ਸਦੀ ਦਾ ਸਭ ਤੋਂ ਲੰਬਾ ਸੂਰਜ ਗ੍ਰਹਿਣ

ਸਦੀ ਦੇ ਸਭ ਤੋਂ ਲੰਬੇ ਸੂਰਜ ਗ੍ਰਹਿਣ ਦੀਆਂ ਭਾਰਤ, ਚੀਨ, ਬੰਗਲਾਦੇਸ਼ ਵੀਅਤਨਾਮ ਅਤੇ ਦੱਖਣੀ ਕੋਰੀਆ ਵਿਚ ਖਿੱਚੀਆਂ ਤਸਵੀਰਾਂ ਦੀ ਇਕ ਝਲਕ

ਨਵੀਂ ਦਿੱਲੀ, 22 ਜੁਲਾਈ : ਏਸ਼ੀਆ ਦੇ ਅਨੇਕਾਂ ਦੇਸ਼ਾਂ 'ਚ ਲੱਖਾਂ ਲੋਕਾਂ ਨੇ 21ਵੀਂ ਸਦੀ ਦਾ ਸਭ ਤੋਂ ਲੰਬਾ ਅਤੇ ਅਨੋਖਾ ਸੂਰਜ ਗ੍ਰਹਿਣ ਦੇਖਿਆ ਇਹ ਗ੍ਰਹਿਣ ਸਭ ਤੋਂ ਪਹਿਲਾਂ ਭਾਰਤ ਵਿਚ ਲੋਕਾਂ ਦੀ ਨਜ਼ਰੀਂ ਪਿਆ ਅਤੇ ਫਿਰ ਚੀਨ 'ਚ ਹੁੰਦੇ ਹੋਏ ਦੂਜੇ ਏਸ਼ੀਆਈ ਦੇਸ਼ਾਂ ਵਿਚ ਦੇਖਿਆ ਗਿਆ। ਜਿਵੇਂ ਜਿਵੇਂ ਚੰਦਰਮਾ ਦਾ ਪਰਛਾਵਾਂ ਸੂਰਜ 'ਤੇ ਪੈਂਦਾ ਗਿਆ ਉਵੇਂ ਹੀ ਸੂਰਜ ਗ੍ਰਹਿਣ ਵੱਧਦਾ ਗਿਆ। ਅਨੇਕਾਂ ਥਾਵਾਂ 'ਤੇ ਸਾਢੇ ਛੇ ਮਿੰਟ ਤੱਕ ਪੂਰੀ ਤਰ੍ਹਾਂ ਹਨੇਰਾ ਪੈ ਗਿਆ,ਪਰ ਕਈ ਥਾਵਾਂ 'ਤੇ ਥੋੜ੍ਹਾ ਜਿਹਾ ਹੀ ਸੂਰਜ ਗ੍ਰਹਿਣ ਵੇਖਣ ਨੂੰ ਮਿਲਿਆ ਵਿਗਿਆਨੀਆਂ ਦਾ ਮੰਨਣਾ ਹੈ ਕਿ ਹੁਣ ਕਈ ਦਹਾਕਿਆਂ ਤੋਂ ਬਾਅਦ ਹੀ ਏਨਾ ਲੰਬਾ ਸੂਰਜ ਗ੍ਰਹਿਣ ਵੇਖਣ ਨੂੰ ਮਿਲੇਗਾ। ਸੂਰਜ ਗ੍ਰਹਿਣ ਨੂੰ ਦੇਖਣ ਲਈ ਵੱਖੋ ਵੱਖਰੇ ਦੇਸ਼ਾਂ 'ਚ ਲੋਕਾਂ ਵਿਚ  ਭਾਰੀ ਉਤਸ਼ਾਹ ਦਿਖਿਆ ਅਤੇ ਲੋਕਾਂ ਨੇ ਵਿਸ਼ੇਸ਼ ਤਰ੍ਹਾਂ ਦੀਆਂ ਐਨਕਾਂ ਅਤੇ ਹੋਰਨਾਂ ਉਪਕਰਨਾਂ ਰਾਹੀਂ ਸੂਰਜ ਗ੍ਰਹਿਣ ਦਾ ਵਿਲੱਖਣ ਨਜ਼ਾਰ ਦੇਖਿਆ। ਭਾਰਤ ਵਿਚ ਅੱਜ ਸਵੇਰੇ ਕਈ

 ਇਲਾਕਿਆਂ ਵਿਚ ਪੂਰਾ ਜਾਂ ਫਿਰ ਮਾਮੂਲੀ ਜਿਹਾ ਸੂਰਜ ਗ੍ਰਹਿਣ ਦੇਖਿਆ ਗਿਆ। ਭਾਰਤੀ ਸਮੇਂ ਅਨੁਸਾਰ ਸੂਰਜ ਗ੍ਰਹਿਣ ਸਵੇਰੇ ਲਗਭਗ 6.25 ਵਜੇ ਸ਼ੁਰੂ ਹੋਇਆ। ਅੰਕੜਿਆਂ ਅਨੁਸਾਰ ਹੁਣ ਅਜਿਹਾ ਲੰਬਾ ਸੂਰਜ ਗ੍ਰਹਿਣ 123 ਸਾਲਾਂ ਬਾਅਦ ਨਜ਼ਰ ਆਵੇਗਾ। ਭਾਰਤ ਵਿਚ ਜਿੱਥੇ ਬੱਦਲਾਂ ਅਤੇ ਬਾਰਿਸ਼ ਕਾਰਨ ਕਈ ਥਾਵਾਂ 'ਤੇ ਸੂਰਜ ਗ੍ਰਹਿਣ ਸਾਫ ਨਹੀਂ ਦਿਖਿਆ ਉਥੇ ਚੀਨ ਅਤੇ ਜਪਾਨ ਦੇ ਕੁਝ ਸ਼ਹਿਰਾਂ 'ਚ ਇਸ ਨੂੰ ਪੂਰਾ ਅਤੇ ਬਿਲਕੁਲ ਸਾਫ ਦੇਖਣ ਨਾਲ ਉਥੋਂ ਦੇ ਲੋਕ ਖੁਸ਼ੀ ਨਾਲ ਝੂਮ ਉਠੇ। ਭਾਰਤ ਵਿਚ ਆਗਰਾ, ਇਲਾਹਾਬਾਦ, ਕੁਰੂਕਸ਼ੇਤਰ, ਵਾਰਾਨਸੀ, ਪੂਰਨਿਆ, ਗੋਹਾਟੀ ਅਤੇ ਕਈ ਪ੍ਰਮੁੱਖ ਸ਼ਹਿਰਾਂ ਦੇ ਲੋਕਾਂ ਨੇ ਸੂਰਜ ਗ੍ਰਹਿਣ ਦੀ ਝਲਕ ਦੇਖੀ। ਭਾਰਤ ਵਿਚ ਇਸ ਨੂੰ ਦੇਖਣ ਲਈ ਸਭ ਤੋਂ ਵਧੀਆ ਥਾਂ ਪਟਨਾ ਨੇੜੇ ਤਰੇਗਨਾ ਪਿੰਡ ਦੱਸੀ ਗਈ ਸੀ ਜਿੱਥੇ ਸੂਰਜ ਗ੍ਰਹਿਣ 3ਮਿੰਟ 48 ਸੈਕਿੰਡ ਲਈ ਨਜ਼ਰ ਆਇਆ। ਹਾਲਾਂਕਿ ਤਰੇਗਨਾ ਵਿਚ ਸੰਘਣੇ ਬੱਦਲ ਬਣੇ ਹੋਏ ਸਨ। ਬਿਹਾਰ ਦੇ ਕਈ ਇਲਾਕਿਆਂ ਵਿਚ ਇਸ ਸੂਰਜ ਗ੍ਰਹਿਣ ਨੂੰ ਬਿਲਕੁਲ ਸਾਫ ਵੇਖਣ ਦੀ ਭਵਿੱਖ ਬਾਣੀ ਹੋਈ ਸੀ, ਪਰ ਬਾਰਿਸ਼ ਅਤੇ ਸੰਘਣੇ ਬੱਦਲਾਂ ਨੇ ਇਹ ਨਜ਼ਾਰਾ ਲੋਕਾਂ ਤੋਂ ਖੋਹ ਲਿਆ। ਅਸਾਮ ਅਤੇ ਬਨਾਰਸ ਸਮੇਤ ਕਈ ਹੋਰ ਸ਼ਹਿਰਾਂ 'ਚ ਲੋਕਾਂ ਨੇ ਗ੍ਰਹਿਣ ਦਾ ਆਨੰਦ ਮਾਣਿਆ। ਤਰੇਗਨਾ 'ਚ ਇਕ ਸਥਾਨਕ ਹਸਪਤਾਲ ਦੀ ਛੱਤ 'ਤੇ ਬਣਾਏ ਗਏ ਅਬਜ਼ਰਵੇਸ਼ਨ ਸੈਂਟਰ 'ਤੇ 400 ਤੋਂ 500 ਦੀ ਗਿਣਤੀ 'ਚ ਪੱਤਰਕਾਰ ਅਤੇ ਵਿਗਿਆਨੀਆਂ ਤੋਂ ਇਲਾਵਾ ਵਿਦੇਸ਼ੀ ਪੱਤਰਕਾਰ ਅਤੇ ਵਿਗਿਆਨੀ ਵੀ ਪਹੁੰਚ ਪਰ ਸੰਘਣੇ ਬੱਦਲਾਂ ਨੇ ਉਨ੍ਹਾਂ ਦੀਆਂ ਕੋਸ਼ਿਸ਼ਾਂ 'ਤੇ ਬੂਰ ਨਾ ਪੈਣ ਦਿੱਤਾ। ਬਨਾਰਸ, ਇਲਾਹਾਬਾਦ, ਕੁਰੂਕਸ਼ੇਤਰ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਧਾਰਮਿਕ ਥਾਵਾਂ 'ਤੇ ਮੱਥਾ ਟੇਕਣ ਗਏ ਅਤੇ ਗਹਿਣ ਖਤਮ ਹੋਣ 'ਤੇ ਹਜ਼ਾਰਾਂ ਲੋਕਾਂ ਨੇ ਗੰਗਾ ਵਿਚ ਇਸ਼ਨਾਨ ਕੀਤਾ। 21ਵੀਂ ਸਦੀ ਦੇ ਇਸ ਆਖਰੀ ਪੂਰੇ ਸੂਰਜ ਗ੍ਰਹਿਣ ਤੋਂ ਬਾਅਦ ਸੰਨ 2114 ਵਿਚ ਅਜਿਹਾ ਮੌਕਾ ਆਵੇਗਾ। ਇਸ ਦਾ ਮਤਲਬ ਇਹ ਹੋਇਆ ਕਿ ਪ੍ਰਿਥਵੀ 'ਤੇ ਜਿਉਂਦੇ ਲੋਕਾਂ ਵਿਚੋਂ ਸ਼ਾਇਦ ਹੀ ਕੋਈ ਅਜਿਹ ਕਿਸਮਤ ਵਾਲਾ ਹੋਵੇ ਜਿਸ ਨੂੰ ਦੋਬਾਰਾ ਸੂਰਜ ਗ੍ਰਹਿਣ ਦੇਖਣ ਦਾ ਮੌਕਾ ਮਿਲ ਸਕੇ।