----ਤੇਰੇ ਸ਼ਹਿਰੋਂ ਵੀ ਇਕ ਦਿਨ, 'ਜੀਤ' ਨੇ ਹੋਣਾ ਰਵਾਨਾ ਸੀ ---- |
|
|
ਜ਼ਮਾਨੇ ਤੇ ਗਿਲਾ ਕਾਹਦਾ, ਜ਼ਮਾਨਾ ਤਾਂ ਜ਼ਮਾਨਾ ਸੀ।
ਤੂੰ ਆਪਣਾ ਹੋ ਕੇ ਕੰਡ ਕੀਤੀ, ਜ਼ਮਾਨਾ ਇਹ, ਬਿਗਾਨਾ ਸੀ।
ਭੁਆਇਆ ਮੁੱਖ ਤੇਰੇ ਵੱਲ, ਤਾਂ ਹਿੱਕ ਤੇ ਬਾਣ ਆ ਲੱਗਾ,
ਪਤੈ ਮੈਨੂੰ, ਕਿ ਤੇਰਾ ਤਾਂ, ਮੇਰੀ ਪਿੱਠ ਤੇ ਨਿਸ਼ਾਨਾ ਸੀ ।
ਮੇਰੇ ਹੋਠਾਂ ਤੇ ਜੋ ਮਰਿਆ, ਉਹ ਮੇਰਾ ਗੀਤ ਨਾ ਹੋ ਕੇ,
ਮੇਰੇ ਜ਼ਜ਼ਬਾਤ ਵਿਚ ਪੁਣਿਆ, ਤੇਰੇ ਨਾਂ ਦਾ ਤਰਾਨਾ ਸੀ ।
ਮੈਂ ਕਿੱਥੇ ਗੀਤ ਲਿਖਣੇ ਸੀ ? ਗ਼ਜ਼ਲ ਕਿੱਦਾਂ ਮੈਂ ਕਹਿਣੀ ਸੀ ?
ਮੇਰੇ ਸਾਹਿਤਕ ਸਫ਼ਰ ਦਾ ਵੀ, ਮੁਹੱਬਤ ਹੀ ਬਹਾਨਾ ਸੀ ।
ਤੂੰ ਮੈਥੋਂ ਦੂਰ ਕੀ ਹੋਇਆ, ਕਿ ਮੋੜੇ ਮੁੱਖ ਬਰਕਤ ਨੇ,
ਤੇਰੇ ਹੀ ਸਾਥ ਨੇ ਮੇਰਾ, ਸਦਾ ਭਰਿਆ ਖਜ਼ਾਨਾ ਸੀ ।
ਮੈਂ ਉਹਨਾਂ ਪੰਛੀਆਂ ਨੂੰ ਹੈ, ਬੜਾ ਹੀ ਵਿਲਕਦੇ ਤੱਕਿਆ,
ਜਿਨ੍ਹਾਂ ਦਾ ਜੰਗਲਾਂ ਨਾਲੋਂ, ਕਦੇ ਟੁੱਟਾ ਯਰਾਨਾ ਸੀ ।
ਸਦੀਵੀ ਕੁਝ ਨਹੀਂ ਰਹਿੰਦਾ, ਇਹ ਚੱਲਣਹਾਰ ਦੁਨੀਆਂ ਹੈ,
ਤੇਰੇ ਸ਼ਹਿਰੋਂ ਵੀ ਇਕ ਦਿਨ, 'ਜੀਤ' ਨੇ ਹੋਣਾ ਰਵਾਨਾ ਸੀ
S,K,Belgium
|
|
Jiet Surjiet Belgium |
|
|
  ਮਾਹੀ ਪੁੱਛੇ, ਦੱਸ ਖਾਂ ਮੈਨੂੰ, ਕੀ ਕੀ ਕਰਨਾ ਸਿੱਖ ਲਿਆ ।
ਮੈਂ ਕਹਿ ਦਿੱਤਾ, ਤੇਰੇ ਨੈਣੀਂ ਡੁੱਬ ਕੇ ਮਰਨਾ ਸਿੱਖ ਲਿਆ ।
ਮਾਰੂਥਲ ਦੀ ਉਡਦੀ ਰੇਤ ਨੇ, ਖਵਰੇ ਕੀ ਕਰ ਦਿੱਤਾ ਸੀ,
ਇਕ ਬਦਲੋਟੀ ਨੇ ਥਲ ਉੱਤੇ, ਅਜ-ਕਲ ਵਰ੍ਹਨਾ ਸਿੱਖ ਲਿਆ ।
ਇੱਕ ਪਹਾੜੀ ਉੱਤੋਂ ਡਿਗਦੇ, ਪਾਣੀ 'ਤੇ ਅਹਿਸਾਨ ਜਿਹਾ ਸੀ,
ਉਸ ਨੇ ਨਦੀਆਂ ਖਾਤਿਰ, ਖੁਦ ਹੀ ਬਣਨਾ ਝਰਨਾ ਸਿੱਖ ਲਿਆ।
ਜੀਵਨ ਭਰ ਦੀ ਭਗਤੀ ਵਿੱਚੋਂ, ਇੱਕੋ ਤੇਰਾ ਨਾਂ ਮਿਲਿਆ ਏ,
ਤੇਰੀ ਖਾਤਿਰ ਹਰ ਤੋਹਮਤ, ਇਲਜ਼ਾਮ ਨੂੰ ਜਰਨਾ ਸਿੱਖ ਲਿਆ।
ਪੋਹ ਮਾਘ ਦੀਆਂ ਰਾਤਾਂ ਦੇ ਵਿਚ, ਗਰਮੀ ਤੇਰੀਆਂ ਯਾਦਾਂ ਦੀ,
ਹਾੜ੍ਹ ਮਹੀਨੇ ਸਿਮਰ ਕੇ ਤੈਨੂੰ, ਹੁਣ ਮੈਂ ਠਰਨਾਸਿੱਖ ਲਿਆ।
ਇਹ ਵੀ ਨਹੀਂ ਕਿ ਮੂੰਹ ਗ਼ਮਾਂ ਨੇ, ਸਾਡੇ ਘਰ ਵਲ ਖੋਲ੍ਹੇ ਨਹੀਂ,
ਪਰ ਮੈਂ ਤੇਰੀ ਚਾਹਤ ਦੇ ਵਿਚ, ਹਰ ਗ਼ਮ ਤਰਨਾਸਿੱਖ ਲਿਆ।
ਤੂੰ ਜਾਣੂੰ ਏਂ, ਮੇਰੀ ਫਿਤਰਤ ਤੋਂ ਮੈਂ ਹਾਂ ਬੇਖੌਫ਼ ਬੜੀ,
ਐਪਰ, ਤੇਰੀ ਅੱਖ ਦੀ ਘੂਰੀ ਕੋਲੋਂ ਡਰਨਾ ਸਿੱਖ ਲਿਆ।
ਮਨ ਦੇ ਅੰਦਰ ਵੱਸ ਗਈ ਹੈ 'ਜੀਤ' ਰਜ਼ਾ ਹੁਣ ਮਹਿਰਮ ਦੀ,
ਤਾਂ ਹੀ ਤੇਰੀਆਂ ਖੁਸ਼ੀਆਂ ਖਾਤਿਰ, ਜਿੱਤ ਕੇ ਹਰਨਾ ਸਿੱਖ ਲਿਆ।
|
|
ਅਦਾ ਤੇਰੀ ਨੂੰ ਸਜ਼ਦਾ, ਹੋ ਗਿਆ ਹੈ ਏਸ ਕਰਕੇ ਵੀ, ਕਿ ਤੇਰੀ ਗੱਲ ਨਾ ਅੱਜ ਤਕ, ਕੋਈ ਵੀ ਆਰਜ਼ੀ ਦੇਖੀ। |
|
|
 ਮੈਂ ਕੁਝ ਏਦਾਂ ਸੀ ਤੇਰੀ, ਦੋਸਤੀ ਤੇ ਦਿਲਬਰੀ ਦੇਖੀ।
ਜਿਵੇਂ ਵਗਦੀ ਨਦੀ ਹੋਵੇ, ਥਲਾਂ ਵਿਚ ਜੀਰਦੀ ਦੇਖੀ।
ਕਿ ਜਿਹੜੀ ਸ਼ਹਿਰ ਤੇਰੇ ਤੋਂ, ਮੁੜੀ ਅਠਖੇਲੀਆਂ ਕਰਕੇ,
ਮੈਂ ਹਾਲੇ ਤੀਕ ਵੀ ਉਹ ਪੌਣ, ਪਰਬਤ ਤੈਰਦੀ ਦੇਖੀ।
ਤੂੰ ਮੇਰੇ ਸੁਪਨਿਆਂ ਦੇ ਦੇਸ਼, ਜਦ ਤੋਂ ਟੱਕਰਿਆ ਮੈਨੂੰ,
ਉਦੋਂ ਤੋਂ ਨਾਲ਼ ਤੇਰੇ ਹੀ, ਮੈਂ ਆਪਣੀ ਹਰ ਖੁਸ਼ੀ ਦੇਖੀ।
ਮੇਰੇ ਹੀ ਦਿਲ ਦੇ ਵਿਚ ਰਹਿਕੇ, ਬਿਗਾਨਾ ਤੂੰ ਕਰੇਂ ਮੈਨੂੰ,
ਬੜੀ ਵਾਰੀ, ਮੈਂ ਏਦਾਂ ਦੀ, ਵੀ ਆਪਣੀ ਬੇਬਸੀ ਦੇਖੀ।
ਭਲਾ ਸੀ ਹਿਜਰ ਹੀ ਤੇਰਾ, ਮਿਲਣ ਦੇ ਓਸ ਲਮਹੇਂ ਤੋਂ,
ਕਿਸੇ ਕਮਜ਼ੋਰ ਲਮਹੇਂ ਵਿਚ, ਜੋ ਤੇਰੀ ਬੇਰੁਖੀ ਦੇਖੀ।
ਪਲੇਠੀ ਰੀਝ ਮੇਰੀ ਨੇ, ਵੀ ਮਰ ਕੇ ਤੋੜਿਆ ਦਮ ਨਾ,
ਮੈਂ ਅਪਣੇ ਹਉਕਿਆਂ ਦੇ ਵਿਚ, ਅਜੇ ਵੀ ਸਿਸਕਦੀ ਦੇਖੀ।
ਵਧਾਈ ਚਾਲ ਕਦਮਾਂ ਦੀ, ਵਿਛਾ ਕੇ ਰੋੜ ਰਾਹਾਂ ਵਿਚ,
ਤੇ ਮੁੜ ਕੇ ਚਾਲ ਮੇਰੀ 'ਤੇ, ਹੀ ਦੁਨੀਆਂ ਹਰਖ਼ਦੀ ਦੇਖੀ।
ਅਦਾ ਤੇਰੀ ਨੂੰ ਸਜ਼ਦਾ, ਹੋ ਗਿਆ ਹੈ ਏਸ ਕਰਕੇ ਵੀ,
ਕਿ ਤੇਰੀ ਗੱਲ ਨਾ ਅੱਜ ਤਕ, ਕੋਈ ਵੀ ਆਰਜ਼ੀ ਦੇਖੀ।
|
|
----ਜੇ ਆਉਣਾ ਏ, ਚੱਲ ਆ, ਰਲ ਕੇ ਬਹੀਏ ਕੋਲ,--- |
|
|
ਪੌਣਾਂ ਵੀ ਪਛਤਾਉਂਦੀਆਂ, ਬਿਰਖ ਦੇ ਪੱਤੇ ਝਾੜ।
ਨੈਣੋਂ ਨੀਰ ਵਹਾਉਂਦੀਆਂ, ਲ਼ੈ ਬੱਦਲ ਦੀ ਆੜ।
ਮਾਲੀ ਨੇ ਇਹ ਸਿੰਜਿਆ, ਸੀ ਰੀਝਾਂ ਦੇ ਨਾਲ਼,
ਸੁਣ ਨੀ ਧੁੱਪ-ਕੁਪੱਤੀਏ ! ਏਦਾਂ ਬਾਗ਼ ਨਾ ਸਾੜ।
ਤੇਰੇ ਨਾਲ ਸੀ ਸੋਹਣਿਆ, ਕੁਲ ਵਸਲਾਂ ਦੇ ਸਾਉਣ,
ਬਿਨ ਤੇਰੇ ਤਾਂ ਬਾਲਮਾਂ, ਨੇ ਹਿਜ਼ਰਾਂ ਦੇ ਹਾੜ੍ਹ।
ਪਲ-ਪਲ ਦੇ ਵਿਚ ਬਦਲਦੀ, ਦੁਨੀਆਂ ਆਪਣੇ ਰੰਗ,
ਮੂੰਹੋਂ ਮਿੱਠੇ ਬੋਲ ਨੇ, ਸੋਚਾਂ ਵਿਚ ਸਲਵਾੜ੍ਹ।
ਹੁਣ ਅਹਿਸਾਸ ਤੋਂ ਸੱਖਣੇ, ਮਿਲ ਜਾਂਦੇ ਨੇ ਲੋਕ,
ਪੀੜਾਂ, ਹੰਝੂ, ਤੋਹਮਤਾਂ, ਬਣ ਕੇ ਆਉਂਦੇ ਧਾੜ।
ਮੇਰੇ ਗੀਤਾਂ ਵਿੱਚ ਹੈ , ਹਾਲੇ ਤੀਕਰ ਸਿੱਲ੍ਹ,
ਜਾਂਦਾ ਜਾਂਦਾ ਨੱਪ ਗਿਉਂ, ਤੂੰ ਦੱਸ ਕਿਹੜੀ ਨਾੜ।
ਬਾਹਰੋਂ ਛਾਂਵਾਂ ਵੰਡ ਦਾ, ਆਪਣਾ ਫਰਜ਼ ਪਛਾਣ,
ਵਿੱਚੋਂ ਘੁਣ ਨੇ ਬਿਰਖ਼ ਨੂੰ, ਕਰ ਦਿੱਤਾ ਦੋਫਾੜ।
ਨੈਣਾਂ ਦੇ ਵਿਚ ਮਹਿਕਦੇ, ਨੇ ਲੱਖਾਂ ਹੀ ਦੇ ਖਾਬ,
ਪਰ ਮੇਰੇ ਨਾ' ਨੀਂਦਰਾਂ ,ਕਰ ਜਾਵਣ ਖਿਲਵਾੜ।
ਜੇ ਆਉਣਾ ਏ, ਚੱਲ ਆ, ਰਲ ਕੇ ਬਹੀਏ ਕੋਲ,
'ਜੀਤ' ਨਾ ਮੈਨੂੰ ਲਾਰਿਆਂ ਦੀ, ਸੂਲੀ 'ਤੇ ਚਾੜ੍ਹ।
S K,Belgium
|
|
Ikk Gazal/ Kuljeet Kaur Gazal ਤਲਵੰਡੀ ਖੁੰਮਣ |
|
|
ਬੋਲੀ ਮੇਰੇ ਇਸ ਜਨਮ ਦੀ, ਕਾਗਜ਼ ਤੇ ਕਾਨੀ ਰਹਿਣ ਦੇ l
ਲੈ ਲੈ ਤੂੰ ਮੇਰੀ ਜ਼ਿੰਦਗੀ, ਕਾਗਜ਼ ਤੇ ਕਾਨੀ ਰਹਿਣ ਦੇ ll
ਸਭ ਹੀ ਨਿਕੰਮੇ ਜਾਪਦੇ, ਰੁਤਬੇ, ਮੁਰੱਬੇ, ਡਿਗਰੀਆਂ,
ਲੈ ਲੈ ਪੜ੍ਹਾਈ ਉਮਰ ਦੀ, ਕਾਗਜ਼ ਤੇ ਕਾਨੀ ਰਹਿਣ ਦੇ ll
ਨਦੀਆਂ, ਸਮੁੰਦਰ, ਧਰਤੀਆਂ, ਉੱਜੜੇ ਉੱਜੜਦੇ ਰਹਿਣਗੇ,
ਪਿੰਡ ਜਾਂ ਉਜਾੜੀਂ ਸ਼ਹਿਰ ਵੀ, ਕਾਗਜ਼ ਤੇ ਕਾਨੀ ਰਹਿਣ ਦੇ ll
ਸਾਂਭਣ ਫਿਰੇਂ ਤਾਂ ਸਾਂਭ ਲੈ, ਸਾਰੀ ਜ਼ਮੀਂ ਜਾਇਦਾਦ ਵੀ,
ਲੈ ਸਾਂਭ ਮੇਰੀ ਹਰ ਖੁਸ਼ੀ, ਕਾਗਜ਼ ਤੇ ਕਾਨੀ ਰਹਿਣ ਦੇ ll
ਕਾਹਤੋਂ ਹੈ ਮੁੱਖ ਤੂੰ ਫੇਰਿਆ, ਏਨਾ ਭਲਾ ਕਿਉਂ ਤਲਖਿਆ ?
ਏਨੀ ਕਰੀ ਸੀ ਬੇਨਤੀ, ਕਾਗਜ਼ ਤੇ ਕਾਨੀ ਰਹਿਣ ਦੇ ll
ਨ੍ਹੇਰਾ ਚੁਪਾਸੀਂ ਪਸਰਿਆ, ਚਾਨਣ ਕਰਾਂਗੇ ਆਪ ਹੀ,
ਲੈ ਜਾ ਤੂੰ ਆਪਣੀ ਰੌਸ਼ਨੀ, ਕਾਗਜ਼ ਤੇ ਕਾਨੀ ਰਹਿਣ ਦੇ ll
ਲਿਖਦੀ ਗ਼ਜ਼ਲ ਕੁਲਜੀਤ ਹੈ, ਸਦ ਹੀ ਡੁਬੋ ਕੇ ਰੱਤ ਵਿਚ,
ਇਹ ਨਾ ਕਦੇ ਵੀ ਮੁੱਕਣੀ, ਕਾਗਜ਼ ਤੇ ਕਾਨੀ ਰਹਿਣ ਦੇ ll
|
|
---ਧੰਨ ਗੁਰੂ ਗ੍ਰੰਥ ਸਾਹਿਬ ਜੀ ..ਕੁੱਝ ਤੱਥ--- |
|
|
 ਧੰਨ ਗੁਰੂ ਗ੍ਰੰਥ ਸਾਹਿਬ ਜੀ ..ਕੁੱਝ ਤੱਥ
.......................................,,,,,,,.,,..
ਗੁਰੂ ਗ੍ਰੰਥ ਸਾਹਿਬ ਦੇ ਵਿਚ,ਚੌਦਾਂ ਸੌ ਤੀਹ ਪੱਤਰ ਨੇ
ਦਸ ਲੱਖ ਤੇ ਚੌਵੀ ਹਜ਼ਾਰ,ਮੋਤੀਆ ਵਰਗੇ ਅੱਖਰ ਨੇ
ਇਸ ਵਿਚ ਪਵਿੱਤਰ ਬਾਣੀ ਦੇ,ਪੂਰੇ ਇਕੱਤੀ ਰਾਗ ਨੇ
ਗਿਆਨ ਦਾ ਸਮੁੰਦਰ ਨੇ , ਸਚਾਈਆਂ ਦਾ ਸੈਲਾਬ ਨੇ
ਵਿਚ ਦਿਲਾਂ ਦੇ ਰਸ ਘੋਲਦੀ,ਛੇ ਗੁਰੂਆਂ ਦੀ ਬਾਣੀ ਹੈ
ਪੰਦਰਾਂ ਭਗਤਾਂ ਗਿਆਰਾਂ ਭੱਟਾ,ਦੀ ਸੱਚੀ ਗੁਰਬਾਣੀ ਹੈ
ਪੰਜ ਹਜ਼ਾਰ ਅੱਠ ਸੋ ਪੰਜ,ਸਵੱਈਏ ਸ਼ਬਦ ਸਲੋਕ ਨੇ
ਹਾਜਰਾ ਹਜ਼ੂਰ ਗ੍ਰੰਥ ਸਾਹਿਬ,ਦਸ ਗੁਰੂਆਂ ਦੀ ਜੋਤ ਨੇ
ਮਾਖਿਓ ਮਿੱਠੀਆ ਪੂਰੀਆ,ਗਿਆਰਾਂ ਭਾਸ਼ਵਾਂ ਅੰਕਿਤ ਨੇ
ਜ਼ਿਦਗੀ ਦਾ ਰਾਹ ਦਰਸਾਉਂਦੀਆ,ਚਾਰ ਲਾਵਾਂ ਅੰਕਿਤ ਨੇ
ਵਾਹਿਗੁਰੂ ਸ਼ਬਦ ਇਸ ਵਿਚ,ਸੋਲਾਂ ਵਾਰੀ ਆਉਦਾ ਹੈ
ਅਣੰਜਾ ਵਾਗੇ ''ਅੱਲਾ'' ਸ਼ਬਦ,ਇਸ ਵਿਚ ਸ਼ੋਭਾ ਪਾਉਂਦਾ ਹੈ
ਪੱਚੀ ਸੌ ਤੇ ਤੇਤੀ ਵਾਰੀ,ਜ਼ਿਕਰ ਆਉਂਦਾ ਹੈ''ਰਾਮ'' ਦਾ
ਪੂਰੇ ਤਿੰਨ ਸੋ ਚੌਵੀ ਵਾਰੀ,ਪ੍ਰਬ੍ਰਹਮ ਦੇ ਨਾਮ ਦਾ
ਸੱਚ ਤੇ ਝੂਠ ਨੂੰ ਮਾਪਣ ਦਾ,ਸਾਡੇ ਕੋਲ ਪੈਮਾਨਾ ਹੈ
ਗ੍ਰੰਥ ਸਾਹਿਬ ਜੀ ਬਾਣੀ ਦਾ,ਸੁੱਚਾ ਅਨਮੋਲ ਖਜ਼ਾਨਾ ਹੈ
ਦੇਹਧਾਰੀ ਸਾਧ ਪਾਖੰਡੀਆ ਨੂੰ ਤੁਸੀ ਗੁਰੂ ਬਣਾਉ ਨਾ
ਸ਼ਬਦ ਗੁਰੂ ਲੜ ਲੱਗ ਜਾਓ,ਐਵੇ ਸਮਾਂ ਗਵਾਉ ਨਾ
ਦੁਨੀਆ ਉੱਤੇ ਬੇਦ ਕਤੇਬ,ਭਾਵੇ ਲੱਖ ਕਰੋੜ ਨੇ
ਡਾਨਸੀਵਾਲੀਆ ਜ਼ਿਦਗੀ ਦਾ ,ਗ੍ਰੰਥ ਸਾਹਿਬ ਨਿਚੋੜ ਨੇ
............................................................
ਕੁਲਵੀਰ ਸਿੰਘ ਡਾਨਸੀਵਾਲ 778.863.2472
|
|
----ਪਲ ਭਰ ਲਈ ਤਾਂ 'ਜੀਤ' ਨੂੰ ਰੂਹ ਤੋ, ਗਾਵਣ ਦੇਹ ।---- |
|
|
 ਮੈਂ ਹਾੜ੍ਹ ਜਿਹਾ ਜੀਵਨ ਕੀ ਕਰਨਾ, ਸਾਵਣ ਦੇਹ ।
ਮੌਲਾ ! ਮੈਨੂੰ ਖੁਦ ਨਾਲ ਮੁਹੱਬਤ, ਪਾਵਣ ਦੇਹ ।
ਮੈਂ ਤੇਰੀ ਰਹਿਮਤ ਦੀ ਬਾਰਿਸ਼ ਵਿਚ ਭਿੱਜਣਾ ਏ,
ਤੂੰ, ਮੇਰੇ ਘਰ ਦੇ ਵੱਲ ਛਰਾਟੇ, ਆਵਣ ਦੇਹ ।
ਇਹ ਜੋ, ਮੂੰਹਜ਼ੋਰੇ ਤੇ ਮੋਹ ਖੋਰੇ ਰਿਸ਼ਤੇ ਨੇ,
ਚੱਲ ਛੱਡ ਦਿਲਾ ! ਜੇ ਜਾਂਦੇ ਨੇ, ਤਾਂ ਜਾਵਣ ਦੇਹ ।
ਕਿਹੜੀ ਗੱਲੋਂ ਨਿੱਤ ਸੋਚ ਦੀ ਸੂਲੀ ਚੜਦਾਂ ਏਂ ?
ਤੂੰ ਕੁਦਰਤ ਵਾਂਗੂ, ਹੋਠਾਂ ਨੂੰ ਮੁਸਕਾਵਣ ਦੇਹ ।
ਜੇ ਕੋਈ ਖਾਬਾਂ ਦੇ ਵਿਚ, ਆ ਕੇ ਭਰਮਾਉਦੈ,
ਆਪਣਾ ਵੀ ਕੀ ਜਾਂਦਾ ਏ, ਤੂੰ ਭਰਮਾਵਣ ਦੇਹ ।
ਕਿਉਂ ਨਿੱਤ ਦਿਮਾਗ ਨੂੰ ਇੱਕ ਫਤੂਰ ਜਿਹਾ ਚੜ੍ਹਦੈ,
ਇਕ ਵਾਰੀ ਤਾਂ ਮੈਨੂੰ ਦਿਲ ਸਮਝਾਵਣ ਦੇਹ ।
ਤੇਰੇ ਕਣ-ਕਣ ਦੇ ਵਿਚ ਗਜ਼ਲਾਂ ਗੂੰਜਦੀਆਂ,
ਪਲ ਭਰ ਲਈ ਤਾਂ 'ਜੀਤ' ਨੂੰ ਰੂਹ ਤੋ, ਗਾਵਣ ਦੇਹ ।
|
|
ਹਾਏ ਚੰਨਣਾ ਵੇ ਬਾਗੀਂ ਰੋਂਦੀਆਂ ਚੰਬੇਲੀਆਂ.....ਸੁਖਵਿੰਦਰ ਅੰਮ੍ਰਿਤ |
|
|
 ਕੀਹਨੇ ਤੈਨੂੰ ਵੱਢ ਕੇ ਬਣਾ ਲਈਆਂ ਗੇਲੀਆਂ
ਹਾਏ ਚੰਨਣਾ ਵੇ, ਬਾਗੀਂ ਰੋਂਦੀਆਂ ਚੰਬੇਲੀਆਂ
ਕੱਲ੍ਹ ਤਾਂ ਤੂੰ ਝੂਮਦਾ ਸੀ ਅੰਬੀਆਂ ਦੇ ਕੋਲ ਵੇ
ਮਹਿੰਗੀ ਤੇਰੀ ਹੋਂਦ ਸੀ ਜਵਾਨੀ ਅਣਮੋਲ ਵੇ
ਕੀਹਨੇ ਤੇਰੇ ਅੰਗਾਂ ਦੀਆਂ ਵੱਟ ਲਈਆਂ ਧੇਲੀਆਂ
ਨਿੱਕੇ ਨਿੱਕੇ ਜੀਆਂ ਦਾ ਤੂੰ ਵੱਡਾ ਸੰਸਾਰ ਸੀ
ਤੇਰੇ ਨਾਲ ਦੁਨੀਆਂ ਦੇ ਨਾਤੇ ਬੇਸ਼ੁਮਾਰ ਸੀ
ਧਰਤੀ ਸੀ ਮਾਂ ਤੇਰੀ ਪੌਣਾਂ ਸੀ ਸਹੇਲੀਆਂ
ਭਰ ਭਰ ਝੋਲੀਆਂ ਤੂੰ ਦਾਤਾਂ ਰਿਹਾ ਵੰਡਦਾ
ਕਿਸੇ ਕੋਲੋਂ ਸੁਣਿਆਂ ਨਾ ਪਾਣੀ ਵੀ ਤੂੰ ਮੰਗਦਾ
ਖ਼ਬਰੇ ਤੂੰ ਕੀ ਕੀ ਜਿੰਦ ਆਪਣੀ ਤੇ ਝੇਲੀਆਂ
ਰੁੱਖ ਬੂਟੇ ਬੰਦਿਆਂ ਦੀ ਖ਼ੈਰ ਸਦਾ ਮੰਗਦੇ
ਬੰਦੇ ਪਰ ਉਹਨਾਂ ਨੂੰ ਨਾ ਵੱਢਣੋਂ ਵੀ ਸੰਗਦੇ
ਵੱਢ ਵੱਢ ਰੁੱਖਾਂ ਨੂੰ ਉਸਾਰਦੇ ਹਵੇਲੀਆਂ
ਹਾਏ ਚੰਨਣਾ ਵੇ ਬਾਗੀਂ ਰੋਂਦੀਆਂ ਚੰਬੇਲੀਆਂ.....ਸੁਖਵਿੰਦਰ ਅੰਮ੍ਰਿਤ
|
|
ਦੁੱਖ-ਸੁੱਖ ਵੇਲੇ ਧੀਆਂ ਭਾਲਦੀਆਂ ਜਿਹੜੀ ਸਾਡੇ ਸਿਰਾਂ ਤੇ ਤੂੰ ਮਾਏ ਸਾਏਬਾਨ ਨੀ । |
|
|
 ਤਲ਼ੀਆਂ ‘ਤੇ ਚੋਗ ਮਾਏ ਧੀਆਂ ਨੂੰ ਚੁਗਾਵੇਂ
ਤੇਰੀ ਵਸਦੀ ਏ ਧੀਆਂ ਵਿੱਚ ਜਾਨ ਨੀ
ਦੁੱਧ ਨਾਲ ਮੁੱਖ ਧੋਵੇਂ ਦਹੀ ਨਾਲ ਕੇਸ
ਕਦੇ ਦੇਖਦੀ ਨਾ ਨਫ਼ੇ ਨੁਕਸਾਨ ਨੀ
ਤੇਰੇ ਸਾਕ ਨਾਲ਼ੋਂ ਸੁੱਚਾ ਜੱਗ ਤੇ ਨਾ ਸਾਕ
ਤੇਰੀ ਮਮਤਾ ਬੜੀ ਹੀ ਮੁੱਲਵਾਨ ਨੀ
ਦੁੱਖ-ਸੁੱਖ ਵੇਲੇ ਧੀਆਂ ਭਾਲਦੀਆਂ ਜਿਹੜੀ
ਸਾਡੇ ਸਿਰਾਂ ਤੇ ਤੂੰ ਮਾਏ ਸਾਏਬਾਨ ਨੀ ।
ਤੇਰਿਆ ਬਨੇਰਿਆਂ ਦੀ ਧੁੱਪ ਹੈ ਗੁਲਾਬੀ
ਸ਼ਾਮਾਂ ਜਾਪਦੀਆਂ ਸਖੀਆਂ ਸਮਾਨ ਨੀ
ਮੱਖਣੀਆਂ ਝੱਸ ਝੱਸ ਧੀਆਂ ਦੇ ਤੂੰ ਕੇਸੀਂ
ਵਾਹ ਕੇ ਪੱਟੀਆਂ ਬਣਾਵੇਂ ਧੀ ਰਕਾਨ ਨੀ
ਤਾਰੇ ਸਾਡੀ ਮੰਜੜੀ ਦੀ ਦੌਣ ‘ਚ ਪਰੋ ਕੇ
ਧਰੇਂ ਪੈਰਾਂ ਹੇਠ ਸਾਡੇ ਅਸਮਾਨ ਨੀ
ਦੁੱਖ-ਸੁੱਖ ਵੇਲੇ ਧੀਆਂ ਭਾਲਦੀਆਂ ਜਿਹੜੀ
ਸਾਡੇ ਸਿਰਾਂ ਤੇ ਤੂੰ ਮਾਏ ਸਾਏਬਾਨ ਨੀ ।
ਚਾਂਦੀ ਦੇ ਸੰਦੂਕਾਂ ਵਿੱਚ ਦਾਜ ਸਾਨੂੰ ਦੇਵੇਂ
ਨਾਲ ਮਹਿਕਾਂ ਵਾਲੇ ਬਾਗ਼ ਕਰੇਂ ਦਾਨ ਨੀ
ਚਿੱਟਿਆਂ ਮੋਰਾਂ ਦੀ ਡਾਰ ਦਿੱਤੀ ਸਾਨੂੰ ਜਿਹੜੀ
ਪਾ ਪਾ ਪੈਲਾਂ ਦੇਣ ਸਾਨੂੰ ਸਨਮਾਨ ਨੀ
ਅਕਲਾਂ ਦੀ ਪੂੰਜੀ ਦੇ ਕੇ ਤੋਰੇਂ ਧੀਆਂ ਸੁਹਰੇ
ਪਿੱਛੇ ਹਾਸਿਆਂ ਦੀ ਛੱਡ ਜਾਣ ਭਾਨ ਨੀ
ਦੁੱਖ-ਸੁੱਖ ਵੇਲੇ ਧੀਆਂ ਭਾਲਦੀਆਂ ਜਿਹੜੀ
ਸਾਡੇ ਸਿਰਾਂ ਤੇ ਤੂੰ ਮਾਏ ਸਾਏਬਾਨ ਨੀ ।
ਜੁੱਗ ਜੁੱਗ ਵਸਦੀਆਂ ਰਹਿਣ ਏਥੇ ਮਾਂਵਾਂ
ਮਾਂਵਾਂ ਨਾਲ ਇਹ ਜੱਗ ਧਨਵਾਨ ਨੀ
ਸੁੱਖਾਂ ਦਾ ਸਵੇਰਾ ਮਾਏ ਖੇਡੇ ਤੇਰੇ ਨੈਣੀਂ
ਖੇਡੇ ਬੁੱਲਾਂ ਉੱਤੇ ਸਦਾ ਮੁਸਕਾਨ ਨੀ
ਨਿੱਤ ਤੇਰੀ ਦੇਹਲ਼ੀ ਉੱਤੇ ਰੱਬ ਬੈਠਾਂ ਦੇਖਾਂ
ਬੈਠਾ ਹੋਵੇ ਜਿਵੇਂ ਕੋਈ ਦਰਬਾਨ ਨੀ
ਦੁੱਖ-ਸੁੱਖ ਵੇਲੇ ਧੀਆਂ ਭਾਲਦੀਆਂ ਜਿਹੜੀ
ਸਾਡੇ ਸਿਰਾਂ ਤੇ ਤੂੰ ਮਾਏ ਸਾਏਬਾਨ ਨੀ ।
ਨੀਲੂ ਜਰਮਨੀ
|
|
ਮੈਂ ਅਜ਼ਲਾਂ ਤੋਂ ਦਿਲ ਦੇ ਬੂਹੇ, ਫੁੱਲ ਸਰੀਂਹ ਦੇ ਟੰਗੇ ਨੇ । |
|
|
 ਮੇਰੇ ਦਿਲ ਦੇ ਚਾਅ ਜਦੋਂ ਵੀ, ਦੁਨੀਆਂ ਕੋਲੋਂ ਸੰਗੇ ਨੇ ।
ਮੈਂ ਸਤਰੰਗੀ ਪੀਂਘ ਦੇ ਕੋਲੋਂ, ਰੰਗ ਉਧਾਰੇ ਮੰਗੇ ਨੇ ।
ਮੈਂ ਚਾਹਤ ਦੀ ਸਰਦਲ ਉੱਤੇ, ਤੇਰਾ ਨਾਮ ਉਲੀਕ ਲਿਆ,
ਮੇਰੀਆਂ ਗ਼ਜ਼ਲਾਂ ਵਾਲੇ ਸ਼ੇਅਰ, ਤਦੇ ਸੰਧੂਰੀ ਰੰਗੇ ਨੇ ।
ਤੂੰ ਖ਼ਾਬਾਂ ਨੂੰ ਸ਼ਬਦਾਂ ਦੇ ਵਿਚ, ਕੈਦ ਨਾ ਐਵੇਂ ਕਰਿਆ ਕਰ,
ਮੈਨੂੰ ਲੱਗਦੈ, ਏਦਾਂ ਕਰਕੇ, ਸੁਫ਼ਨੇ ਹੁੰਦੇ ਨੰਗੇ ਨੇ ।
ਬੀਤੇ ਸਮਿਆਂ ਦੇ ਵਿਚ ਜਿਹੜੇ, ਵਕਤ ਹੰਢਾਉਣੇ ਔਖੇ ਸੀ,
ਖਵਰੇ ਮੈਨੂੰ ਕੀ ਹੋਇਆ ਏ, ਹੁਣ ਉਹ ਲੱਗਦੇ ਚੰਗੇ ਨੇ ।
ਆਖਣ ਨੂੰ ਤਾਂ ਮੇਰੇ ਦੇਸ਼ ਦੀ, ਧਰਤੀ ਰਿਸ਼ੀਆਂ ਮੁਨੀਆਂ ਦੀ
ਪਰ ਉਹਨਾਂ ਦੇ ਨਾਂ ਤੇ ਲੜਦੇ, ਲੋਕ ਬੜੇ ਬੇਢੰਗੇ ਨੇ।
ਚੁੱਪ ਦੀ ਬੋਲੀ ਸਮਝਣ ਵਾਲਾ, ਏਥੇ ਕੋਈ ਦਿਸਦਾ ਨਹੀਂ,
ਦਰਦਾਂ ਮਾਰੇ ਬਿਰਖ ਕੀ ਦੱਸਣ, ਜ਼ਹਿਰੀ ਪੌਣ ਦੇ ਡੰਗੇ ਨੇ ।
ਸਾਡੀ ਸੋਚਣ ਸ਼ਕਤੀ ਅੱਜਕਲ੍ਹ, ਏਸੇ ਕਰਕੇ ਡੋਲ ਰਹੀ ,
ਅਹਿਸਾਸਾਂ ਦੀ ਧਰਤੀ ਉੱਤੇ, ਅਕਸਰ ਹੁੰਦੇ ਦੰਗੇ ਨੇ।
ਕਰਦੇ ਕਰਦੇ 'ਜੀਤ' ਉਡੀਕਾਂ, ਉਮਰੋਂ ਲੰਮੀਆਂ ਹੋ ਗਈਆਂ,
ਮੈਂ ਅਜ਼ਲਾਂ ਤੋਂ ਦਿਲ ਦੇ ਬੂਹੇ, ਫੁੱਲ ਸਰੀਂਹ ਦੇ ਟੰਗੇ ਨੇ ।
|
|
|