ਮਸਤੂਆਣਾ ਵਿਵਾਦ : ਸਿੰਘ ਸਾਹਿਬਾਨ ਵਲੋਂ ਸਿਹੋੜਾ ਨੂੰ ਕਲੀਨ ਚਿੱਟ
ਅੰਮ੍ਰਿਤਸਰ, 22 ਜੁਲਾਈ -ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ 'ਤੇ ਪੰਜ ਸਿੰਘ ਸਾਹਿਬਾਨ ਦੀ ਹੋਈ ਮੀਟਿੰਗ ਵਿਚ ਗੁਰਦੁਆਰਾ ਮਸਤੂਆਣਾ ਵਿਵਾਦ ਦੇ ਸਬੰਧ 'ਚ ਸਪੱਸ਼ਟੀਕਰਨ ਦੇਣ ਲਈ ਸੱਦੇ ਗਏ ਬਲਵੰਤ ਸਿੰਘ ਸਿਹੋੜੇ ਵਾਲੇ ਨੂੰ ਕਲੀਨ ਚਿੱਟ ਦੇ ਦਿੱਤੀ ਗਈ। ਇਸਦੇ ਨਾਲ ਹੀ ਉਸਦੇ ਜਿਹੜੇ ਸਮਰਥਕਾਂ ਨੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਰਜ਼ 'ਤੇ ਬਣਨ ਵਾਲੇ ਗੁਰਦੁਆਰੇ ਦੀ ਇਮਾਰਤ ਦੀ ਕਾਰ-ਸੇਵਾ ਲਈ ਵਿਸ਼ੇਸ਼ ਭੂਮਿਕਾ ਨਿਭਾਈ ਸੀ, ਉਨ੍ਹਾਂ ਨੂੰ ਪੰਜ-ਪੰਜ ਜਪੁਜੀ ਸਾਹਿਬ ਦੇ ਪਾਠ ਰੋਜ਼ਾਨਾ ਕਰਨ ਦੀ ਤਨਖਾਹ ਲਗਾਈ ਗਈ ਹੈ। ਤਕਰੀਬਨ ਪੰਜ ਘੰਟੇ ਚੱਲੀ ਮੀਟਿੰਗ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਸ਼ਾਮਲ ਸਨ। ਮੀਟਿੰਗ ਵਿਚ ਵਿਚਾਰੇ ਗਏ ਹੋਰਨਾਂ ਮਾਮਲਿਆਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਮੈਰਿਜ ਪੈਲਿਸਾਂ 'ਚ ਲਿਜਾਉਣ ਦੀਆਂ  ਘਟਨਾਵਾਂ ਦਾ ਸਖ਼ਤ ਨੋਟਿਸ ਲਿਆ ਗਿਆ ਅਤੇ ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਪਾਲਣਾ ਦਾ ਆਦੇਸ਼ ਦਿੱਤਾ ਗਿਆ। ਭੂਮੀ ਮਾਫੀਆ ਵਲੋਂ ਨਾਜਾਇਜ਼ ਕਬਜ਼ਿਆਂ ਲਈ ਨਿਸ਼ਾਨ ਸਾਹਿਬ ਦੀ ਵਰਤੋਂ ਕਰਨ ਦਾ ਵੀ ਨੋਟਿਸ ਲੈਂਦਿਆਂ ਅਜਿਹਾ ਕਰਨ ਵਾਲੇ ਲੋਕਾਂ ਨੂੰ ਸਖ਼ਤ ਤਾੜਨਾ ਕੀਤੀ ਗਈ। ਅੰਗਹੀਣ ਵਿਅਕਤੀਆਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠਣ ਲਈ ਕੁਰਸੀਆਂ ਦੀ ਵਰਤੋਂ 'ਤੇ ਮਨਾਹੀ ਦੇ ਆਦੇਸ਼ ਦਿੱਤੇ ਗਏ ਅਤੇ ਫਿਨਲੈਂਡ ਦੇ ਕੁਝ ਸਿੱਖਾਂ ਵਲੋਂ ਅਰਦਾਸ 'ਚ ਫੇਰਬਦਲ ਕਰਨ ਦੇ ਮਾਮਲੇ ਨੂੰ ਵੀ ਵਿਚਾਰਿਆ ਗਿਆ। ਸਮੁੱਚੀ ਸਿੱਖ ਸੰਗਤ ਨੂੰ ਆਦੇਸ਼ ਦਿੱਤਾ ਗਿਆ ਕਿ ਉਹ ਅਰਦਾਸ ਵਿਚ ਕਿਸੇ ਤਰ੍ਹਾਂ ਦੀ ਤਬਦੀਲੀ ਨਾ ਕਰੇ ਅਤੇ ਨਾ ਹੀ ਇਸਨੂੰ ਪ੍ਰਵਾਨ ਕੀਤਾ ਜਾਵੇ। ਉਨ੍ਹਾਂ ਅਰਦਾਸ 'ਚ ਤਬਦੀਲੀ ਕਰਨ ਵਾਲਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰਨ ਦਾ ਫ਼ੈਸਲਾ ਵੀ ਕੀਤਾ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਬਲਵੰਤ ਸਿੰਘ ਸਿਹੋੜਾ ਆਪਣੇ ਪੰਜ ਸਾਥੀਆਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਏ ਅਤੇ ਉਨ੍ਹਾਂ ਗੁਰਦੁਆਰਾ ਮਸਤੂਆਣਾ ਵਿਵਾਦ ਸਬੰਧੀ ਲੱਗੇ ਦੋਸ਼ਾਂ ਦਾ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੁਝ ਸ਼ਰਧਾਲੂਆਂ ਵਲੋਂ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਉਸਾਰੀ ਅਧੀਨ ਵਿਵਾਦਗ੍ਰਸਤ ਇਮਾਰਤ ਸਬੰਧੀ ਉਨ੍ਹਾਂ ਤੋਂ ਇਜਾਜ਼ਤ ਲਏ ਬਿਨ੍ਹਾਂ ਕਾਰ-ਸੇਵਾ ਆਰੰਭੀ ਸੀ, ਜਿਸ ਕਰਕੇ ਉਨ੍ਹਾਂ ਨੂੰ ਰੋਜ਼ਾਨਾ ਪੰਜ-ਪੰਜ ਜਪੁਜੀ ਸਾਹਿਬ ਦੇ ਪਾਠ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜ ਸਿੰਘ ਸਾਹਿਬਾਨ ਵਲੋਂ ਇਹ ਫ਼ੈਸਲਾ ਕੀਤਾ ਗਿਆ ਕਿ ਜਿਨ੍ਹਾਂ ਗ੍ਰੰਥੀ ਸਿੰਘਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਮੈਰਿਜ ਪੈਲੇਸਾਂ ਵਿਚ ਲਿਜਾਉਣ ਦੀ ਕੋਤਾਹੀ ਕੀਤੀ ਗਈ ਹੈ, ਉਨ੍ਹਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।
ਸਿੰਘ ਸਾਹਿਬਾਨ ਨੇ ਨਾਲ ਹੀ ਕੌਮ ਨੂੰ ਆਦੇਸ਼ ਵੀ ਜਾਰੀ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਉਨ੍ਹਾਂ ਸਥਾਨਾਂ 'ਤੇ ਨਾ ਲਿਜਾਇਆ ਜਾਵੇ ਜਿਥੇ ਪੰਥਕ ਮਰਿਆਦਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੇ ਅਨੁਕੂਲ ਮਾਹੌਲ ਨਾ ਹੋਵੇ। ਇਸ ਮੌਕੇ ਇਕ ਸਵਾਲ ਦੇ ਜੁਆਬ 'ਚ ਸਿੰਘ ਸਾਹਿਬਾਨ ਨੇ ਇਹ ਵੀ ਦੱਸਿਆ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵਿਚਾਲੇ ਜੋ ਮਤਭੇਦ ਸਨ, ਉਹ ਦੂਰ ਹੋ ਗਏ ਹਨ।