ਕਸਾਬ 'ਤੇ ਚੱਲਦਾ ਰਹੇਗਾ ਮੁਕੱਦਮਾ
ਮੁੰਬਈ, 24 ਜੁਲਾਈ-ਮੁੰਬਈ ਹਮਲਿਆਂ ਦੀ ਸੁਣਵਾਈ ਕਰ ਰਹੀ ਵਿਸ਼ੇਸ਼ ਅਦਾਲਤ ਦੇ ਜੱਜ ਐਮ.ਐਲ. ਤਾਹਿਲਯਾਨੀ ਨੇ ਮੁੰਬਈ ਹਮਲਿਆਂ ਵਿਚ ਸ਼ਾਮਿਲ ਜਿਉਂਦੇ ਅੱਤਵਾਦੀ ਕਸਾਬ ਦੇ ਕਬੂਲਨਾਮੇ ਨੂੰ ਮਨਜੂਰ ਕਰਦੇ ਹੋਏ ਕਿਹਾ ਹੈ ਕਿ ਕਸਾਬ ਦੇ ਖਿਲਾਫ਼ ਮੁਕੱਦਮਾ ਜਾਰੀ ਰਹੇਗਾ। ਜੱਜ ਨੇ ਕਿਹਾ ਕਿ ਕਸਾਬ ਨੇ ਹਾਲੇ ਤੱਕ ਪੂਰਾ ਗੁਨਾਹ ਕਬੂਲ ਨਹੀਂ ਕੀਤਾ ਹੈ। ਕਸਾਬ ਦੇ ਬਿਆਨ ਨੂੰ ਰਿਕਾਰਡ ਵਿਚ ਰੱਖਿਆ ਜਾਵੇਗਾ ਅਤੇ ਸਹੀ ਸਮਾਂ ਆਉਣ 'ਤੇ ਉਸ ਦੀ ਵਰਤੋਂ ਕੀਤੀ ਜਾਵੇਗੀ।
ਸਰਕਾਰੀ ਵਕੀਲ ਉਜਵਲ ਨਿਕਮ ਨੇ ਦੱਸਿਆ ਕਿ ਅਦਾਲਤ ਵਿਚ ਸੁਣਵਾਈ ਦੌਰਾਨ ਬਚਾਅ ਪੱਖ ਨੇ ਕਸਾਬ ਦੇ ਕਬੂਲਨਾਮੇ ਨੂੰ ਮਨਜੂਰ ਕਰਦੇ ਹੋਏ ਮੁਕੱਦਮੇ ਨੂੰ ਛੇਤੀ ਖ਼ਤਮ ਕਰਨ ਦੀ ਅਪੀਲ ਕੀਤੀ। ਬਚਾਅ ਪੱਖ ਚਾਹੁੰਦਾ ਸੀ ਕਿ ਕਸਾਬ ਤੋਂ ਕੁਝ ਗੁਨਾਹ ਕਬੂਲ ਕਰਵਾ ਕੇ ਇਸਤਗਾਸਾ ਪੱਖ ਨੂੰ ਗੁੰਮਰਾਹ ਕੀਤਾ ਜਾਵੇ, ਪਰ ਬਚਾਅ ਪੱਖ ਦੀ ਕੁਟਿਲ ਰਣਨੀਤੀ ਅੱਜ ਇਕ ਵਾਰੀ ਫਿਰ ਅਸਫਲ ਹੋ ਗਈ। ਉਜਲ ਨਿਕਮ ਨੇ ਕਿਹਾ ਕਿ ਕਸਾਬ ਨੇ ਹਾਲੇ ਪੂਰਾ ਗੁਨਾਹ ਕਬੂਲ ਨਹੀਂ ਕੀਤਾ ਹੈ ਅਤੇ ਹਾਲੇ ਇਸ ਸਬੰਧ ਵਿਚ ਬਹੁਤ ਸਾਰੀਆਂ ਗੱਲਾਂ ਜਿਵੇਂ ਹਮਲਿਆਂ ਦੇ ਪਿੱਛੇ ਕੀ ਮਕਸਦ ਸੀ, ਮੁੰਬਈ ਨੂੰ ਹੀ ਹਮਲਿਆਂ ਲਈ ਕਿਉਂ ਚੁਣਿਆ ਗਿਆ ਆਦਿ ਦਾ ਪਤਾ ਲਗਾਉਣਾ ਬਾਕੀ ਹੈ। ਇਸ ਲਈ ਕਸਾਬ ਦੇ ਬਿਆਨ ਨੂੰ ਰਿਕਾਰਡ ਵਿਚ ਰੱਖਦੇ ਹੋਏ ਟ੍ਰਾਇਲ ਨੂੰ ਜਾਰੀ ਰੱਖਿਆ ਜਾਵੇ।  ਇਸ ਦੌਰਾਨ ਕਸਾਬ ਦੇ ਵਕੀਲ ਅੱਬਾਜ ਕਾਜ਼ਮੀ ਨੇ ਕਸਾਬ ਦਾ ਕੇਸ ਛੱਡਣ ਦੀ ਪੇਸ਼ਕਸ਼ ਕੀਤੀ। ਕਾਜ਼ਮੀ ਨੇ ਕਿਹਾ ਕਿ ਕਸਾਬ ਨੂੰ ਮੇਰੇ 'ਤੇ ਭਰੋਸਾ ਨਹੀਂ ਹੈ। ਕਸਾਬ ਮੇਰੀ ਗੱਲ ਵੀ ਨਹੀਂ ਮੰਨਦਾ ਹੈ, ਇਸ ਲਈ ਮੈਂ ਅੱਗੇ ਇਹ ਮੁਕੱਦਮਾ ਨਹੀਂ ਲੜਣਾ ਚਾਹੁੰਦਾ।