ਨਕਸਲੀਆਂ ਵਲੋਂ ਪ੍ਰਧਾਨ ਮੰਤਰੀ ਤੇ ਸੋਨੀਆ ਨੂੰ ਜਾਨੋਂ ਮਾਰਨ ਦੀ ਧਮਕੀ
ਰਾਂਚੀ, 22 ਜੁਲਾਈ -ਇਕ ਮਹੀਨਾ ਪਹਿਲਾਂ ਭਾਰਤ ਸਰਕਾਰ ਵਲੋਂ ਦਹਿਸ਼ਤਗਰਦ ਕਰਾਰ ਦਿੱਤੀ ਗਈ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਯੂਪੀਏ ਚੇਅਰਪਰਸਨ ਸ੍ਰੀਮਤੀ ਸੋਨੀਆ ਗਾਂਧੀ ਅਤੇ ਗ੍ਰਹਿ ਮੰਤਰੀ ਪੀ. ਚਿਦੰਬਰਮ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਆਪਣੀ ਧਮਕੀ 'ਚ ਨਕਸਲੀ ਸੰਗਠਨ ਨੇ ਧਮਕੀ ਦਿੱਤੀ ਕਿ ਉਕਤ ਤਿੰਨੋਂ ਨੇਤਾਵਾਂ ਦੇ ਝਾਰਖੰਡ ਆਉਣ 'ਤੇ ਇਨ੍ਹਾਂ ਦੀ ਹੱਤਿਆ ਕਰ ਦਿੱਤੀ ਜਾਵੇਗੀ।
ਭਾਰਤ ਸਰਕਾਰ ਵਲੋਂ ਪਾਬੰਦੀਸ਼ੁਦਾ ਐਲਾਨੀ ਗਈ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਨੇ ਇਕ ਪ੍ਰੈਸ ਬਿਆਨ ਰਾਹੀਂ ਕਿਹਾ ਕਿ, ''ਕੇਂਦਰੀ ਗ੍ਰਹਿ ਮੰਤਰੀ ਕਹਿੰਦੇ ਹਨ ਕਿ ਸਰਕਾਰ ਦੇਸ਼ 'ਚ ਨਕਸਲਵਾਦ ਨੂੰ ਜੜੋਂ ਖਤਮ ਕਰ ਦੇਵੇਗੀ। ਉਨ੍ਹਾਂ ਦਾ ਬਿਆਨ ਇਕ ਸੁਪਨਾ ਬਣ ਕੇ ਰਹਿ ਜਾਵੇਗਾ। ਨਕਸਲੀ ਲਹਿਰ ਨੂੰ ਖਤਮ ਕਰਨਾ ਸੰਭਵ ਨਹੀਂ ਹੈ।'' ਨਕਸਲਵਾਦੀ ਜਥੇਬੰਦੀ ਨੇ ਨਾਲ ਹੀ ਧਮਕੀ ਦਿੱਤੀ ਹੈ ਕਿ, ''ਜੇਕਰ ਚਿਦੰਬਰਮ 'ਚ ਹਿੰਮਤ ਹੈ ਤਾਂ ਉਹ ਝਾਰਖੰਡ ਆ ਕੇ ਦੱਸਣ।'' ਇਸੇ ਪ੍ਰੈਸ ਬਿਆਨ 'ਚ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਨੂੰ ਵੀ ਧਮਕੀ ਦਿੱਤੀ ਗਈ ਹੈ। ਝਾਰਖੰਡ 'ਚ ਭਾਕਪਾ-ਮਾਓਵਾਦੀ ਦੀ ਕੇਂਦਰੀ ਕਮੇਟੀ ਮੈਂਬਰ ਅਨੂਪਜੀ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਦਾ ਭਵਿੱਖ ਵੀ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵਾਲਾ ਹੀ ਹੋਵੇਗਾ। ਬਿਆਨ 'ਚ ਸੂਬੇ ਦੀ ਕਾਂਗਰਸੀ ਲੀਡਰਸ਼ਿਪ ਨੂੰ ਵੀ ਚਿਤਾਵਨੀ ਦਿੱਤੀ ਹੈ ਕਿ ਜਾਂ ਤਾਂ ਉਹ ਪਾਰਟੀ ਛੱਡ ਦੇਣ ਜਾਂ ਫ਼ਿਰ ਨਤੀਜੇ ਭੁਗਤਣ ਲਈ ਤਿਆਰ ਰਹਿਣ।