
ਮੇਰੇ ਸ਼ਹਿਰ ਦੀ ਇਹ ਦਾਸਤਾਨ ਹੈ । ਉਹ ਅਮੀਰ ਘਰ ਦਾ ਅਣਮੁੱਲਾ ਲਾਲ ਸੀ । ਉਸਦਾ ਨਾਮ ਵੀ ਲਾਲ ਸਿੰਘ ਸੀ । ਨਹਿਰੂ ਵਾਂਙ ਜੰਮਦਿਆਂ ਹੀ ਮੂੰਹ ਵਿੱਚ ਚਾਂਦੀ ਦਾ ਚਮਚ ਲੈ ਕੇ ਜੰਮਿਆਂ ਸੀ। ਉਸਨੂੰ ਹਮੇਸ਼ਾਂ ਰੇਸ਼ਮੀ ਪੱਟਾਂ ਵਿੱਚ ਲਿਪੇਟਿਆ ਜਾਂਦਾ। ਗਲੀਚੇ ਤੋਂ ਬਿਨ੍ਹਾਂ ਕਦੀ ਪੈਰ ਜ਼ਮੀਨ ਤੇ ਨਹੀਂ ਰੱਖਿਆ ਸੀ। ਉਸਨੂੰ ਰੁੱਤਾਂ ਦਾ ਗਿਆਨ ਨਹੀਂ ਸੀ। ਉਸਨੂੰ ਨਾ ਹੀ ਗਰਮੀ ਸਰਦੀਆਂ ਦੀ ਔਖ ਸੌਖ ਦਾ ਅਹਿਸਾਸ ਸੀ ਨਾਹੀ ਅਮੀਰ ਗਰੀਬ ਦਾ ਬੋਧ ਸੀ ਬਚਪਨ ਤੋਂ ਜਵਾਨੀ ਵਿੱਚ ਪੈਰ ਰੱਖਿਆ ਤਾਂ ਉਸਨੂੰ ਮਾਪਿਆਂ ਦੀ ਅਥਾਹ ਦੌਲਤ ਅਤੇ ਚੜ੍ਹਤ ਵਾਲਾ ਵਪਾਰ ਮਿਲਿਆ । ਬਸ ਜ਼ਿੰਦਗੀ ਵਿੱਚ ਅਰਾਮ ਅਤੇ ਐਸ਼ਪ੍ਰਸਤੀ ਦਾ ਰਾਜ ਸੀ । ਨੌਕਰਾਂ ਦੀ ਫ਼ੌਜ ਸੀ । ਸਵੇਰ ਦੀ ਨਿੱਤਕਿਰਿਆ ਤੋਂ ਲੈਕੇ ਸੌਣ ਤੱਕ ਦੋ ਨੌਕਰ ਹਾਜ਼ਰ ਰਹਿੰਦੇ । ਨਤੀਜਾ ਉਸ ਨੂੰ ਬੜਾ ਸਖਤ ਦਿਲ ਦਾ ਦੌਰਾ ਪਿਆ ।ਡਾਕਟਰ ਨੇ ਲੰਬੀ ਸੈਰ ਲਈ ਕਿਹਾ ।ਕਾਰ ਰਾਹੀਂ ਦੋ ਨੌਕਰਾਂ ਨਾਲ ਬਾਰਾਂ ਦਰੀ ਪਹੁੰਚਦਾ । ਕਾਰ ਤੋਂ ਉਤਰ ਕੇ ਦੂਰ ਤੱਕ ਸੈਰ ਕਰਦਾ ।
ਗੌਤਮ ਵਾਂਙ ਬਾਹਰਲੀ ਦੁਨੀਆਂ ਨਾਲ ਵਾਸਤਾ ਪਿਆ। ਵੱਖ ਵੱਖ ਦਿਨਾਂ ਵਿੱਚ ਗਰਮੀ ਸਰਦੀ ਅਤੇ ਬਰਸਾਤ ਦਾ ਅਨੰਦ ਲਿਆ। ਆਸੇ ਪਾਸੇ ਹਰ ਤਰ੍ਹਾਂ ਦੇ ਲੋਕਾਂ ਨੂੰ ਦੇਖਿਆ , ਬਹੁਤ ਸਾਰੇ ਲੋਕਾਂ ਨੂੰ ਬੇਆਸਰੇ ਬੇਘਰੇ ਦਰੱਖਤਾਂ ਹੇਠ ਬੈਠੇ ਦੇਖੇ । ਗ਼ਰੀਬਾਂ ਨੂੰ ਨਫ਼ਰਤ ਦੀ ਨਿਗਾਹ ਨਾਲ ਦੇਖਦੇ ਹੋਏ ਉਹ ਮੂੰਹ ਸਿਰ ਕਪੜੇ ਲਪੇਟ ਕੇ ਪਤਰਾ ਵਾਚ ਕੇ ਲੰਘ ਜਾਂਦਾ ।
ਰੱਬ ਦੀ ਕਰਨੀ ਦੇਖੋ , ਇਕ ਦਿਨ ਇਕ ਵੱਡੇ ਦਰੱਖਤ ਦੇ ਲੱਗਿਆ ਮਖ਼ਿਆਲ ਦੇ ਛੱਤੇ ਤੇ ਕਿਸੀ ਸ਼ਰਾਰਤੀ ਬੱਚੇ ਨੇ ਰੋੜੀ ਮਾਰ ਕੇ ਛੇੜ ਦਿੱਤਾ । ਮਿੰਟਾਂ ਸਕਿੰਟਾਂ ਵਿੱਚ ਸ਼ਹਿਦ ਦੀਆਂ ਮੱਖੀਆਂ ਨੇ ਸਾਰਿਆਂ ਤੇ ਹੱਲਾ ਬੋਲ ਦਿੱਤਾ । ਇਸ ਵਿੱਚ ਲਾਲ ਸਿੰਘ ਵੀ ਲਪੇਟ ਵਿੱਚ ਆ ਗਿਆ । ਲਾਲ ਸਿੰਘ ਅੱਗੇ ਅੱਗੇ ਮੱਖੀਆਂ ਪਿੱਛੇ ਪਿੱਛੇ .. ਸਾਰਿਆਂ ਨੂੰ ਆਪੋਧਾਪੀ ਪੈ ਗਈ । ਮੱਖੀਆਂ ਉਸਨੂੰ ਡੰਗ ਮਾਰ ਮਾਰ ਬੇਹਾਲ ਕਰ ਰਹੀਆਂ ਸੀ, ਦਰਦ ਨਾਲ ਵਿਲਕਦੇ ਹੋਏ ਉਹ ਜ਼ਮੀਨ ਤੇ ਗਿਰ ਗਿਆ । ਇੰਨੇ ਚ ਇਕ ਭਿਖਾਰੀ ਨੇ ਉਸਦੇ ਪਿੱਛੇ ਆ ਕੇ ਆਪਣਾ ਕੰਬਲ ਉਸ ਦੇ ਉਪਰ ਪਾ ਦਿੱਤਾ, ਅੱਜ ਲਾਲ ਨੂੰ ਕੰਬਲ ਵਿੱਚੋਂ ਮੁਸ਼ਕ ਨਹੀਂ ਆ ਰਹੀ ਸੀ ।
ਲਾਲ ਓਦੋਂ ਤੱਕ ਕੰਬਲ ਦੀ ਬੁੱਕਲ ਵਿੱਚ ਰਿਹਾ , ਸੀ ।ਜਦੋਂ ਤੱਕ ਮੱਖੀਆਂ ਦੇ ਸ਼ਾਂਤ ਹੋਣ ਤੇ ਉਸ ਦੇ ਨੌਕਰ ਉਸਨੂੰ ਲੈਣ ਲਈ ਆ ਨਾ ਗਏ । ਕੰਬਲ ਤੋਂ ਬਾਹਰ ਨਿਕਲ ਕੇ ਦੇਖਿਆ ਕਿ ਭਿਖਾਰੀ ਉਸਦੇ ਨਜ਼ਦੀਕ ਸਿਰ ਮੂੰਹ ਲੱਤਾਂ ਬਾਹਾਂ ਇਕੱਠੀਆਂ ਕਰਕੇ ਉਕੜੂ ਹੋ ਕੇ ਲੇਟਿਆ ਹੋਇਆ ਦਰਦ ਨਾਲ ਤਰਫ਼ ਰਿਹਾ ਸੀ । ਮੱਖੀਆਂ ਨੇ ਉਸਨੂੰ ਡੰਗ ਮਾਰ ਮਾਰ ਹਾਲੋਂ ਬੇਹਾਲ ਕਰ ਦਿੱਤਾ । ਉਸਦਾ ਹਾਲ ਦੇਖ ਕੇ ਲਾਲ ਸਿੰਘ ਦੇ ਅੱਖਾਂ ਚ ਹੰਝੂ ਸੁੱਕ ਨਹੀਂ ਰਹੇ ਸਨ । ਉਸਨੇ ਜਲਦੀ ਨਾਲ ਬੇਹੋਸ਼ ਭਿਖਾਰੀ ਨੂੰ ਚੁੱਕਵਾ ਕੇ ਹਸਪਤਾਲ ਵਿੱਚ ਪਹੁੰਚਾਇਆ , ਪਰ ਦੇਰ ਹੋ ਚੁੱਕੀ ਸੀ , ਮੱਖੀਆਂ ਦੇ ਡੰਗ ਅਸਰ ਕਰਨ ਕਰਕੇ ਥੋੜ੍ਹੀ ਦੇਰ ਵਿੱਚ ਹੀ ਉਸਦੀ ਮੌਤ ਹੋ ਗਈ।
ਭਿਖਾਰੀ ਨੇ ਲਾਲ ਸਿੰਘ ਦੀ ਜਾਨ ਬਚਾ ਕੇ ਆਪਣੇ ਪ੍ਰਣਾਂ ਦੀ ਕਸੂਤੀ ਦੇ ਕੇ ਉਸਨੂੰ ਜੀਵਨ ਜਾਚ ਦਾ ਵੱਡਾ ਸੰਦੇਸ਼ ਦੇ ਦਿੱਤਾ ।
ਤੁਸੀਂ ਜਾਣਦੇ ਹੀ ਹੋ ਮੱਖੀਆਂ ਫ਼ੁੱਲਾਂ ਦਾ ਰਸ ਚੂਸ ਕੇ ਸ਼ਹਿਦ ਤਿਆਰ ਕਰਦੀਆਂ ਹਨ, ਜੋ ਕਿ ਸਾਡੀ ਸਿਹਤ ਲਈ ਅੰਮ੍ਰਿਤ ਹੈ । ਇਹ ਕਈਂ ਦਵਾਈਆਂ ਵਿੱਚ ਪੈਂਦਾ ਹੈ ।ਇਸ ਦੇ ਸੇਵਨ ਨਾਲ ਨਿਰੋਗ ਕਾਇਆ ਮਿਲਦੀ ਹੈ ।
ਦਿਲ ਦਿਮਾਗ ਤੰਦਰੁਸਤ ,ਅੱਖਾਂ ਦੀ ਰੋਸ਼ਨੀ ਤੇਜ਼ ਅਤੇ ਸਰੀਰ ਦਾ ਭਾਰ ਘਟਾਉਣ ਦੇ ਕੰਮ ਆਉਂਦਾ ਹੈ । ਸ਼ਹਿਦ ਦੀਆਂ ਮੱਖੀਆਂ ਮਾਨਵਤਾ ਦੀ ਸੇਵਾ ਕਰਦੀਆਂ ਹਨ ।ਪਰ ਜੇ ਇਨ੍ਹਾਂ ਨਾਲ ਕੋਝੀ ਸ਼ਰਾਰਤ ਕੀਤੀ ਜਾਵੇ ਤਾਂ ਆਪਣਾ ਬਦਲਾ ਲੈਣਾ ਨਹੀਂ ਭੁੱਲਦੀਆਂ
ਮਨਮੋਹਨ ਕੌਰ
ਉਧਾਰੀ ਤਸਵੀਰ ਧੰਨਵਾਦ ਸਹਿਤ