ਗੁਰੂ ਨਾਨਕ 'ਵਰਸਿਟੀ ਦੇ ਨਵੇਂ ਉਪ ਕੁਲਪਤੀ ਪ੍ਰੋ. ਬਰਾੜ ਨੇ ਅਹੁਦਾ ਸੰਭਾਲਿਆ
ਅੰਮ੍ਰਿਤਸਰ, 17 ਜੁਲਾਈ :ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਅਤੇ ਅੰਤਰਰਾਸ਼ਟਰੀ ਵਿਗਿਆਨੀ ਪ੍ਰੋਫ਼ੈਸਰ ਅਜੈਬ ਸਿੰਘ ਬਰਾੜ ਨੇ ਬੁੱਧਵਾਰ ਨੂੰ ਆਪਣਾ ਅਹੁਦਾ ਸੰਭਾਲ ਲਿਆ। ਉਨ੍ਹਾਂ ਇਸ ਮੌਕੇ ਕਿਹਾ ਕਿ ਉਨ੍ਹਾਂ ਦੀ ਪਹਿਲ ਮਿਆਰੀ ਸਿੱਖਿਆ, ਖੋਜ ਤੇ ਪਾਰਦਰਸ਼ੀ ਪ੍ਰਸ਼ਾਸਨ ਹੋਵੇਗੀ। ਉਨ੍ਹਾਂ ਕਿਹਾ ਕਿ ਅਜਿਹੇ ਕੰਮਾਂ ਨੂੰ ਪਹਿਲ ਦਿੱਤੀ ਜਾਵੇਗੀ, ਜੋ ਯੂਨੀਵਰਸਿਟੀ ਦੇ ਹਿੱਤ ਵਿਚ ਹੋਣਗੇ ਅਤੇ ਰਾਜ ਦੀਆਂ ਲੋੜਾਂ ਦੇ ਮੱਦੇਨਜ਼ਰ ਗਰੈਜੂਏਟ ਅਤੇ ਪੋਸਟ ਗਰੈਜੂਏਟ ਪੱਧਰ ਦੇ ਕਿੱਤਾਮੁਖੀ ਕੋਰਸ ਸ਼ੁਰੂ ਕੀਤੇ ਜਾਣਗੇ।
ਉਪ ਕੁਲਪਤੀ ਦਾ ਅਹੁਦਾ ਸੰਭਾਲਣ ਮਗਰੋਂ ਪ੍ਰੋਫ਼ੈਸਰ ਬਰਾੜ ਨੇ ਫੈਕਲਿਟੀ ਮੈਂਬਰਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੰਬੋਧਨ ਕੀਤਾ। ਅਹੁਦਾ ਸੰਭਾਲਣ ਤੋਂ ਪਹਿਲਾਂ ਪ੍ਰੋਫ਼ੈਸਰ ਬਰਾੜ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ।
ਉਪ ਕੁਲਪਤੀ ਨੇ ਕਿਹਾ ਕਿ ਸਮਾਜਿਕ ਵਿਗਿਆਨ ਅਤੇ ਸਭਿਆਚਾਰ ਦੋਵੇਂ ਹੀ ਮਹੱਤਵਪੂਰਨ ਹਨ, ਇਸ ਲਈ ਇਨ੍ਹਾਂ ਵੱਲ ਵਧੇਰੇ ਧਿਆਨ ਦਿੱਤਾ ਜਾਵੇਗਾ ਕਿਉਂਕਿ ਪੱਛਮੀ ਸਭਿਆਚਾਰ ਦੇ ਪੈ ਰਹੇ ਮਾੜੇ ਪ੍ਰਭਾਵ ਨੂੰ ਘਟਾਉਣ ਲਈ ਸਮਾਜਿਕ ਵਿਗਿਆਨ ਤੇ ਸਭਿਆਚਾਰ ਦੀ ਪੜ੍ਹਾਈ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਸਿੱਖਿਆ ਅਤੇ ਖੋਜ ਨੂੰ ਹੋਰ ਮਿਆਰੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਉਹ ਵਾਈਸ ਚਾਂਸਲਰ ਦੇ ਕਾਰਜਾਂ ਦੀ ਜ਼ਿੰਮੇਵਾਰੀ ਨਿਭਾਉਣ ਦੇ ਨਾਲ-ਨਾਲ ਅਧਿਆਪਨ ਕਾਰਜ ਵੀ ਕਰਨਗੇ ਅਤੇ ਕੈਮਿਸਟਰੀ ਵਿਭਾਗ ਵਿਚ ਪੜ੍ਹਾਉਣਗੇ।
ਜ਼ਿਕਰਯੋਗ ਹੈ ਕਿ ਪ੍ਰੋ. ਬਰਾੜ ਨੇ 1976 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਵਿਚ ਆਪਣਾ ਅਧਿਆਪਨ ਕਾਰਜ ਸ਼ੁਰੂ ਕੀਤਾ ਸੀ। ਉਹ ਜਨਵਰੀ 1982 ਵਿਚ ਆਈਆਈਟੀ ਦਿੱਲੀ ਵਿਚ ਅਸਿਸਟੈਂਟ ਪ੍ਰੋਫ਼ੈਸਰ ਬਣ ਕੇ ਚਲੇ ਗਏ ਸਨ। ਪ੍ਰੋ. ਬਰਾੜ 6 ਜਨਵਰੀ, 2008 ਤੋਂ ਲੈ ਕੇ 14 ਜੁਲਾਈ 2009 ਤੱਕ ਲਖਨਊ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹੇ। ਸਿੱਖਿਆ ਅਤੇ ਖੋਜ ਦੇ ਖੇਤਰ ਵਿਚ ਉਨ੍ਹਾਂ ਦਾ 33 ਸਾਲ ਦਾ ਤਜ਼ਰਬਾ ਹੈ। ਪ੍ਰੋ. ਬਰਾੜ ਨੂੰ 2008 ਵਿਚ ਆਲ ਇੰਡੀਆ ਕਾਨਫਰੰਸ ਆਫ਼ ਇਨਟੀਲੈਕਚੂਅਲਸ ਵਲੋਂ ਯੂਪੀ ਰਤਨ ਐਵਾਰਡ ਦਿੱਤਾ ਗਿਆ ਸੀ ਅਤੇ ਹਾਲ ਹੀ ਵਿਚ ਉਨ੍ਹਾਂ ਦੀਆਂ ਖੋਜ ਖੇਤਰ ਵਿਚ ਨਿਭਾਈਆਂ ਸੇਵਾਵਾਂ ਨੂੰ ਮਾਨਤਾ ਦਿੰਦਿਆਂ ਉਨ੍ਹਾਂ ਨੂੰ ਸਰਸਵਤੀ ਸਨਮਾਨ ਦਿੱਤਾ ਗਿਆ।