ਸਾਊਦੀ ਅਰਬ 'ਚ ਪੰਜਾਬੀ ਕੱਟ ਰਹੇ ਹਨ ਫਾਕੇ
ਨੌਜਵਾਨਾਂ ਨੇ ਰਾਮੂਵਾਲੀਆ ਤੋਂ ਮੰਗੀ ਮਦਦ
ਲੁਧਿਆਣਾ,24 ਜੁਲਾਈ   : ਵਿਦੇਸ਼ ਵਿਚ ਨੌਕਰੀ ਦਾ ਕਰੇਜ਼ ਦੇਖ ਕੇ ਸਾਊਦੀ ਅਰਬ ਦੇ ਸ਼ਹਿਰ ਦਮਾਮ ਪਹੁੰਚੇ ਲਗਭਗ 20 ਪੰਜਾਬੀ ਨੌਜਵਾਨਾਂ ਨੇ ਟਰੈਵਲ ਏਜੰਟਾਂ 'ਤੇ ਧੋਖਾ ਕੀਤੇ ਜਾਣ ਦਾ ਦੋਸ਼ ਲਗਾਇਆ ਹੈ। ਦਮਾਮ 'ਚ ਟਰਾਲਾ ਚਲਾ ਰਹੇ ਇਨ੍ਹਾਂ ਨੌਜਵਾਨਾਂ ਨੇ ਲੋਕ ਭਲਾਈ ਪਾਰਟੀ ਦੇ ਕੌਮੀ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ ਨੂੰ ਫੈਕਸ ਭੇਜ ਕੇ ਉਨ੍ਹਾਂ ਨੂੰ ਉਥੋਂ ਕਢਾਉਣ ਦੀ ਮੰਗ ਕੀਤੀ ਹੈ। ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਵਤਾਰ ਸਿੰਘ ਮੁੱਲਾਪੁਰੀ ਨੇ ਦੱਸਿਆ ਕਿ ਇਨ੍ਹਾਂ ਟਰਾਲਾ ਡਰਾਈਵਰਾਂ ਨੂੰ ਇਨਸਾਫ ਦਿਵਾਉਣ ਲਈ ਰਾਮੂਵਾਲੀਆ ਸਾਊਦੀ ਅਰਬ ਸਥਿਤ ਭਾਰਤੀ ਸਫਾਰਤਖਾਨੇ ਨਾਲ ਰਾਬਤਾ ਕਾਇਮ ਕਰ ਰਹੇ ਹਨ। ਮੁੱਲਾਪੁਰੀ ਨੇ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਦਮਾਮ ਵਿਚ ਰਹਿ ਪੰਜਾਬੀ ਨੌਜਵਾਨਾਂ ਗੁਰਮੇਲ ਸਿੰਘ, ਜਗਤਾਰ ਸਿੰਘ ਅਤੇ ਸਿਮਰਨਜੀਤ ਸਿੰਘ ਸਮੇਤ ਲਗਭਗ 20 ਨੌਜਵਾਨਾਂ ਨੇ ਰਾਮੂਵਾਲੀਆ ਨੂੰ ਫੈਕਸ ਭੇਜ ਕੇ ਆਪਣੀ ਹਾਲਤ ਬਾਰੇ ਜਾਣੂ ਕਰਾਇਆ ਹੈ। ਇਨ੍ਹਾਂ ਟਰਾਲਾ ਡਰਾਈਵਰਾਂ ਨੇ ਦੱਸਿਆ ਕਿ ਚੰਡੀਗੜ੍ਹ ਦੇ ਇਕ ਏਜੰਟ ਨੇ ਉਨ੍ਹਾਂ ਨੂੰ 1100 ਰਿਆਲ ਦੇ ਨਾਲ ਪ੍ਰਤੀ ਟਰਿੱਪ ਦੇ ਪੈਸੇ ਦੇਣ ਦਾ  ਐਗਰੀਮੈਂਟ ਕਰਕੇ ਸਾਊਦੀ ਅਰਬ ਭੇਜਿਆ ਸੀ ਅਤੇ ਉਥੇ ਪਹੁੰਚ ਕੇ ਉਨ੍ਹਾਂ ਨੂੰ ਸਿਰਫ ਪੰਜ ਰਿਆਲ ਹਰੇਕ ਮਹੀਨੇ ਮਿਲ ਰਹੇ ਹਨ ਜਿਨ੍ਹਾਂ ਵਿਚੋਂ 300 ਰਿਆਲ ਉਨ੍ਹਾਂ ਦੇ ਖਾਣੇ ਅਤੇ ਹੋਰ ਖਰਚਿਆਂ ਦੇ ਕੱਟ ਲਏ ਜਾਂਦੇ ਹਨ। ਲਿਹਾਜਾ ਉਨ੍ਹਾਂ ਹੱਥ ਸਿਰਫ 200 ਰਿਆਲ ਹੀ ਆਉਂਦੇ ਹਨ। ਇਨ੍ਹਾਂ ਨੌਜਵਾਨਾਂ ਨੇ ਦੋਸ਼ ਲਾਇਆ ਕਿ ਟਰਾਲਿਆਂ ਦੇ ਕਿਸੇ ਵੀ ਨੁਕਸਾਨ ਦੀ ਸੂਰਤ ਵਿਚ ਉਨ੍ਹਾਂ ਦੀ ਤਨਖਾਹ ਵਿਚੋਂ ਪੈਸੇ ਕੱਟੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਜਲੀਲ ਵੀ ਕੀਤਾ ਜਾਂਦਾ ਹੈ। ਇਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਉਹ ਸਾਊਦੀ ਅਰਬ ਦੀ ਲੇਬਰ ਕੋਰਟ ਵਿਚ ਵੀ ਗਏ ਸਨ, ਪਰ ਉਥੇ ਵੀ ਉਨ੍ਹਾਂ ਨੂੰ  ਇਨਸਾਫ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਿਰੁੱਧ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ ਜਿਨ੍ਹਾਂ ਕਾਰਨ ਉਨ੍ਹਾਂ ਨੂੰ ਆਪਣੀ ਜਾਨ ਤੋਂ ਖਤਰਾ ਮਹਿਸੂਸ ਹੋ ਰਿਹਾ ਹੈ। ਮੁੱਲਾਪੁਰੀ ਨੇ ਦੱਸਿਆ ਕਿ ਫੈਕਸ ਮਿਲਦਿਆਂ ਹੀ ਇਸ ਸਬੰਧ ਵਿਚ ਚੰਡੀਗੜ੍ਹ ਅਤੇ ਦਿੱਲੀ ਸਥਿਤ ਦਫਤਰਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਪੂਰੀ ਘਟਨਾ ਤੋਂ ਜਾਣੂ ਕਰਵਾਇਆ ਗਿਆ ਹੈ ਅਤੇ ਏਜੰਸੀ ਦਾ ਲਾਇਸੰਸ ਰੱਦ ਕਰਨ ਲਈ ਵੀ ਕਿਹਾ ਗਿਆ ਹੈ।
 ਉਨ੍ਹਾ ਕਿਹਾ ਪਾਰਟੀ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ ਨੇ ਸਾਊਦੀ ਅਰਬ ਸਥਿਤ ਭਾਰਤੀ ਸਫਾਰਤਖਾਨੇ ਨਾਲ ਰਾਬਤਾ ਕਰਕੇ ਇਨ੍ਹਾਂ ਨੌਜਵਾਨਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਅਤੇ ਉਨ੍ਹਾਂ ਦੀ ਸੁਰੱਖਿਅਤ ਸਵਦੇਸ਼ ਵਾਪਸੀ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ।