹਾਂ ਨੇ ਆਪਣੀਆਂ ਲਿਖਤਾਂ ਰਾਹੀਂ ਸਮਾਜ ਵਿਚ ਰੋਸ਼ਨੀ ਬਿਖੇਰੀ। ਉਨ੍ਹਾਂ ਕਿਹਾ ਕਿ ਸ੍ਰੀ ਚੰਨ ਉਹ ਸਨ, ਜਿਨ੍ਹਾਂ ਨੇ ਇਪਟਾ ਪੰਜਾਬ ਦੀ ਨੀਂਹ ਰੱਖੀ ਅਤੇ ਉਹ ਪੰਜਾਬੀ ਲੇਖਕ ਸਭਾ ਨੂੰ ਵੀ ਬਹੁਤ ਅੱਗੇ ਲੈ ਕੇ ਗਏ। ਉਹ ਕੇਵਲ ਵਿਅਕਤੀ ਹੀ ਨਹੀਂ ਬਲਕਿ ਇਕ ਪੂਰੀ ਸੰਸਥਾ ਸਨ। ਉਨ੍ਹਾਂ ਆਜ਼ਾਦੀ ਲਹਿਰ ਵਿਚ ਵੀ ਹਿੱਸਾ ਪਾਇਆ ਅਤੇ 1962 ਦੀ ਚੀਨ-ਭਾਰਤ ਲੜਾਈ ਦੌਰਾਨ ਜੇਲ੍ਹ ਵੀ ਕੱਟੀ।