ਹੁਣ ਸਰਹੱਦਾਂ ਦੀ ਰਾਖੀ ਕਰਨਗੀਆਂ ਔਰਤਾਂ
ਅਟਾਰੀ, 22 ਜੁਲਾਈ- ਬੀ. ਐੱਸ. ਐੱਫ. ਜਲਦੀ ਹੀ ਪੰਜਾਬ ਵਿਚ ਪਾਕਿਸਤਾਨ ਨਾਲ ਲੱਗਦੀ 533 ਕਿਲੋਮੀਟਰ ਲੰਬੀ ਸਰਹੱਦ 'ਤੇ ਮਹਿਲਾ ਜਵਾਨਾਂ ਨੂੰ ਤਾਇਨਾਤ ਕਰੇਗੀੇ।  ਬੀ. ਐਸ. ਐਫ. ਦੇ ਅਧਿਕਾਰੀਆਂ ਨੇ ਇਥੇ ਦੱਸਿਆ ਕਿ 180 ਮੁਟਿਆਰਾਂ ਨੂੰ ਇਸ ਸਬੰਧੀ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਪੰਜਾਬ ਵਿਚ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ 'ਤੇ ਤਾਇਨਾਤ ਕੀਤਾ ਜਾਵੇਗਾ। ਕੁਝ ਔਰਤਾਂ ਨੂੰ ਬਾਅਦ ਵਿਚ ਭਾਰਤ-ਬੰਗਲਾਦੇਸ਼ ਸਰਹੱਦ 'ਤੇ ਵੀ ਤਾਇਨਾਤ ਕੀਤਾ ਜਾਵੇਗਾ। ਔਰਤਾਂ ਨੂੰ ਸਭ ਸਰਹੱਦੀ ਚੌਕੀਆਂ 'ਤੇ ਤਾਇਨਾਤ ਕਰਨ ਲਈ ਬੀ. ਐਸ. ਐਫ. ਅਧਿਕਾਰੀ ਉਨ੍ਹਾਂ ਲਈ ਵੱਖਰੇ ਮਕਾਨ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰ ਰਹੇ ਹਨ। ਗ੍ਰਹਿ ਮੰਤਰੀ ਸ੍ਰੀ ਪੀ. ਚਿਦਾਂਬਰਮ ਇਸ ਹਫ਼ਤੇ ਔਰਤਾਂ ਦੀ ਪਹਿਲੀ ਪਾਸਿੰਗ ਆਊਟ ਪਰੇਡ ਤੋਂ ਸਲਾਮੀ ਲੈਣਗੇ।
 ਇਸ ਵਿਚ ਪੱਛਮੀ ਬੰਗਾਲ ਦੀਆਂ 45 ਔਰਤਾਂ ਹੋਣਗੀਆਂ ਜਦੋਂਕਿ ਬਾਕੀ ਦੀਆਂ ਪੰਜਾਬ ਦੀਆਂ ਹਨ। ਔਰਤਾਂ ਦੀ ਨਿਯੁਕਤੀ ਨਾਲ ਸਭ ਤੋਂ ਵੱਧ ਖੁਸ਼ੀ ਸਰਹੱਦੀ ਪਿੰਡਾਂ ਦੇ ਲੋੇਕਾਂ ਨੂੰ ਹੋਵੇਗੀ। ਜੋ ਆਪਣੇ ਖੇਤਾਂ ਵਿਚ ਕੰਮ ਕਰਨ ਲਈ ਕੰਡਿਆਲੀ ਵਾੜ ਦੇ ਪਾਰ ਜਾਂਦੇ ਹਨ। ਇਹ ਵਾੜ ਕੌਮਾਂਤਰੀ ਸਰਹੱਦ ਤੋਂ 500 ਮੀਟਰ ਤੋਂ ਇਕ ਕਿਲੋਮੀਟਰ ਅੰਦਰ ਹੈ। ਖਾਨਗੜ੍ਹ ਸਰਹੱਦੀ ਚੌਕੀ ਨੇੜੇ ਰਹਿਣ ਵਾਲੇ ਇਕ ਕਿਸਾਨ ਗੁਰਦੇਵ ਸਿੰਘ ਨੇ ਅਨਸ ਨੂੰ ਕਿਹਾ ਕਿ ਇਸ ਨਾਲ ਸਾਨੂੰ ਬਹੁਤ ਆਸਾਨੀ ਹੋਵੇਗੀ।
 ਕੰਡਿਆਲੀ ਵਾੜ ਦੇ ਪਾਰ ਆਪਣੇ ਖੇਤਾਂ ਵਿਚ ਕੰਮ ਕਰਨ ਲਈ ਜਾਣਾ ਬਹੁਤ ਔਖਾ ਹੈ। ਔਰਤਾਂ ਲਈ ਤਾਂ ਵੱਡੀ ਮੁਸ਼ਕਲ ਹੈ। ਮਹਿਲਾ ਬੀ. ਐਸ. ਐਫ. ਮੁਲਾਜ਼ਮਾਂ ਦੀ ਹਾਜ਼ਰੀ ਵਿਚ ਖੇਤ ਵਿਚ ਕੰਮ ਕਰਨ ਵਾਲੀਆਂ ਔਰਤਾਂ ਅੰਦਰ ਭਰੋਸੇ ਦੀ ਭਾਵਨਾ ਹੋਵੇਗੀ। ਅੱਜਕਲ ਕਿਸਾਨਾਂ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਕੰਡਿਆਲੀ ਵਾੜ ਦੇ ਪਾਰ ਆਪਣੇ ਖੇਤਾਂ ਵਿਚ ਕੰਮ ਕਰਨ ਲਈ ਜਾਣ ਦੀ ਆਗਿਆ ਹੈ ਪਰ ਇਸ ਲਈ ਉਨ੍ਹਾਂ ਨੂੰ ਆਉਣ-ਜਾਣ ਸਮੇਂ ਭਾਰੀ ਤਲਾਸ਼ੀ ਦੇਣੀ ਪੈਂਦੀ ਹੈ।