ਸਪੇਨ 'ਚ ਫਸੇ ਨੌਜਵਾਨ ਦਾ ਮਾਮਲਾ ਸੰਸਦ 'ਚ ਗੂੰਜਿਆ
ਬਿੱਟੂ ਤੇ ਕਰੀਮਪੁਰੀ ਨੇ ਸਰਕਾਰ ਨੂੰ ਦਖ਼ਲ ਦੇਣ ਲਈ ਕਿਹਾ
ਨਵੀਂ ਦਿੱਲੀ, 22 ਜੁਲਾਈ -ਸਪੇਨ 'ਚ ਫਸੇ 5000 ਦੇ ਕਰੀਬ ਭਾਰਤੀਆਂ ਦਾ ਮਾਮਲਾ ਸੰਸਦ 'ਚ ਪੰਜਾਬ ਦੇ ਆਗੂਆਂ ਵਲੋਂ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ। ਸਪੇਨ 'ਚੋਂ ਇਨ੍ਹਾਂ 5 ਹਜ਼ਾਰ ਦੇ ਕਰੀਬ ਨੌਜਵਾਨਾਂ ਨੂੰ ਭਾਰਤ ਵਾਪਸ ਭੇਜਣ ਦਾ ਖ਼ਦਸ਼ਾ ਹੈ। ਸੰਸਦ ਮੈਂਬਰਾਂ ਨੇ ਇਨ੍ਹਾਂ ਦੀ ਭਾਰਤ ਵਾਪਸੀ ਰੋਕਣ ਲਈ ਛੇਤੀ ਦਖ਼ਲ ਦੇਣ ਲਈ ਕਿਹਾ। ਜ਼ਿਕਰਯੋਗ ਹੈ ਕਿ ਇਨ੍ਹਾਂ ਨੌਜਵਾਨਾਂ 'ਚ ਬਹੁਤੇ ਪੰਜਾਬੀ ਹਨ।
ਲੋਕ ਸਭਾ 'ਚ ਸਿਫ਼ਰ ਕਾਲ ਦੌਰਾਨ ਇਹ ਮੁੱਦਾ ਉਠਾਉਂਦਿਆਂ ਕਾਂਗਰਸ ਦੇ ਐਮਪੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਨੌਜਵਾਨਾਂ ਨੂੰ ਪੁਲਿਸ ਕਲੀਅਰੈਂਸ ਸਰਟੀਫ਼ਿਕੇਟ ਦੇਣ ਲਈ ਸਰਕਾਰ ਛੇਤੀ ਕਾਰਵਾਈ ਕਰੇ। ਉਨ੍ਹਾਂ ਕਿਹਾ ਕਿ ਸਪੇਨ 'ਚ ਫ਼ਸੇ ਇਨ੍ਹਾਂ ਮੁੰਡਿਆਂ 'ਚੋਂ ਬਹੁਤੇ ਪੰਜਾਬੀ ਹਨ। ਸਪੇਨ ਦੀ ਸਰਕਾਰ ਇਨ੍ਹਾਂ ਨੂੰ ਉਥੋਂ ਸਿਰਫ਼ ਇਸੇ ਕਰਕੇ ਵਾਪਸ ਭੇਜ ਰਹੀ ਹੈ ਕਿ ਉਨ੍ਹਾਂ ਨੂੰ ਭਾਰਤ ਤੋਂ ਪੁਲਿਸ ਕਲੀਅਰੈਂਸ ਦਾ ਸਰਟੀਫ਼ਿਕੇਟ ਨਹੀਂ ਮਿਲਿਆ।
ਰਾਜ ਸਭਾ 'ਚ ਇਹ ਮਾਮਲਾ ਉਠਾਉਂਦਿਆਂ ਬਸਪਾ ਦੇ ਅਵਤਾਰ ਸਿੰਘ ਕਰੀਮਪੁਰੀ ਨੇ ਦੱਸਿਆ ਕਿ ਇਹ ਸਰਟੀਫ਼ਿਕੇਟ ਮੁੰਡਿਆਂ ਦੇ ਸਥਾਈ ਆਵਾਸ ਲਈ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਉਥੇ ਫਸੇ ਇਨ੍ਹਾਂ ਨੌਜਵਾਨਾਂ ਨੂੰ ਮੈਡਰਿਡ 'ਚ ਭਾਰਤੀ ਸਫ਼ਾਰਤਖਾਨੇ ਅੱਗੇ ਭੁੱਖ ਹੜਤਾਲ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਇਹ ਭਾਰਤੀ ਨੌਜਵਾਨ ਉਥੇ ਹੋਟਲ ਸਨਅਤ, ਖੇਤਾਂ ਤੇ ਸੂਰ ਫਾਰਮਾਂ 'ਚ ਕੰਮ ਕਰਕੇ ਰੋਟੀ-ਰੋਜ਼ੀ ਕਮਾ ਰਹੇ ਹਨ। ਸ੍ਰੀ ਕਰੀਮਪੁਰੀ ਨੇ ਕਿਹਾ ਕਿ ਇਮੀਗਰੇਸ਼ਨ ਨਿਯਮਾਂ 'ਚ ਤਬਦੀਲੀ ਕਾਰਨ ਇਨ੍ਹਾਂ ਭਾਰਤੀ ਨੌਜਵਾਨਾਂ ਨੂੰ ਦਿੱਕਤਾਂ ਪੇਸ਼ ਆ ਰਹੀਆਂ ਹਨ। ਇਸ ਕਰਕੇ ਸਰਕਾਰ ਇਨ੍ਹਾਂ ਦੀ ਸਪੇਨ 'ਚ ਛੇਤੀ ਮਦਦ ਕਰੇ।