ਚੰਦਰਯਾਨ-1 'ਚ ਗੜਬੜੀ ਕਾਰਨ ਚੰਦਰਮਾ ਮੁਹਿੰਮ ਮੁਸ਼ਕਲ 'ਚ ਫਸੀ
ਬੰਗਲੌਰ, 17 ਜੁਲਾਈ  : ਭਾਰਤੀ ਪੁਲਾੜ ਖੋਜ ਸੰਗਠਨ ਨੇ ਕਿਹਾ ਹੈ ਕਿ ਬੀਤੇ ਸਾਲ ਅਕਤੂਬਰ 'ਚ ਸ਼ੁਰੂ ਕੀਤੇ ਗਏ ਭਾਰਤ ਦੇ ਮਹੱਤਵਪੂਰਨ ਚੰਦਰਮਾ ਮੁਹਿੰਮ ਚੰਦਰਯਾਨ-1 ਦੇ ਇਕ ਪ੍ਰਮੁੱਖ ਸੈਂਸਰ ਬਾਰੇ ਪਤਾ ਨਹੀਂ ਲਗ ਰਿਹਾ ਹੈ ਅਤੇ ਇਸ ਕਾਰਨ ਸ਼ੰਕਾ ਜਤਾਈ ਜਾ ਰਹੀ ਹੈ ਇਹ ਮੁਹਿੰਮ ਸਮੇਂ ਤੋਂ ਪਹਿਲਾਂ ਖਤਮ ਹੋ ਸਕਦੀ ਹੈ। ਉਂਝ ਇਹ ਚੰਦਰਮਾ ਮੁਹਿੰਮ 2 ਸਾਲਾਂ ਲਈ ਸ਼ੁਰੂ ਕੀਤੀ ਗਈ ਸੀ। ਇਸਰੋ ਦੇ ਪ੍ਰਧਾਨ ਜੀ ਮਾਦਵਨ ਨਾਇਰ ਨੇ ਕਿਹਾ ਕਿ ਮੰਦਭਾਗੀ ਨਾਲ ਬੀਤੇ ਮਹੀਨੇ ਦੌਰਾਨ ਅਸੀਂ ਇਕ ਮਹੱਤਵਪੂਰਨ ਸੈਂਸਰ ਸਟਾਰ ਸੈਂਸਰ ਗੁਆ ਦਿੱਤਾ।
 ਨਾਇਰ ਨੇ ਕਿਹਾ ਕਿ ਜਿਵੇਂ ਪਹਿਲਾਂ ਹੁੰਦਾ ਸੀ ਕਿ ਦਿਸ਼ਾ ਮਿੱਥਣ ਲਈ ਤਾਰਿਆਂ ਵੱਲ ਵੇਖਿਆ ਜਾਂਦਾ ਸੀ, ਇਸੇ ਤਰ੍ਹਾਂ ਚੰਦਰਯਾਨ ਵਿਚ ਲੱਗਿਆ ਇਕ ਉਪਕਰਨ ਇਹ ਕੰਮ ਕਰ ਰਿਹਾ ਸੀ। ਇਸ ਉਪਕਰਨ ਨੂੰ ਪਹਿਲਾਂ ਚੰਦਰਮਾ ਦੀ ਦਿਸ਼ਾ 'ਚ ਲਗਾਉਣ ਦੀ ਜ਼ਰੂਰਤ ਹੁੰਦੀ ਹੈ ਅਤੇ  ਇਸ ਨੂੰ ਗੁਆਉਣ ਤੋਂ ਅਸੀਂ ਕਾਫੀ ਚਿੰਤਤ ਹਾਂ। ਉਨ੍ਹਾਂ ਕਿਹਾ ਕਿ ਅਸੀਂ ਇਸ ਸਮੱਸਿਆ ਕੋਲੋਂ ਨਿਜਾਤ ਪਾਉਣ ਲਈ ਇਕ ਨਵਾਂ ਤਰੀਕਾ ਕੱਢਿਆ। ਇਸਰੋ ਦੇ ਪ੍ਰਮੁੱਖ ਨਾਇਰ ਦਾ ਕਹਿਣਾ ਹੈ ਕਿ ਚੰਦਰਯਾਨ ਵਿਚ ਜੇਕਰ ਕੁਝ ਹੋਰ ਗੜਬੜੀਆਂ ਹੁੰਦੀਆਂ ਹਨ ਤਾਂ ਸਾਨੂੰ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਮਿਸ਼ਨ ਦੇ ਬੀਤੇ ਅੱਠ ਮਹੀਨੇ ਦੌਰਾਨ ਅਸੀਂ ਲਗਭਗ ਇਹ ਸਾਰੇ ਅੰਕੜੇ ਇਕੱਠੇ ਕੀਤੇ ਜਿਨ੍ਹਾਂ ਦੀ ਸਾਨੂੰ ਜ਼ਰੂਰਤ ਸੀ ਅਤੇ ਇਸ ਦੇ ਜ਼ਿਆਦਾਤਰ ਉਦੇਸ਼ਾਂ ਨੂੰ ਪਹਿਲਾਂ ਹੀ ਪੂਰਾ ਕਰ ਲਿਆ ਗਿਆ। ਚੰਦਰਯਾਨ-1 ਨੂੰ ਬੀਤੇ ਸਾਲ 22 ਅਕਤੂਬਰ ਨੂ ੰਆਂਧਰਾਪ੍ਰਦੇਸ਼ ਸਥਿਤ ਸ੍ਰੀ ਹਰੀ ਕੋਟਾ ਕੇਂਦਰ ਤੋਂ ਛੱਡਿਆ ਗਿਆ ਸੀ।
 ਇਸਰੋ ਬੁਲਾਰੇ ਐਸ ਸ਼ਤੀਸ ਨੇ ਕਿਹਾ ਕਿ ਅਸੀਂ ਪੱਕੇ ਤੌਰ 'ਤੇ ਨਹੀਂ ਕਹਿ ਸਕਦੇ ਕਿ ਅਸੀਂ ਇਸ ਨੂੰ ਕਿੰਨੇ ਸਮੇਂ ਤੱਕ ਬਚਾਉਣ ਵਿਚ ਕਾਮਯਾਬ ਹੋਵਾਂਗੇ। ਉਨ੍ਹਾਂ ਕਿਹਾ ਕਿ ਚੰਦਰਯਾਨ-1 ਦੀ ਉਮਰ ਦੋ ਸਾਲ ਹੈ ਪਰ ਇਸ 'ਚ ਕਟੌਤੀ ਕੀਤੀ ਜਾ ਸਕਦੀ ਹੈ। ਇਸ ਲਈ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਮਿਸ਼ਨ ਸੰਤੋਸ਼ਜਨਕ ਤਰੀਕੇ ਨਾਲ ਕੰਮ ਕਰ ਰਿਹਾ ਹੈ। ਇਸਰੋ ਨੇ ਕਿਹਾ ਕਿ ਉਨ੍ਹਾਂ ਕੋਲ ਨਵੀਂ ਤਕਨੀਕ ਹੈ ਅਤੇ ਇਸ ਸਮੱਸਿਆ ਤੋਂ ਨਿਜਾਤ ਪਾਉਣ ਲਈ ਐਂਟੀਨਾ ਅਤੇ ਗੈਰੋਸਕੋਪਸ ਦੀ ਵਰਤੋਂ ਕੀਤੀ ਜਾ ਰਹੀ ਹੈ।
 ਚੰਦਰਯਾਨ ਨੂੰ ਛੱਡੇ ਜਾਣ ਤੋਂ ਬਾਅਦ ਮਿਸ਼ਨ 'ਚ ਪੇਸ਼ ਆਈਆਂ ਦਿੱਕਤਾਂ ਦਾ ਬਿਓਰਾ ਦਿੰਦੇ ਹੋਏ ਇਸਰੋ ਪ੍ਰਧਾਨ ਨੇ ਕਿਹਾ ਕਿ ਪੁਲਾੜ ਮਿਸ਼ਨ ਸਚਮੁੱਚ ਬਹੁਤ ਔਖੇ ਹੁੰਦੇ ਹਨ। ਇਸ ਲਈ ਅਸੀਂ ਵੀ ਇਸ ਸਮੱਸਿਆ ਤੋਂ ਬਚ ਨਹੀਂ ਸਕੇ। ਉਨ੍ਹਾਂ ਕਿਹਾ ਕਿ ਪੁਲਾੜ ਦਾਇਰੇ 'ਚ ਸੌ ਕਿਲੋਮੀਟਰ ਅੰਦਰ ਦਾਖਲ ਹੋਣ 'ਤੇ ਥਰਮਲ ਰਨ ਵੇ ਦੇ ਗੇੜ 'ਚ ਪਹੁੰਚ ਗਿਆ। ਉਦੋਂ ਹੋ ਸਕਦਾ ਸੀ ਕਿ ਅਸੀਂ ਇਸ ਨੂੰ ਗੁਆ ਦਿੰਦੇ, ਪਰ ਹੁਣ ਮਿਸ਼ਨ ਇਕ ਅਜਿਹੇ ਗੇੜ 'ਚ ਪਹੁੰਚ ਗਿਆ ਜਿੱਥੋਂ ਇਲੈਕਟਰੋਨਿਕ ਅਤੇ ਊਰਜਾ ਪੂਰਤੀ ਕਰਨ ਵਾਲੇ ਉਪਕਰਨ ਠੀਕ ਤੋਂ ਕੰਮ ਕਰਨਾ ਬੰਦ ਕਰ ਗਏ ਸਨ।