ਜੇਲ੍ਹਾਂ 'ਚ ਨਜ਼ਰਬੰਦ ਸਿੱਖਾਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਨਾਂ ਰੋਸ ਪੱਤਰ

ਜਲੰਧਰ, 23 ਜੁਲਾਈ :ਨਾਭਾ ਦੀ ਉਚ-ਸੁਰੱਖਿਆ ਜੇਲ੍ਹ 'ਚ ਨਜ਼ਰਬੰਦ ਸਿੱਖਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਜੇਲ੍ਹਾਂ 'ਚ ਬੰਦ ਸਿੱਖਾਂ ਦੀ ਸਾਰ ਨਾ ਲੈਣ 'ਤੇ ਰੋਸ ਜਤਾਇਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਨਾਂ ਲਿਖੀ  ਇਕ ਖੁੱਲ੍ਹੀ ਚਿੱਠੀ 'ਚ ਲੰਮੇ ਸਮੇਂ ਤੋਂ ਜੇਲ੍ਹਾਂ ਵਿਚ ਬੰਦ ਸਿੱਖਾਂ ਦੀ ਸਾਰ ਨਾ ਲਏ ਜਾਣ ਅਤੇ ਹੁਣ ਵੀ ਝੂਠੇ ਕੇਸਾਂ ਵਿਚ ਸਿੱਖ ਧਾਰਮਿਕ ਸ਼ਖ਼ਸੀਅਤਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੇ ਮਾਮਲੇ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਚੁੱਪ ਪ੍ਰਤੀ ਰੋਸ ਦਾ ਪ੍ਰਗਟਾਵਾ ਕੀਤਾ ਹੈ।
ਇਹ ਚਿੱਠੀ 'ਸਿੱਖਸ ਫ਼ਾਰ ਹਿਊਮਨ ਰਾਈਟਸ' ਦੀ ਕੌਮੀ ਪ੍ਰੀਜ਼ੀਡੀਅਮ ਦੇ ਮੈਂਬਰ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਵਲੋਂ ਜਾਰੀ ਅਤੇ ਸਮੂਹ ਨਜ਼ਰਬੰਦ ਸਿੱਖਾਂ ਦੀ ਤਰਫ਼ੋਂ ਭਾਈ ਅਮੋਲਕ ਸਿੰਘ ਅਖਾੜਾ ਵਲੋਂ ਲਿਖੀ ਗਈ ਹੈ। ਗਿਆਨੀ ਗੁਰਬਚਨ ਸਿੰਘ ਨੂੰ ਯਾਦ ਕਰਾਇਆ ਗਿਆ ਹੈ ਕਿ 6 ਜੂਨ ਨੂੰ ਸਾਕਾ ਨੀਲਾ ਤਾਰਾ ਦੀ 25ਵੀਂ ਵਰ੍ਹੇਗੰਢ ਮੌਕੇ ਉਨ੍ਹਾਂ ਪੰਜਾਬ ਸਰਕਾਰ ਨੂੰ ਸਮੂਹ

 ਨਜ਼ਰਬੰਦ ਸਿੱਖਾਂ ਨੂੰ ਤੁਰੰਤ ਰਿਹਾਅ ਕਰਨ ਦਾ ਆਦੇਸ਼ ਦਿੱਤਾ ਸੀ, ਜਿਸ ਨਾਲ ਲੰਮੇਂ ਸਮੇਂ ਤੋਂ ਜੇਲ੍ਹਾਂ 'ਚ ਨਜ਼ਰਬੰਦ ਸਿੱਖਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਸ ਦੀ ਕਿਰਨ ਦਿਸੀ ਸੀ। ਉਨ੍ਹਾਂ ਕਿਹਾ ਦੁੱਖ ਦੀ ਗੱਲ ਹੈ ਕਿ ਇਹ ਆਦੇਸ਼ ਮਹਿਜ਼ ਫ਼ੋਕਾ ਬਿਆਨ ਬਣ ਕੇ ਰਹਿ ਗਿਆ, ਸਗੋਂ ਇਸੇ ਸਮੇਂ ਦੌਰਾਨ ਸੰਤ ਬਲਬੀਰ ਸਿੰਘ ਲੰਮੇ ਜੱਟਪੁਰੇ ਵਾਲਿਆਂ ਅਤੇ ਦੋ ਹੋਰ ਸਿੰਘਾਂ ਨੂੰ ਪੁਲਿਸ ਨੇ ਭਾਰੀ ਅਸਲੇ ਦੇ ਝੂਠੇ ਕੇਸ 'ਚ ਫਸਾ ਕੇ ਜੇਲ੍ਹ 'ਚ ਬੰਦ ਕਰ ਦਿੱਤਾ।