ਹੁਣ ਡੈਬਿਟ ਕਾਰਡ ਰਾਹੀਂ ਖਰੀਦਦਾਰੀ ਦੇ ਨਾਲ 'ਕੈਸ਼' ਕਰੋ ਸਵੈਪ

ਨਵੀਂ ਦਿੱਲੀ, 24 ਜੁਲਾਈ   : ਭਾਵੇਂ ਡੈਬਿਟ ਕਾਰਡ ਦੀ ਵਰਤੋਂ ਏ.ਟੀ.ਐਮ. 'ਚੋਂ ਪੈਸਾ ਕੱਢਣ ਜਾਂ ਦੁਕਾਨਾਂ ਤੋਂ ਖਰੀਦਦਾਰੀ ਕਰਨ ਲਈ ਕੀਤੀ ਜਾਂਦੀ ਹੈ ਪਰ ਕੁਝ ਦਿਨਾਂ ਤੱਕ ਡੈਬਿਟ ਕਾਰਡ ਧਾਰਕ ਉਨ੍ਹਾਂ ਸਾਰੀਆਂ ਦੁਕਾਨਾਂ ਤੋਂ ਕੈਸ਼ ਵੀ ਪ੍ਰਾਪਤ ਕਰ ਸਕਣਗੇ ਜਿਹੜੇ ਡੈਬਿਟ ਕਾਰਡ ਸਵੈਪਿੰਗ ਮਸ਼ੀਨ ਰੱਖਦੇ ਹੋਣਗੇ। ਭਾਰਤੀ ਰਿਜ਼ਰਵ ਬੈਂਕ ਨੇ ਦੇਸ਼ 'ਚ ਡੈਬਿਟ ਕਾਰਡ ਦੀ ਵੱਧ ਰਹੀ ਵਰਤੋਂ ਨੂੰ ਦੇਖਦਿਆਂ ਆਮ ਜਨਤਾ ਨੂੰ ਅਜਿਹੀਆਂ ਦੁਕਾਨਾਂ ਰਾਹੀਂ ਕੈਸ਼ ਪ੍ਰਾਪਤ ਕਰਨ ਦੀ ਸਹੂਲਤ ਦੇਣ ਦਾ ਫੈਸਲਾ ਕੀਤਾ ਹੈ।
 ਪਰ ਇਸ ਲਈ ਬੈਂਕ ਨੇ ਇੱਕ ਸ਼ਰਤ ਇਹ ਵੀ ਰੱਖੀ ਹੈ ਕਿ ਇਸ ਸਕੀਮ ਰਾਹੀਂ ਡੈਬਿਟ ਕਾਰਡ ਧਾਰਕ ਦਿਨ ਵਿੱਚ ਸਿਰਫ ਇੱਕ ਹਜ਼ਾਰ ਦੀ ਨਕਦੀ ਹੀ ਪ੍ਰਾਪਤ ਕਰ ਸਕੇਗਾ। ਆਰ.ਬੀ.ਆਈ. ਨੇ ਕਮਰਸ਼ੀਅਲ ਬੈਂਕਾਂ ਨੂੰ ਇਸ ਬਾਰੇ ਕੁਝ ਨਿਯਮ ਬਣਾਉਣ ਸੰਬੰਧੀ ਕਿਹਾ ਹੈ। ਆਰ.ਬੀ.ਆਈ. ਨੇ ਬੈਂਕਾਂ ਨੂੰ ਇਹ ਵੀ ਆਜ਼ਾਦੀ ਦਿੱਤੀ ਹੈ ਕਿ ਉਹ ਆਪਣੇ ਪੱਧਰ 'ਤੇ ਇਸ ਸੰਬੰਧੀ ਜਾਂਚ ਪੜਤਾਲ ਕਰਨ 'ਤੇ ਕਿਸੇ ਵੀ ਵਿਕਰੀ ਕੇਂਦਰ ਨੂੰ ਆਪਣੇ ਵੱਲੋਂ ਕੈਸ਼ ਦੇਣ ਲਈ ਰਜਿਸਟਰਡ ਕਰ ਸਕਦੇ ਹਨ। ਬੈਂਕ ਨੇ ਇਸ ਸੰਬੰਧੀ ਇੱਕ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। 
 

ਹੁਣ ਜੇਕਰ ਡੈਬਿਟ ਕਾਰਡ ਧਾਰਕ ਸਵੈਪਿੰਗ ਮਸ਼ੀਨ ਰੱਖਣ ਵਾਲੇ ਵਿਕਰੀ ਕੇਂਦਰਾਂ ਤੋਂ ਖਰੀਦਦਾਰੀ ਨਾ ਵੀ ਕਰੇ ਤਾਂ ਵੀ ਕਾਰਡ ਸਵੈਪ ਕਰਨ 'ਤੇ ਇੱਕ ਹਜ਼ਾਰ ਰੁਪਏ ਕਾਰਡ ਧਾਰਮ ਨੂੰ ਜ਼ਰੂਰ ਮਿਲਣਗੇ। ਜੇਕਰ ਕੋਈ ਵਿਅਕਤੀ ਖਰੀਦਦਾਰੀ ਕਰਨ ਤੋਂ ਇਲਾਵਾ ਕੈਸ਼ ਵੀ ਉਸ ਦੁਕਾਨ ਤੋਂ ਲੈਂਦਾ ਹੈ ਤਾਂ ਦੁਕਾਨਦਾਰ ਗ੍ਰਾਹਕ ਨੂੰ ਕੈਸ਼ ਦੀ ਰਸੀਦ ਵੱਖਰੇ ਤੌਰ 'ਤੇ ਦੇਵੇਗਾ। ਇਸ ਤੋਂ ਇਲਾਵਾ ਬੈਂਕ ਨੇ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਉਹ ਗ੍ਰਾਹਕਾਂ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਨ ਲਈ ਆਪਣੇ ਪੱਧਰ 'ਤੇ ਕੋਈ ਵਿਵਸਥਾ ਕਰਨ। ਉਂਝ ਗ੍ਰਾਹਕਾਂ ਨੂੰ ਆਪਣੀ ਸ਼ਿਕਾਇਤ ਲੈ ਕੇ ਬੈਂਕ ਲੋਕਪਾਲ ਅਦਾਲਤ ਵਿੱਚ ਜਾਣ ਦੀ ਸ਼ੂਟ ਦਿੱਤੀ ਗਈ ਹੈ।