ਤਾਲਿਬਾਨ ਨੇ ਹਿੰਸਕ ਘਟਨਾਵਾਂ ਤੇਜ ਕੀਤੀਆਂ |
|
|
ਕਾਬੁਲ, 08 ਅਗਸਤ (ਮੀਡੀਆ ਦੇਸ਼ ਪੰਜਾਬ ਬੀਊਰੋ): ਤਾਲਿਬਾਨ ਨੇ ਇਕ ਮੈਡੀਕਲ ਟੀਮ ਦੇ 10 ਮੈਂਬਰਾਂ ਨੂੰ ਉਦੋਂ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਜਦੋਂ ਇਹ ਉੱਤਰੀ ਅਫਗਾਨਿਸਤਾਨ ਵਿਚ ਦੂਰ-ਦਰਾਜ ਦੇ ਇਕ ਪਿੰਡ 'ਚ ਅੱਖਾਂ ਅਤੇ ਹੋਰ ਬਿਮਾਰੀਆਂ ਸਬੰਧੀ ਕੈਂਪ ਲਾ ਕੇ ਪਰਤ ਰਹੇ ਸਨ। ਮ੍ਰਿਤਕਾਂ ਵਿਚ ਛੇ ਅਮਰੀਕੀਆਂ ਸਣੇ ਅੱਠ ਵਿਦੇਸ਼ੀ ਸਨ। ਇਹ ਘਟਨਾ ਨੁਰਿਸਤਾਨ ਸੂਬੇ ਵਿਚ ਵਾਪਰੀ। ਇੰਟਰਨੈਸ਼ਨਲ ਅਸਿਸਟੈਂਟ ਮਿਸ਼ਨ ਦੇ ਡਾਇਰੈਕਟਰ ਡਰਕ ਫਰਾਨਜ਼ ਨੇ ਦੱਸਿਆ ਕਿ ਮ੍ਰਿਤਕਾਂ ਵਿਚ ਛੇ ਅਮਰੀਕੀ, ਦੋ ਅਫ਼ਗਾਨ ਅਤੇ ਇਕ-ਇਕ ਬਰਤਾਨਵੀ ਤੇ ਜਰਮਨ ਬਾਸ਼ਿੰਦੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਲੋਕ ਨੂਰਿਸਤਾਨ ਸੂਬੇ ਵਿਚ ਪਹਾੜਾਂ ਵਿੱਚੋਂ ਕਈ ਘੰਟੇ ਪੈਦਲ ਤੁਰ ਕੇ ਪੁੱਜਣ ਪਿੱਛੋਂ ਪਾਰੁਨ ਵਾਦੀ ਵਿਚ ਦੋ ਹਫ਼ਤਿਆਂ ਦਾ ਕੈਂਪ ਲਾ ਕੇ ਪਰਤ ਰਹੇ ਸਨ। ਦੂਜੇ ਪਾਸੇ ਤਾਲਿਬਾਨ ਦੇ ਤਰਜਮਾਨ ਜ਼ਬੀਉੱਲਾ ਮੁਜਾਹਿਦ ਨੇ ਐਸੋਸੀਏਟਡ ਪ੍ਰੈਸ ਨੂੰ ਪਾਕਿਸਤਾਨ ਵਿਚ ਦੱਸਿਆ ਕਿ ਇਨ੍ਹਾਂ ਨੂੰ ਇਸ ਕਾਰਨ ਹਲਾਕ ਕੀਤਾ ਗਿਆ ਹੈ ਕਿਉਂਕਿ ਉਹ 'ਅਮਰੀਕੀਆਂ ਲਈ ਜਾਸੂਸੀ' ਕਰ ਰਹੇ ਸਨ ਅਤੇ ਨਾਲ ਹੀ 'ਈਸਾਈ ਧਰਮ ਦਾ ਪ੍ਰਚਾਰ' ਕਰ ਰਹੇ ਸਨ। ਸ੍ਰੀ ਫਰਾਨਜ਼ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਇਕ ਗ਼ੈਰ ਮੁਨਾਫਾ ਕਮਾਊ ਈਸਾਈ ਸੰਸਥਾ ਵਜੋਂ ਰਜਿਸਟਰਡ ਹੈ ਪਰ ਇਹ ਧਰਮ ਬਦਲੀ ਨਹੀਂ ਕਰਾਉਂਦੀ। ਉਨ੍ਹਾਂ ਕਿਹਾ, ''ਸਾਡੀ ਸੰਸਥਾ 1966 ਤੋਂ ਅਫ਼ਗਾਨ ਲੋਕਾਂ ਦੀ ਸੇਵਾ ਕਰ ਰਹੀ ਹੈ ਪਰ ਇਸ ਘਟਨਾ ਦਾ ਸਾਡੇ ਵੱਲੋਂ ਸੇਵਾ ਨਿਭਾਉਣ ਉੱਤੇ ਮਾੜਾ ਅਸਰ ਪਵੇਗਾ। ਉਨ੍ਹਾਂ ਦੱਸਿਆ ਕਿ ਟੀਮ ਵਿਚ ਡਾਕਟਰ, ਨਰਸਾਂ ਅਤੇ ਸਾਮਾਨ ਲਿਜਾਣ ਵਾਲੇ ਕਾਮੇ ਸ਼ਾਮਲ ਹਨ।ਉਨ੍ਹਾਂ ਕਿਹਾ ਕਿ ਇਹ ਟੀਮ ਉਦੋਂ ਕਾਬੁਲ ਨੂੰ ਪਰਤ ਰਹੀ ਸੀ ਜਦੋਂ ਹਮਲਾ ਹੋਇਆ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਵਾਪਸੀ ਲਈ ਬਾਦਖ਼ਸ਼ਾਨ ਸੂਬੇ ਦਾ ਰਾਹ ਚੁਣਿਆ ਸੀ ਕਿਉਂਕਿ ਉਨ੍ਹਾਂ ਨੂੰ ਇਹ ਰਾਹ ਸਭ ਤੋਂ ਵੱਧ ਸੁਰੱਖਿਅਤ ਜਾਪਦਾ ਸੀ। ਉਨ੍ਹਾਂ ਕਿਹਾ ਕਿ ਟੀਮ ਦਾ ਮੁਖੀ ਟਾਮ ਲਿਟਲ ਬੀਤੇ 30 ਸਾਲਾਂ ਤੋਂ ਅਫ਼ਗਾਨਿਸਤਾਨ ਵਿਚ ਕੰਮ ਕਰ ਰਿਹਾ ਸੀ ਤੇ ਉਹ ਨਿਊਯਾਰਕ ਨਾਲ ਸਬੰਧਤ ਸੀ। ਉਸ ਨੂੰ ਅਗਸਤ 2001 ਵਿਚ ਤਾਲਿਬਾਨ ਸਰਕਾਰ ਨੇ ਦੇਸ਼ ਤੋਂ ਬਾਹਰ ਕੱਢ ਦਿੱਤਾ ਸੀ ਪਰ ਨਵੰਬਰ 2001 ਵਿਚ ਤਾਲਿਬਾਨ ਸਰਕਾਰ ਦੇ ਖ਼ਾਤਮੇ ਪਿੱਛੋਂ ਉਹ ਫੇਰ ਅਫਗਾਨਿਸਤਾਨ ਵਿਚ ਆ ਗਿਆ ਸੀ।
|
|
ਬਰਤਾਨੀਆ 'ਚ ਜ਼ਰਦਾਰੀ 'ਤੇ ਸੁੱਟੀ ਜੁੱਤੀ! |
|
|
ਇਸਲਾਮਾਬਾਦ, 08 ਅਗਸਤ (ਮੀਡੀਆ ਦੇਸ਼ ਪੰਜਾਬ ਬੀਊਰੋ): ਪਾਕਿਸਤਾਨੀ ਮੀਡੀਆ ਵਿਚ ਅੱਜ ਆਈ ਇਕ ਖ਼ਬਰ ਅਨੁਸਾਰ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਦਾ ਸੁਆਗਤ ਬਰਤਾਨੀਆ ਦੇ ਇਕ ਸ਼ਹਿਰ ਬਰਮਿੰਘਮ ਵਿਚ ਪੀ.ਪੀ.ਪੀ. ਦੇ ਇਕ ਸ਼ੈਸਨ ਵਿਚ ਤਾੜੀਆਂ ਦੀ ਬਜਾਏ ਜੁੱਤੀ ਨਾਲ ਹੋਇਆ। ਹਾਲਾਂਕਿ ਉਹ ਬਚ ਗਏ। ਦੂਜੇ ਪਾਸੇ ਰਾਸ਼ਟਰਪਤੀ ਦੇ ਸਹਾਇਕ ਅਧਿਕਾਰੀ ਇਸ ਗੱਲ 'ਤੇ ਜ਼ੋਰ ਦੇ ਰਹੇ ਹਨ ਕਿ ਜ਼ਰਦਾਰੀ ਦੀ ਬਰਤਾਨਵੀ ਯਾਤਰਾ ਦੌਰਾਨ ਅਜਿਹੀ ਕੋਈ ਘਟਨਾ ਨਹੀਂ ਵਾਪਰੀ। ਜੀਓ ਨਿਊਜ਼ ਚੈਨਲ ਅਤੇ ਜੰਗ ਮੀਡੀਆ ਸਮੂਹ ਦੇ ਅਖਬਾਰਾਂ ਨੇ ਖਬਰ ਪ੍ਰਕਾਸ਼ਿਤ ਕੀਤੀ ਹੈ ਕਿ 60 ਸਾਲਾ ਸ਼ਮੀਲ ਖਾਨ ਨਾਮਕ ਵਿਅਕਤੀ ਨੇ ਜ਼ਰਦਾਰੀ ਦੀ ਬ੍ਰਿਟਿਸ਼ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨਾਲ ਮੁਲਾਕਾਤ ਦੇ ਖਿਲਾਫ਼ ਉਸ ਉਤੇ ਜੁੱਤੀ ਸੁੱਟੀ। ਇਸਦੇ ਬਾਅਦ ਪਾਕਿਸਤਾਨ ਵਲੋਂ ਕਿਹਾ ਗਿਆ ਕਿ ਇਸ ਮਾਮਲੇ ਦੇ ਤਾਰ ਅਫ਼ਗਾਨਿਸਤਾਨ ਅਤੇ ਭਾਰਤ ਵਿਚ ਅਤਿਵਾਦ ਨੂੰ ਹੱਲਾਸ਼ੇਰੀ ਦੇਣ ਵਾਲੇ ਸਮੂਹਾਂ ਨਾਲ ਜੁੜੇ ਹੋਏ ਹਨ। ਖ਼ਬਰਾਂ ਮੁਤਾਬਿਕ ਹਾਲਾਂਕਿ ਜੁੱਤੀ ਜ਼ਰਦਾਰੀ ਨਹੀਂ ਲੱਗੀ ਅਤੇ ਸੁਰੱਖਿਆ ਕਰਮਚਾਰੀਆਂ ਨੇ ਪ੍ਰਦਰਸ਼ਨਕਾਰੀ ਵਿਅਕਤੀ ਨੂੰ ਉਸ ਸਥਾਨ ਤੋਂ ਬਾਹਰ ਕੱਢ ਦਿੱਤਾ ਜਿਥੇ ਰਾਸ਼ਟਰਪਤੀ ਪਾਕਿਸਤਾਨ ਪੀਪਲਜ਼ ਪਾਰਟੀ ਦੇ ਇਕ ਸ਼ੈਸਨ ਨੂੰ ਸੰਬੋਧਨ ਕਰ ਰਹੇ ਸਨ। ਖਾਨ ਨੇ ਜੀਓ ਨਿਊਜ਼ ਨੂੰ ਦੱਸਿਆ ਕਿ ਉਸਨੇ ਜ਼ਰਦਾਰੀ ਦੀ ਕੈਮਰਨ ਨਾਲ ਮੁਲਾਕਾਤ ਖਿਲਾਫ਼ ਜੁੱਤੀ ਸੁੱਟੀ। ਦ ਨਿਊਜ਼ ਦੀ ਖ਼ਬਰ ਅਨੁਸਾਰ ਬਰਤਾਨਵੀ ਸੁਰੱਖਿਆ ਬਲ ਨਾਅਰੇ ਲਗਾ ਰਹੇ ਖਾਨ ਨੂੰ ਬਾਹਰ ਲੈ ਗਏ। ਅਖਬਾਰ ਨੇ ਸੂਚਨਾ ਮੰਤਰੀ ਕਮਰ ਜਮਾਨ ਕੈਰਾ ਦੇ ਹਵਾਲੇ ਤੋਂ ਦੱਸਿਆ ਹੈ ਕਿ ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾਵੇਗੀ ਕਿ ਇਸ ਵਿਅਕਤੀ ਨੂੰ ਸਭਾ ਵਿਚ ਕਿਉਂ ਬੁਲਾਇਆ ਗਿਆ ਸੀ ਜਿਸਦੇ ਲਈ ਲੰਡਨ ਵਿਚ ਪਾਕਿਸਤਾਨ ਉਚ ਕਮਿਸ਼ਨ ਨੇ ਚੋਣਵੇਂ ਲੋਕਾਂ ਨੂੰ ਸੱਦਾ ਪੱਤਰ ਦਿੱਤਾ ਸੀ।
|
|
ਪਹਿਲੀ ਵਾਰ ਸ਼ਾਮਲ ਹੋਇਆ ਅਮਰੀਕਾ |
|
|
ਹੀਰੋਸ਼ੀਮਾ,07 ਅਗਸਤ (ਮੀਡੀਆ ਦੇਸ਼ ਪੰਜਾਬ ਬੀਊਰੋ): ਪ੍ਰਮਾਣੂ ਬੰਬ ਤ੍ਰਾਸਦੀ ਦਾ ਪਹਿਲਾ ਸਾਹਮਣਾ ਕਰਨ ਵਾਲੇ ਜਪਾਨ ਦੇ ਸ਼ਹਿਰ ਹੀਰੋਸ਼ੀਮਾ ਵਿਚ ਹੋਏ ਇਕ ਸਮਾਗਮ ਵਿਚ ਇਸ ਘਟਨਾ ਦੀ 65ਵੀਂ ਬਰਸੀ 'ਤੇ ਅਮਰੀਕਾ ਵੀ ਸ਼ਾਮਲ ਹੋਇਆ। 6 ਅਗਸਤ 1945 ਦੀ ਸਵੇਰ ਅੱਠ ਵੱਜ ਕੇ 15 ਮਿੰਟ 'ਤੇ ਅਮਰੀਕੀ ਜਹਾਜ਼ ਈਨੋਲਾ ਗੇ ਨੇ ਪ੍ਰਮਾਣੂ ਬੰਬ ਲਿਟਲ ਬੁਆਏ ਹੀਰੋਸ਼ੀਮਾ 'ਤੇ ਸੁੱਟਿਆ ਸੀ। ਇਸ ਹਾਦਸੇ ਵਿਚ ਮਾਰੇ ਗਏ ਲੋਕਾਂ ਪ੍ਰਤੀ ਹਮਦਰਦੀ ਪ੍ਰਗਟ ਕਰਦਿਆਂ ਇਸ ਸਮੇਂ ਲੋਕਾਂ ਇਕ ਮਿੰਟ ਲਈ ਆਪਣੇ ਸਾਰੇ ਕੰਮ ਰੋਕ ਦਿੱਤੇ। ਇਸ ਹਮਲੇ ਵਿਚ ਇਕ ਲੱਖ 40 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ ਸ਼ਹਿਰ ਦੀ ਕੁੱਲ ਅਬਾਦੀ ਤਿੰਨ ਲੱਖ 50 ਹਜ਼ਾਰ ਸੀ। ਇਸ ਹਮਲੇ ਦੇ ਤਿੰਨ ਦਿਨ ਬਾਅਦ 9 ਅਗਸਤ ਨੂੰ ਅਮਰੀਕਾ ਨੇ ਜਪਾਨ ਦੇ ਦੂਜੇ ਸ਼ਹਿਰ ਨਾਗਾਸਾਕੀ 'ਤੇ ਫਿਰ ਪ੍ਰਮਾਣੂ ਬੰਬ ਸੁੱਟਿਆ ਅਤੇ ਇਕ ਵਾਰ ਫਿਰ ਕੋਹਰਾਮ ਮਚਿਆ। ਇਸ ਘਟਨਾ ਦੇ 6 ਦਿਨ ਬਾਅਦ ਜਪਾਨ ਨੇ ਆਤਮ ਸਮਰਪਣ ਕਰ ਦਿੱਤਾ ਅਤੇ ਦੂਜੇ ਵਿਸ਼ਵ ਯੁੱਧ ਦੀ ਸਮਾਪਤੀ ਹੋਈ। ਹੀਰੋਸ਼ੀਮਾ ਦੇ ਮੇਅਰ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਸ਼ਵ 'ਚੋਂ ਪ੍ਰਮਾਣੂ ਹਥਿਆਰਾਂ ਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ। ਇਸ ਮੌਕੇ ਇਸ ਤ੍ਰਾਸਦੀ 'ਚੋਂ ਜਿੰਦਾ ਬਚੇ ਨਾਗਰਿਕ ਟੋਮਿਕੋ ਮਾਟਸੁਮਾਟੋ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਪ੍ਰਮਾਣੂ ਹਥਿਆਰ ਖਤਮ ਹੋਣ ਅਤੇ ਜੇਕਰ ਅਮਰੀਕਾ ਅਜਿਹਾ ਕਦਮ ਚੁੱਕਦਾ ਹੈ ਤਾਂ ਬਾਕੀ ਵਿਸ਼ਵ ਇਸ ਦੀ ਪਾਲਣਾ ਕਰੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਉਹ ਅਮਰੀਕਾ ਨੂੰ ਨਫਰਤ ਕਰਦੇ ਸਨ, ਪਰ ਹੁਣ ਚਾਹੁੰਦੇ ਹਨ ਕਿ ਵਿਸ਼ਵ ਵਿਚ ਪ੍ਰਮਾਣੂ ਅਪ੍ਰਸਾਰ ਹੋਵੇ। ਇਸ ਸਮਾਗਮ ਵਿਚ ਬਾਨ ਕੀ ਮੂਲ ਵੀ ਹਾਜ਼ਰ ਸਨ। ਅਜਿਹਾ ਪਹਿਲੀ ਵਾਰ ਹੋਇਆ, ਜਦ ਸੰਯੁਕਤ ਰਾਸ਼ਟਰ ਦਾ ਮੁੱਖ ਸਕੱਤਰ ਵੀ ਇਸ ਸਮਾਗਮ ਵਿਚ ਸ਼ਾਮਲ ਹੋਇਆ।
|
|
ਬਰਤਾਨੀਆ ਅਤੇ ਪਾਕਿਸਤਾਨ ਦੀ ਦੋਸਤੀ ਇਤਿਹਾਸ ਸਿਰਜੇਗੀ : ਕੈਮਰਨ |
|
|
ਲੰਡਨ,07 ਅਗਸਤ (ਮੀਡੀਆ ਦੇਸ਼ ਪੰਜਾਬ ਬੀਊਰੋ): ਪਾਕਿਸਤਾਨ ਅਤੇ ਬਰਤਾਨੀਆ ਵਿਚਕਾਰ ਹਾਲ ਦੇ ਕੂਟਨੀਤਕ ਵਿਵਾਦ ਨੂੰ ਦਫਨ ਕਰਨ ਦਾ ਯਤਨ ਕਰਦਿਆਂ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਅਤੇ ਡੇਵਿਡ ਕੈਮਰਨ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਆਪਸੀ ਸਬੰਧ ਅਟੁੱਟ ਹਨ। ਅੱਜ ਰਸਮੀ ਮੁਲਾਕਾਤ ਮਗਰੋਂ ਆਪਸ ਵਿਚ ਹੱਥ ਮਿਲਾਉਂਦਿਆਂ ਦੋਹਾਂ ਆਗੂਆਂ ਨੇ ਕਿਹਾ ਕਿ ਆਪਸੀ ਮੀਟਿੰਗ ਵਿਚ ਉਨ੍ਹਾਂ ਵੱਲੋਂ ਰਣਨੀਤਕ ਭਾਈਵਾਲੀ ਹੋਰ ਮਜ਼ਬੂਤ ਕਰਨ ਦੇ ਢੰਗ ਤਰੀਕਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਕ ਘੰਟੇ ਦੀ ਗੱਲਬਾਤ ਮਗਰੋਂ ਕੈਮਰਨ ਨੇ ਕਿਹਾ ਕਿ ਗੱਲਬਾਤ 'ਚ ਅਤਿਵਾਦ ਦੇ ਮੁਕਾਬਲੇ ਲਈ ਪਾਕਿਸਤਾਨ ਨਾਲ ਮਿਲ ਕੇ ਕੰਮ ਕਰਨ ਅਤੇ ਅਫਗਾਨਿਸਤਾਨ ਅਤੇ ਬਰਤਾਨੀਆ ਦੇ ਲੋਕਾਂ ਦੀ ਸੁਰੱਖਿਆ ਬਾਰੇ ਵਿਚਾਰ ਕੀਤਾ ਗਿਆ। ਦੋਹਾਂ ਆਗੂਆਂ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਵੱਲੋਂ ਭਾਰਤ 'ਚ ਕੀਤੀਆਂ ਟਿੱਪਣੀਆਂ ਦਾ ਜ਼ਿਕਰ ਨਾ ਕੀਤਾ ਕਿ ਪਾਕਿਸਤਾਨ ਨੂੰ ਭਾਰਤ, ਅਫਗਾਨਿਸਤਾਨ ਜਾਂ ਸੰਸਾਰ ਦੇ ਕਿਸੇ ਹੋਰ ਕਿਸੇ 'ਚ ਅਤਿਵਾਦ ਦੀ ਬਰਾਮਦ ਨਹੀਂ ਕਰਨੀ ਚਾਹੀਦੀ। ਮੀਟਿੰਗ ਮਗਰੋਂ ਦੋਹਾਂ ਆਗੂਆਂ ਨੇ ਆਪਣਾ ਬਿਆਨ ਪੜ੍ਹਿਆ ਅਤੇ ਕਿਸੇ ਸੁਆਲ ਦਾ ਜੁਆਬ ਦੇਣ ਤੋਂ ਨਾਹ ਕਰ ਦਿੱਤੀ। ਜ਼ਰਦਾਰੀ ਜਿਨ੍ਹਾਂ ਨੇ ਅਤਿਵਾਦ ਬਾਰੇ ਕੈਮਰਨ ਦੀਆਂ ਟਿੱਪਣੀਆਂ ਦੀ ਆਲੋਚਨਾ ਕੀਤੀ ਸੀ, ਨੇ ਕਿਹਾ ਕਿ ਇਹ ਅਜਿਹੀ ਦੋਸਤੀ ਹੈ, ਜਿਹੜੀ ਕਦੇ ਟੁੱਟ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਤੂਫਾਨ ਆਉਂਦੇ ਜਾਂਦੇ ਰਹਿੰਦੇ ਹਨ, ਪਰ ਪਾਕਿਸਤਾਨ ਅਤੇ ਬਰਤਾਨੀਆ ਸਾਰੀਆਂ ਮੁਸ਼ਕਲਾਂ ਦਾ ਮਿਲ ਕੇ ਮੁਕਾਬਲਾ ਕਰਨਗੇ ਅਤੇ ਅਸੀਂ ਇਹ ਯਕੀਨੀ ਬਣਾਉਣ ਦਾ ਯਤਨ ਕਰਾਂਗੇ ਕਿ ਅਗਲੀਆਂ ਪੀੜ੍ਹੀਆਂ ਲਈ ਸੰਸਰ ਪੁਰੀ ਤਰ੍ਹਾਂ ਸੁਰੱਖਿਅਤ ਹੋਵੇ,ਹਾਲਾਂ ਕਿ ਗੱਲਬਾਤ ਦੇ ਵੇਰਵਿਆਂ ਬਾਰੇਕੁਝ ਨਹੀਂ ਕਿਹਾ ਗਿਆ, ਪਰ ਪ੍ਰਧਾਨ ਮੰਤਰੀ ਦੇ ਦਫਤਰ ਦੇ ਸੂਤਰਾਂ ਅਨੁਸਾਰ ਦੋਵੇਂ ਧਿਰਾਂ ਗੱਲਬਾਤ ਤੋਂ ਸੰਤੁਸ਼ਟ ਹਨ ਅਤੇ ਦੋਵੇਂ ਦੇਸ਼ਾਂ ਨੇ ਸਲਾਨਾ ਸਿਖਰ ਵਾਰਤਾ ਦਾ ਫੈਸਲਾ ਕੀਤਾ ਹੈ। ਇਨ੍ਹਾਂ ਸੂਤਰਾਂ ਅਨੁਸਾਰ ਜ਼ਰਦਾਰੀ ਨੇ ਕੈਮਰਨ ਨੂੰ ਪਾਕਿਸਤਾਨ ਦੌਰੇ ਦਾ ਸੱਦਾ ਦਿੱਤਾ ਅਤੇ ਉਹ ਛੇਤੀ ਹੀ ਪਾਕਿਸਤਾਨ ਜਾਣਗੇ। ਉਨ੍ਹਾਂ ਦੱਸਿਆ ਕਿ ਇਸਲਾਮਾਬਾਦ ਅਤੇ ਲੰਡਨ ਵਿਚਕਾਰ ਕੌਮੀ ਸੁਰੱਖਿਆ ਬਾਰੇ ਰੈਗੂਲਰ ਗੱਲਬਾਤ ਬਾਰੇ ਵੀ ਸਹਿਮਤੀ ਹੋਈ। ਗੱਲਬਾਤ ਮਗਰੋਂ ਜ਼ਰਦਾਰੀ ਨੇ ਕਿਹਾ ਕਿ ਪਾਕਿਸਤਾਨ 'ਚ ਹੜ੍ਹਾਂ ਨਾਲ ਨਿਪਟਣ ਲਈ ਦਿੱਤੇ ਸਹਿਯੋਗ ਲਈ ਉਹ ਬਰਤਾਨੀਆ ਦੇ ਲੋਕਾਂ ਦਾ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਸਾਲਾਂ ਤੋਂ ਸਹਿਯੋਗੀ ਹਨ ਅਤੇ ਸਾਡੀ ਦੋਸਤੀ ਕਦੇ ਨਹੀਂ ਟੁੱਟੇਗੀ। ਕੱਲ੍ਹ ਜ਼ਰਦਾਰੀ ਨੇ ਗ੍ਰਹਿ ਮੰਤਰੀ ਥੇਰੇਸਾ ਮੇ ਅਤੇ ਕੰਜ਼ਵੇਟਿਵ ਪਾਰਟੀ ਦੇ ਚੇਅਰਪਰਸਨ ਸਈਦਾ ਵਾਰਸੀ ਨਾਲ ਮੁਲਾਕਾਤ ਕੀਤੀ ਸੀ।
|
|
ਹੜ੍ਹ ਪ੍ਰਭਾਵਿਤ ਪਾਕਿ ਨੇ ਮੰਗੀ ਕੌਮਾਂਤਰੀ ਮਦਦ |
|
|
ਭਾਰਤ 'ਤੇ ਵਾਧੂ ਪਾਣੀ ਛੱਡਣ ਦਾ ਦੋਸ਼
ਇਸਲਾਮਾਬਾਦ, 07 ਅਗਸਤ (ਮੀਡੀਆ ਦੇਸ਼ ਪੰਜਾਬ ਬੀਊਰੋ): ਪਾਕਿਸਤਾਨ ਨੇ ਆਪਣੇ ਉਤਰ ਪੱਛਮੀ ਖੇਤਰ ਵਿਚ ਭਿਆਨਕ ਹੜ੍ਹ ਦੇ ਮੱਦੇਨਜ਼ਰ ਤੁਰੰਤ ਕੌਮਾਂਤਰੀ ਮਦਦ ਦੀ ਅਪੀਲ ਕੀਤੀ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਕੱਲ੍ਹ ਦੇਸ਼ ਦੇ ਨਾਂ ਦਿੱਤੇ ਆਪਣੇ ਸੰਦੇਸ਼ ਵਿਚ ਕਿਹਾ ਕਿ ਮੈਂ ਕੌਮਾਂਤਰੀ ਭਾਈਚਾਰੇ ਨੂੰ ਅਪੀਲ ਕਰਦਾ ਹਾਂ ਕਿ ਉਹ ਪਾਕਿਸਤਾਨ ਵਿਚ ਹੜ੍ਹ ਪੀੜਤਾਂ ਦੀ ਮਦਦ ਲਈ ਹੱਥ ਵਧਾਉਣ। ਗਿਲਾਨੀ ਨੇ ਕਿਹਾ ਕਿ ਪਾਕਿਸਤਾਨ ਇਤਿਹਾਸ ਦੇ ਸਭ ਤੋਂ ਭਿਆਨਕ ਹੜ੍ਹ ਦਾ ਸਾਹਮਣਾ ਕਰ ਰਿਹਾ ਹੈ। ਇਸ ਵਿਚ ਵੱਡੇ ਪੱਧਰ 'ਤੇ ਜਾਨੀ ਮਾਲੀ ਨੁਕਸਾਨ ਹੋਇਆ ਹੈ। ਨੁਕਸਾਨ ਦਾ ਸਹੀ ਅੰਦਾਜ਼ਾ ਲਗਾ ਸਕਣਾ ਸੰਭਵ ਨਹੀਂ ਹੈ। ਪ੍ਰਧਾਨ ਮੰਤਰੀ ਗਿਲਾਨੀ ਨੇ ਹੁਣ ਤੱਕ ਮਿਲੀ ਕੌਮਾਂਤਰੀ ਮਦਦ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਾਕਿਸਤਾਨ ਨੂੰ ਅਜੇ ਹੋਰ ਮਦਦ ਦੀ ਲੋੜ ਹੈ। ਉਧਰ ਪਾਕਿਸਤਾਨੀ ਅਧਿਕਾਰੀਆਂ ਨੇ ਭਾਰਤ 'ਤੇ ਦੋਸ਼ ਲਗਾਇਆ ਕਿ ਉਸਨੇ ਹੜ੍ਹ ਦਾ ਬਹੁਤ ਜ਼ਿਆਦਾ ਪਾਣੀ ਪਾਕਿਸਤਾਨ ਵੱਲ ਛੱਡ ਦਿੱਤਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰਤ ਵਲੋਂ ਪਾਣੀ ਛੱਡੇ ਜਾਣ ਤੋਂ ਬਾਅਦ ਚਨਾਬ ਨਦੀ ਵਿਚ ਇਕ ਵਾਰ ਫਿਰ ਜਲ ਪੱਧਰ ਵਧ ਗਿਆ ਜਿਸ ਤੋਂ ਬਾਅਦ ਸਿਆਲਕੋਟ ਜ਼ਿਲ੍ਹੇ ਵਿਚਬਾਜਵਤ ਖੇਤਰ ਦੇ ਪਿੰਡ ਡੁੱਬ ਗਏ। ਚਿਨਾਬ ਤੋਂ ਇਲਾਵਾ ਤਾਵੀ ਨਦੀ ਪਾਣੀ ਦਾ ਪੱਧਰ ਕਾਫ਼ੀ ਵਧ ਗਿਆ। ਸਿੱਟੇ ਵਜੋਂ ਬਾਜਵਤ ਖੇਤਰ ਦੇ ਬਹੁਤ ਸਾਰੇ ਪਿੰਡਾਂ ਦਾ ਸੰਪਰਕ ਸਿਆਲਕੋਟ ਨਾਲੋਂ ਟੁੱਟ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸਥਿਤੀ ਕਾਬੂ ਹੇਠ ਹੈ ਅਤੇ ਜਾਨ ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
|
|
|
|
<< Start < Prev 861 862 863 864 865 866 867 868 869 870 Next > End >>
|
Results 7759 - 7767 of 9708 |