ਇਕ ਪਾਦਰੀ ਪਰਿਵਾਰ ਵੱਲੋਂ ਨਿਕੜੀ 'ਤੇ ਜ਼ੁਲਮਾਂ ਦੀ ਦਾਸਤਾਨ
ਬਨੂੜ,24 ਜੁਲਾਈ  : ਇਕ ਪਾਸੇ ਤਾਂ ਸਾਡਾ ਸਮਾਜ ਮਦਰ ਟਰੇਸਾ, ਕਲਪਨਾ ਚਾਵਲਾ, ਭਾਰਤ ਦੀ ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ ਪਾਟਿਲ 'ਤੇ ਫਖਰ ਕਰਦਾ ਹੋਇਆ ਔਰਤ ਜਾਤੀ ਨੂੰ ਬਣਦਾ ਮਾਣ ਸਤਿਕਾਰ ਦੇਣ ਅਤੇ ਉਨ੍ਹਾਂ ਦੀ ਰੱਖਿਆ ਲਈ ਦੁਹਾਈ  ਪਾ ਰਿਹਾ ਹੈ, ਪਰ ਅੱਜ ਦੇ 21ਵੀਂ ਸਦੀ ਦੇ ਵਿਗਿਆਨਕ ਯੁੱਗ ਵਿਚ ਔਰਤ ਜਾਤੀ ਉਤੇ ਦਰਦਨਾਕ ਜ਼ੁਲਮ ਕਰਕੇ ਜਿੱਥੇ ਮਰਦ ਪ੍ਰਧਾਨ ਸਮਾਜ ਨੂੰ ਕਲੰਕਿਤ ਕੀਤਾ ਹੈ, ਉਥੇ ਹੀ ਬਾਲੜੀਆਂ ਅਸੁੱਰਖਿਅਤ ਹਨ। ਅਜਿਹੇ ਦਰਦਾਂ ਨੂੰ ਬਿਆਨ ਕਰਦੀ ਰੌਂਗਟੇ ਖੜੇ ਕਰ ਦੇਣ ਵਾਲੀ ਕਹਾਣੀ ਹੈ ਜ਼ੀਰਕਪੁਰ ਵਿਖੇ ਆਪਣੀ ਗਰੀਬ ਕਾਰਨ ਇਕ ਪਰਿਵਾਰ ਕੋਲ ਕੰਮ ਕਰ ਰਹੀ 12 ਸਾਲਾ ਲੜਕੀ ਨੀਲਮ ਰਾਣੀ ਦੀ।
 ਈਸਾਈ ਧਰਮ ਨਾਲ ਸਬੰਧਤ ਨੀਲਮ ਪੁੱਤਰੀ ਮਰਹੂਮ ਜੋਗਿੰਦਰ ਸਿੰਘ ਵਾਸੀ ਪਿੰਡ ਉਚੀ ਬਸੀ ਤਹਿਸੀਲ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਜ਼ੀਰਕਪੁਰ ਵਿਖੇ ਕਿਸੇ ਚਰਚ ਦਾ ਪਾਦਰੀ ਪਰਿਵਾਰ ਇਹ ਕਹਿ ਕੇ ਲੈ ਲਿਆ ਕਿ ਉਸ ਦੀ ਸਮੁੱਚੀ ਪਰਵਰਿਸ਼ ਕਰਨਗੇ। ਆਪਣੀ ਗਰੀਬੀ ਵੇਖਦੇ ਹੋਏ ਨੀਲਮ ਰਾਣੀ ਪਾਦਰੀ ਨਾਲ  ਆਉਣ ਲਈ ਤਿਆਰ ਹੋ ਗਈ, ਕਿਉਂਕਿ ਉਸ ਦੇ ਪਰਿਵਾਰ ਵਿਚ ਉਸ ਦੀਆਂ ਦੋ ਭੈਣਾ ਹਨ ਅਤੇ ਉਸ ਦੇ ਪਿਤਾ ਦੇਹਾਂਤ ਹੋਣ ਕਰਕੇ ਆਪਣੇ ਇਸ ਫੈਸਲੇ ਨੂੰ ਸਹੀ ਮੰਨ ਲਿਆ ਤੇ ਉਸ ਪਾਦਰੀ ਪਰਿਵਾਰ ਨਾਲ ਆ ਗਈ, ਪਰ ਉਸ ਨੂੰ ਕੀ ਪਤਾ ਸੀ ਕਿ ਇਸ ਪਾਦਰੀ ਕੋਲ ਇਕ ਬੰਧੂਆ ਮਜ਼ਦੂਰ ਦੀ ਤਰ੍ਹਾਂ ਕੰਮ ਕਰਨਾ ਪਵੇਗਾ। ਜ਼ੀਰਕਪੁਰ ਵਿਖੇ ਪੁੱਜਣ ਤੋਂ ਬਾਅਦ ਨੀਲਮ ਰਾਣੀ ਨੂੰ ਜ਼ੀਰਕਪੁਰ ਦੇ ਇਕ ਡਾਕਟਰ ਪਰਿਵਾਰ ਸੰਜੀਵ ਕੁਮਾਰ ਵਾਸੀ ਮਕਾਨ ਨੰਬਰ ਕੋਲ ਭੇਜ ਦਿੱਤਾ। ਡਾਕਟਰ ਪਰਿਵਾਰ ਵੱਲੋਂ ਗਰੀਬ ਪਰਿਵਾਰ ਦੀ ਲੜਕੀ ਨੀਲਮ ਕੋਲ ਘਰ ਦਾ ਸਮੁੱਚਾ ਕੰਮ ਕਰਵਾਇਆ ਜਾਂਦਾ ਸੀ। ਇੱਥੇ ਆ ਕੇ ਨੀਲਮ ਦੇ ਦਰਦਾਂ ਦੀ ਦਾਸਤਾਂ ਸ਼ੁਰੂ ਹੋ ਗਈ, ਨੰਨ੍ਹੇ ਮੁੰਨੇ ਹੱਥ ਜਿਹੜੇ ਕਿ ਪੜ੍ਹਨ ਲਿਖਣ ਜਾਂ ਖਿਡੌਣਿਆਂ ਨਾ ਖੇਡਣ ਵਾਲੇ ਸਨ, ਉਪਰ ਘਰ ਦੇ ਸਮੁੱਚੇ ਕੰਮਕਾਜ ਦਾ ਬੋਝ ਪਾ ਦਿੱਤਾ, ਰੋਟੀ ਪਕਾਉਣੀ, ਕੱਪੜੇ ਧੋਣੇ, ਝਾੜੂ ਪੋਚਾ ਲਗਾਉਣਾ ਆਦਿ, ਜੇਕਰ ਉਸ ਤੋਂ ਕੰਮ ਵਿਚ ਕੋਈ ਗਲਤੀ ਹੋ ਜਾਂਦੀ ਹੈ ਤਾਂ ਘਰ ਦੀ ਮਾਲਕਣ ਦੀਨੀ, ਜੋ ਕਿ ਮੁਹਾਲੀ ਵਿਚ ਫੋਰਟੀ ਹਸਪਤਾਲ ਵਿਖੇ ਨੌਕਰੀ ਕਰਦੀ ਹੈ, ਵੱਲੋਂ ਬੇਰਹਿਮੀ ਨਾਲ ਚਿਮਟਿਆਂ, ਡੰਡਿਆਂ ਆਦਿ ਨਾਲ ਕੁੱਟਿਆ ਜਾਂਦਾ, ਇਸ ਸਿਲਸਿਲਾ ਉਸ 'ਤੇ ਪਿਛਲੇ ਡੇਢ ਸਾਲ ਤੋਂ ਜਾਰੀ ਹੈ। 21 ਜੁਲਾਈ ਨੂੰ ਉਸ ਦੇ ਸਬਰ ਦਾ ਪਿਆਲਾ ਉਸ ਵੇਲੇ ਭਰ ਗਿਆ, ਜਦੋਂ ਦੀਨੀ ਵੱਲੋਂ ਬਿਨਾਂ ਕਿਸੇ ਗਲਤੀ ਤੋਂ ਬਹੁਤ ਹੀ ਦਰਦਨਾਕ ਢੰਗ ਨਾਲ ਕੁੱਟਿਆ ਗਿਆ ਤੇ ਘਰੋਂ ਕੱਢ ਦਿੱਤਾ ਅਤੇ ਉਹ ਆਪਣੀ ਪੀੜ 'ਤੇ ਜ਼ਖਮਾਂ ਨੂੰ ਨਾਲ ਲੈ ਕੇ ਆਖਰ ਤੁਰ ਪਈ ਤੇ ਡਿੱਗਦੀ ਢਹਿੰਦੀ ਬਨੂੜ ਪੁੱਜ ਗਈ, ਜਿਸ ਨੂੰ ਇਕ ਆਟੋ ਰਿਕਸ਼ਾ ਚਾਲਕ ਨੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾ ਗਿਆ। ਘਟਨਾ ਦਾ ਪਤਾ ਲੱਗਦੇ ਸਾਰੇ ਹੀ ਬਨੂੜ ਸ਼ਹਿਰ ਦੇ ਬਹੁਤ ਸਾਰੇ ਸਮਾਜ ਸੇਵੀ ਲੋਕ ਅੱਗੇ ਆਏ ਤੇ ਇਸ ਲੜਕੀ ਦੇ ਵਾਰਸਾਂ ਤੇ ਪੁਲਿਸ ਨੂੰ ਸੂਚਿਤ ਕੀਤਾ। ਭਾਵੇਂ ਕਿ ਬਨੂੜ ਪੁਲੀਸ ਨੇ ਇਸ ਦੇ ਬਿਆਨ ਕਲਮਬੱਧ ਕਰ ਲਏ ਹਨ, ਪਰ ਡਾਕਟਰ ਦੀ ਉਚੀ ਪਹੁੰਚ ਕਾਰਨ ਨੀਲਮ ਰਾਣੀ ਦੇ ਸਰੀਰ 'ਤੇ ਦਰਦਾਂ ਦੀ ਦਾਸਤਾਂ ਬਿਆਨ ਕਰ ਰਹੇ ਜ਼ਖਮ ਕੋਈ ਅਸਰ ਕਰਦੇ ਨਜ਼ਰ ਨਹੀਂ ਆ ਰਹੇ।
 ਜਦੋਂ ਇਸ ਮਾਮਲੇ ਸਬੰਧੀ ਬਨੂੜ ਪੁਲਿਸ ਮੁਖੀ ਐਸ ਐਚ ਓ ਅਜਮੇਰ ਸਿੰਘ ਨਾਲ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਘਟਨਾ ਜ਼ੀਰਕਪੁਰ ਦੀ ਹੈ ਤੇ ਉਥੇ ਹੀ ਕਾਰਵਾਈ ਹੋਵੇਗੀ। ਇਸ ਮਾਮਲੇ ਪ੍ਰਤੀ ਜਦੋਂ ਡੀ ਐਸ ਪੀ ਰਾਜਪੁਰਾ ਰਸ਼ਪਾਲ ਸਿੰਘ ਨਾਲ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੈ ਤੇ ਉਨ੍ਹਾਂ ਬੱਚੀ 'ਤੇ ਅਤਿਆਚਾਰ ਕਰਨ ਵਾਲੇ ਵਿਰੁੱਧ ਸਖਤ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ।
 ਜਦੋਂ ਇਸ ਮਾਮਲੇ ਨੂੰ ਲੈ ਕੇ ਸੰਜੀਵ ਕੁਮਾਰ ਡਾਕਟਰ ਨਾਲ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਕਿਹਾ ਕਿ ਨੀਲਮ ਰਾਣੀ ਨੂੰ ਮਿੱਟੀ ਖਾਣ ਦੀ ਆਦਤ ਕਾਰਨ ਹੀ ਥੋੜ੍ਹਾ ਜਿਹਾ ਝਿੜਕਿਆ ਸੀ,ਪਰ ਇਨੀ ਵੱਡੀ ਕੋਈ ਗੱਲ ਨਹੀਂ ਹੈ, ਜਦੋਂ ਕਿ ਨੀਲਮ ਰਾਣੀ ਦੇ ਸਰੀਰ 'ਤੇ ਪਏ ਜ਼ਖਮ ਕੁਝ ਹੋਰ ਹੀ ਬਿਆਨ ਕਰ ਰਹੇ ਹਨ।