ਬਰਤਾਨੀਆ ਦੇ 300 ਬੋਗਸ ਕਾਲਜ ਬੰਦ

* 2400 ਕਾਲਜ ਨਹੀਂ ਬੁਲਾ ਸਕਣਗੇ ਵਿਦੇਸ਼ੀ ਵਿਦਿਆਰਥੀ * ਬਿਨਾਂ ਆਈਲੈਟਸ ਤੋਂ ਵਿਦਿਆਰਥੀਆਂ ਨੂੰ ਭੇਜਣ ਵਾਲੇ ਟਰੈਵਲ ਏਜੰਟਾਂ ਨੂੰ ਲੱਗਾ ਝਟਕਾ!
ਜਲੰਧਰ,  22 ਜੁਲਾਈ-  ਸੂਬੇ ਵਿਚ ਆਈਲੈਟਸ ਸਕੈਂਡਲ ਦਾ ਭਾਂਡਾ ਭੱਜਣ ਪਿੱਛੋਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਆਧਾਰ 'ਤੇ ਬਰਤਾਨੀਆ ਭੇਜਣ ਵਾਲੇ ਜਾਅਲੀ ਟਰੈਵਲ ਏਜੰਟਾਂ ਨੂੰ ਇਕ ਹੋਰ ਝਟਕਾ ਲੱਗਾ ਹੈ। ਬਰਤਾਨੀਆ ਦੇ ਗ੍ਰਹਿ ਮਾਮਲਿਆਂ ਬਾਰੇ ਕਮੇਟੀ ਵੱਲੋਂ ਪੜ੍ਹਾਈ ਦੇ ਬਹਾਨੇ ਏਸ਼ੀਆਈ ਲੋਕਾਂ ਨੂੰ ਧੋਖੇ ਨਾਲ ਬਰਤਾਨੀਆ ਸੱਦਣ ਵਾਲੇ ਲਗਭਗ 300 ਕਾਲਜਾਂ ਦੀ ਮਾਨਤਾ ਨੂੰ ਰੱਦ ਕਰ ਦਿੱਤਾ ਹੈ।
 ਇਸ ਸਬੰਧੀ ਪ੍ਰਗਟਾਵਾ ਬਰਤਾਨੀਆ ਦੇ ਇਕ ਨਿਊਜ਼ ਚੈਨਲ ਵੱਲੋਂ ਦੇਸ਼ ਦੇ ਗ੍ਰਹਿ ਮਾਮਲਿਆਂ ਬਾਰੇ ਬਣੀ ਕਮੇਟੀ ਦੀ ਰਿਪੋਰਟ ਦੇ ਆਧਾਰ 'ਤੇ ਕੀਤਾ ਹੈ। ਏਨਾ ਹੀ ਨਹੀਂ, ਬਰਤਾਨੀਆ ਆਉਣ ਵਾਲੇ ਵਿਦਿਆਰਥੀਆਂ ਲਈ ਹੁਣ ਹੋਰ ਸਖ਼ਤੀ ਕਰਦਿਆਂ ਵਿਦੇਸ਼ਾਂ ਵਿਚ ਵਿਦਿਆਰਥੀ ਦਾਖ਼ਲ ਕਰਵਾਉਣ ਵਾਲੇ ਲਗਭਗ 2400 ਕਾਲਜਾਂ ਦੀ ਮਾਨਤਾ ਵੀ ਵਾਪਸ ਲੈ ਲਈ ਹੈ। ਮੰਨਿਆ ਜਾਂਦਾ ਹੈ ਕਿ ਜਿਹੜੇ 300 ਬੋਗਸ ਕਾਲਜ ਬੰਦ ਹੋਏ ਹਨ ਉਨ੍ਹਾਂ ਵਿਚ ਇਨ੍ਹਾਂ ਆਈਲੈਟਸ ਦੇ ਵਿਦਿਆਰਥੀਆਂ ਨੂੰ ਦਾਖ਼ਲ ਨਹੀਂ ਕੀਤਾ ਜਾ ਰਿਹਾ ਸੀ।
 

ਬਰਤਾਨੀਆ ਸਰਕਾਰ ਵੱਲੋਂ ਅਚਾਨਕ ਲਏ ਗਏ ਇਸ ਫੈਸਲੇ ਪਿੱਛੋਂ ਪੰਜਾਬ ਵਿਚ ਭੜਥੂ ਮਚਣ ਦੀ ਸੰਭਾਵਨਾ ਹੈ ਕਿਉਂਕਿ ਬਿਨਾਂ ਆਈਲੈਟਸ ਦੇ ਬਰਤਾਨੀਆ ਜਾਣ ਵਾਲੇ ਲੋਕਾਂ ਦੀ ਗਿਣਤੀ ਹਜ਼ਾਰਾਂ ਵਿਚ ਹੈ ਅਤੇ ਉਹ ਲੱਖਾਂ ਰੁਪਏ ਦੀ ਫ਼ੀਸ ਜਮ੍ਹਾਂ ਕਰਵਾ ਚੁੱਕੇ ਹਨ।
 ਇਥੇ ਇਹ ਗੱਲ ਦੱਸਣਯੋਗ ਹੈ ਕਿ ਬੀਤੇ ਦਿਨੀਂ ਆਈਲੈਟਸ ਟੈਸਟ ਵਿਚ ਧੋਖੇਬਾਜ਼ੀ ਦਾ ਖੁਲਾਸਾ ਹੋਣ ਤੋਂ ਬਾਅਦ ਟਰੈਵਲ ਕਾਰੋਬਾਰ ਨਾਲ ਜੁੜੇ ਹੋਏ ਲੋਕਾਂ ਨੇ ਬਰਤਾਨੀਆ ਜਾਣ ਦੇ ਨਿਸਮਾਂ ਦਾ ਲਾਭ ਉਠਾਉਂਦਿਆਂ ਬਿਨਾ ਆਈਲੈਟਸ ਦੇ ਹੀ ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦਾ ਧੰਦਾ ਸ਼ੁਰੂ ਕਰ ਦਿੱਤਾ ਸੀ। ਇਸ ਵੱਡੇ ਘਾਲੇਮਾਲੇ ਦਾ ਖੁਲਾਸਾ ਮੰਗਲਵਾਰ ਨੂੰ ਉਦੋਂ ਹੋਇਆ ਜਦੋਂ ਉਕਤ ਨਿਊਜ਼ ਚੈਨਲ ਨੂੰ 300 ਬੋਗਸ ਕਾਲਜਾਂ ਦੇ ਬੰਦ ਹੋਣ ਦੀ ਗੱਲ ਕਹੀ।
 ਖ਼ਬਰਾਂ ਮੁਤਾਬਕ 80 ਫ਼ੀਸਦੀ ਹੋਰ ਕਾਲਜਾਂ ਨੂੰ ਵੀ ਤਸਦੀਕ ਕਰਨ ਦੇ ਨੋਟਿਸ ਜਾਰੀ ਕੀਤੇ ਗਏ ਹਨ। ਚੈਨਲ ਦੀਆਂ ਖ਼ਬਰਾਂ ਮੁਤਾਬਕ ਏਸ਼ੀਆਈ ਲੋਕ ਧੋਖੇ ਨਾਲ ਵੀਜ਼ਾ ਲੈ ਕੇ ਬਰਤਾਨੀਆ ਵਿਚ ਪੜ੍ਹਨ ਲਈ ਨਹੀਂ ਸਗੋਂ ਕੰਮ ਕਰਨ ਲਈ ਆਉਂਦੇ ਹਨ। ਹੁਣ ਸਿਰਫ਼ 1600 ਕਾਲਜ ਹੀ ਵਿਦੇਸ਼ਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਬੁਲਾ ਸਕਦੇ ਹਨ। ਮੰਨਿਆ ਜਾਂਦਾ ਹੈ ਕਿ ਬਰਤਾਨੀਆ ਵਿਚ ਜਿਹੜੇ ਕਾਲਜ ਬੰਦ ਹੋਏ ਹਨ ਜਾਂ ਬੰਦ ਹੋਣ ਵਾਲੇ ਹਨ, ਇਹ ਉਹੀ ਕਾਲਜ ਹਨ ਜਿਨ੍ਹਾਂ ਵਿਚ ਆਈਲੈਟਸ ਦੇ ਹੀ ਵਿਦਿਆਰਕੀਆਂ ਨੂੰ ਦਾਖ਼ਲ ਕੀਤਾ ਜਾ ਰਿਹਾ ਸੀ। ਬੰਦ ਹੋ ਚੁੱਕੇ ਕਾਲਜਾਂ ਵਿਚ ਫ਼ੀਸਾਂ ਵਜੋਂ ਜਮ੍ਹਾਂ ਲੱਖਾਂ ਰੁਪਏ ਡੁੱਬ ਜਾਣ ਦਾ ਡਰ ਬਣ ਗਿਆ ਹੈ।