ਸਿੱਧੂ ਹੁਣ ਅਕਾਲੀ ਦਲ 'ਚ ਜਾਣਗੇ ਜਾਂ ਕਾਂਗਰਸ 'ਚ?
ਭਾਜਪਾ ਦੇ ਅੰਦਰੂਨੀ ਕਲੇਸ਼ 'ਤੇ ਟਿਕੀਆਂ ਕਾਂਗਰਸ ਦੇ ਅਕਾਲੀ ਦਲ ਦੀਆਂ ਨਜ਼ਰਾਂ
ਜਲੰਧਰ, 22 ਜੁਲਾਈ -ਭਾਜਪਾ ਦੇ ਐਮਪੀ ਨਵਜੋਤ ਸਿੰਘ ਸਿੱਧੂ ਵਲੋਂ ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਨੂੰ ਲੈ ਕੇ ਪਾਰਟੀ ਹਾਈਕਮਾਂਡ ਨੂੰ ਆਪਣਾ ਅਸਤੀਫ਼ਾ ਦੇਣ ਪਿੱਛੋਂ ਉਨ੍ਹਾਂ ਦੀਆਂ ਨਵੀਆਂ ਸਿਆਸੀ ਪ੍ਰਵਾਜ਼ਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਿਆਸ ਅਰਾਈਆਂ ਅਤੇ ਅਫ਼ਵਾਹਾਂ ਸ਼ੁਰੂ ਹੋ ਗਈਆਂ ਹਨ।
ਭਾਜਪਾ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਵਲੋਂ ਅਜੇ ਤੱਕ ਸਿੱਧੂ ਮਾਮਲੇ ਵਿਚ ਕੋਈ ਵੀ ਕਦਮ ਨਾ ਚੁੱਕੇ ਜਾਣ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਰਜਿੰਦਰ ਭੰਡਾਰੀ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਮਨੋਰੰਜਨ ਕਾਲੀਆ ਨੂੰ ਇਸ ਮਾਮਲੇ ਵਿਚ ਦਿੱਲੀ ਨਾ ਸੱਦੇ ਜਾਣ ਕਾਰਨ ਸਿੱਧੂ ਬਹੁਤ ਨਾਰਾਜ਼ ਹੋ ਗਏ ਹਨ। ਕਿਉਂਕਿ ਸਿੱਧੂ ਵਲੋਂ ਰਜਿੰਦਰ ਮੋਹਨ ਸਿੰਘ ਛੀਨਾ ਨੂੰ ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦਾ ਚੇਅਰਮੈਨ ਲਾਉਣ ਦੇ ਅਗੇਤੇ ਵਿਰੋਧ ਦੇ ਬਾਵਜੂਦ ਪੰਜਾਬ ਭਾਜਪਾ ਹਾਈਕਮਾਂਡ ਦੇ ਇਨ੍ਹਾਂ ਦੋਹਾਂ ਆਗੂਆਂ ਨੇ ਛੀਨਾ ਨੂੰ ਉਨ੍ਹਾਂ ਦਾ ਅਹੁਦਾ ਸੌਂਪ ਦਿੱਤਾ ਸੀ। ਅਜਿਹੀ ਚਰਚਾ ਚੱਲ ਰਹੀ ਹੈ ਕਿ ਸਿੱਧੂ ਭਾਜਪਾ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਸਕਦੇ ਹਨ। ਲੋਕ ਸਭਾ ਚੋਣਾਂ ਵਿਚ ਨਵਜੋਤ ਸਿੱਧੂ ਨੂੰ ਭਾਜਪਾ ਦੀ ਤੁਲਨਾ ਵਿਚ ਅਕਾਲੀ ਦਲ ਵਲੋਂ ਵੱਧ ਸਹਿਯੋਗ ਮਿਲਿਆ ਸੀ। ਔਖੇ ਵੇਲੇ ਦਾ ਇਹੀ ਸਾਥ ਹੀ ਸਿੱਧੂ ਦੇ ਅਕਾਲੀ ਦਲ 'ਚ ਸ਼ਾਮਲ ਹੋਣ ਦੀ ਸਰਗਰਮੀ ਨੂੰ ਬਲ ਦੇ ਸਕਦਾ ਹੈ।
ਸਿਆਸੀ ਹਲਕਿਆਂ ਵਿਚ ਕਿਹਾ ਜਾ ਰਿਹਾ ਹੈ ਕਿ ਜੇਕਰ ਨਵਜੋਤ ਸਿੱਧੂ ਦੀ ਕੇਂਦਰੀ ਲੀਡਰਸ਼ਿਪ ਕੋਲ ਸੁਣਵਾਈ ਨਾ ਹੋਈ ਤਾਂ ਉਸ ਹਾਲਤ ਵਿਚ ਸਿੱਧੂ ਦੇ ਸਾਹਮਣੇ 'ਕਰੋ ਜਾਂ ਮਰੋ' ਵਾਲੀ ਹਾਲਤ ਪੈਦਾ ਹੋ ਜਾਵੇਗੀ। ਅਜਿਹੀ ਹਾਲਤ ਵਿਚ ਉਸ ਕੋਲ ਦੋ ਹੀ ਬਦਲ ਬਾਕੀ ਰਹਿ ਜਾਣਗੇ, ਇਕ ਤਾਂ ਇਹ ਕਿ ਉਹ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਜਾਵੇ ਜਾਂ ਕਾਂਗਰਸ ਵਿਚ ਚਲਾ ਜਾਵੇ।
 ਨਵਜੋਤ ਸਿੱਧੂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਕਿਸੇ ਵੀ ਹਾਲਤ ਵਿਚ ਕਾਂਗਰਸ ਵਿਚ ਸ਼ਾਮਲ ਨਹੀਂ ਹੋਣ ਦੇਵੇਗੀ। ਅਜਿਹੀ ਸਥਿਤੀ ਵਿਚ ਜੇ ਸਿੱਧੂ ਲੋਕ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਸਪੀਕਰ ਨੂੰ ਭੇਜਦੇ ਹਨ ਤਾਂ ਉਨ੍ਹਾਂ ਨੂੰ ਅਕਾਲੀ ਦਲ ਵਿਚ ਲਿਆਉਣ ਲਈ ਪਾਰਟੀ ਕੋਸ਼ਿਸ਼ ਕਰੇਗੀ। ਨਵਜੋਤ ਸਿੱਧੂ ਵਲੋਂ ਹੁਣ ਐਮਪੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਅੰਮ੍ਰਿਤਸਰ ਹਲਕੇ ਤੋਂ ਮੁੜ ਚੋਣ ਕਰਵਾਉਣੀ ਪੈ ਸਕਦੀ ਹੈ, ਹੁਣ ਸਭ ਕੁਝ ਸਿੱਧੂ 'ਤੇ ਹੀ ਨਿਰਭਰ ਕਰਦਾ ਹੈ। ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ 'ਤੇ ਸਿੱਧੂ ਮਾਮਲੇ ਵਿਚ ਭਾਜਪਾ ਦੀ ਕੀ ਪ੍ਰਤੀਕਿਰਿਆ ਹੋਵੇਗੀ, ਇਸ ਬਾਰੇ ਵੀ ਸਿਆਸੀ ਹਲਕਿਆਂ 'ਚ ਰਹੱਸ ਬਣਿਆ ਹੋਇਆ ਹੈ। ਆਉਣ ਵਾਲੇ ਦਿਨਾਂ ਵਿਚ ਪੰਜਾਬ ਦੀ ਸਿਆਸਤ ਨੂੰ ਲੈ ਕੇ ਕਾਫੀ ਰੌਲਾ-ਰੱਪਾ ਪਿਆ ਰਹੇਗਾ।