ਰਸੂਲਪੁਰ(ਮੱਲ੍ਹਾ) ਦੇ ਨੰਬਰਦਾਰ ਮੁਖਤਿਆਰ ਸਿੰਘ ਦੇ ਇਕਲੌਤੇ ਪੁੱਤਰ ਕਰਮ ਸਿੰਘ ਦੀ ਸੜਕ ਹਾਦਸੇ ਦੌਰਾਨ ਮੌਤ |
|
|
 ਜਗਰਾਉਂ 4ਅਗਸਤ(ਤੇਜਿੰਦਰ ਸਿੰਘ ਚੱਢਾ)- ਅੱਜ ਦੇਸ਼ ਭਰ ਵਿਚ ਭੈਣ ਭਰਾ ਦੇ ਪੱਵਿਤਰ ਰਿਸ਼ਤੇ ਦਾ ਪ੍ਰਤੀਕ ਰੱਖੜੀ ਦਾ ਪ੍ਰੰਪਰਾਗਤ ਤਿਉਹਾਰ ਮਨਾਉਣ ਦੀਆਂ ਤਿਆਰੀਆਂ ਜੋ਼ਰਾਂ ‘ਤੇ ਹਨ ।ਹਰ ਭੈਣ ਆਪਣੇ ਵੀਰ ਦੀ ਲੰਮੀ ਉਮਰ ਦੀ ਕਾਮਨਾ ਕਰਦੀ ਹੋਈ ਇਸ ਤਿਉਹਾਰ ਨੂੰ ਚਾਵਾਂ-ਮਲਾਰਾਂ ਨਾਲ ਮਨਾਉਣ ਦੀਆਂ ਰਸਮੀ ਖੁਸ਼ੀਆਂ ਦਾ ਇਜ਼ਹਾਰ ਕਰ ਰਹੀ ਹੈ। ਪ੍ਰੰਤੂ ਪਿੰਡ ਰਸੂਲਪੁਰ (ਮੱਲ੍ਹਾ) ਦੀਆਂ ਤਿੰਨ ਭੈਣਾਂ ਦਾ ਇਕਲੌਤੇ ਵੀਰ ਦੇ ਹੱਥ ਤੇ ਰੱਖੜੀ ਬੰਨਣ ਦੇ ਸੁਪਨੇ ਸ਼ਾਇਦ ਇਸ ਵਾਰ ਅਧੂਰੇ ਰਹਿ ਜਾਣਗੇ ਤੇ ਉਨ੍ਹਾਂ ਦੇ ਚਾਅ-ਮਲਾਰ ਵਿਲਕਦੇ ਨਜ਼ਰ ਆਉਣਗੇ।
|
ਅੱਗੇ ਪੜੋ....
|
|
ਪੂਰਾ ਲੁਧਿਆਣਾ ਹੀ ਗੈਸਟਰੋ ਦੀ ਚਪੇਟ ’ਚ! |
|
|
ਲੁਧਿਆਣਾ, 4 ਅਗਸਤ-ਪੰਜਾਬੀ ਬਾਗ ਕਾਲੋਨੀ ਤੋਂ ਸ਼ੁਰੂ ਹੋਏ ਅੰਤੜੀ ਰੋਗ ਦੇ ਪ੍ਰਕੋਪ ਨੇ ਸਨਅੱਤੀ ਸ਼ਹਿਰ ਲੁਧਿਆਣਾ ਦੀਆਂ ਦਰਜਨਾਂ ਹੋਰ ਕਾਲੋਨੀਆਂ ਵਿਚ ਵੀ ਪੈਰ ਪਸਾਰ ਲਏ ਹਨ। ਅੱਜ ਟਿੱਬਾ ਰੋਡ, ਜਨਤਾ ਨਗਰ, ਚੇਤ ਸਿੰਘ ਨਗਰ, ਮਿਲਰ ਗੰਜ ਅਤੇ ਗਿਆਸਪੁਰਾ ਆਦਿ ਇਲਾਕਿਆਂ ਤੋਂ ਵੀ ਗੈਸਟਰੋ ਪ੍ਰਭਾਵਿਤ ਮਰੀਜ਼ ਸਾਹਮਣੇ ਆਉਣ ਨਾਲ ਨਗਰ ਨਿਗਮ ਅਤੇ ਸਿਹਤ ਵਿਭਾਗ ਵੱਲੋਂ ਗੈਸਟਰੋ ’ਤੇ ਕਾਬੂ ਪਾ ਲੈਣ ਦੇ ਦਾਅਵੇ ਖੋਖਲੇ ਸਾਬਤ ਹੋ ਗਏ। ਇਸ ਤੋਂ ਪਹਿਲਾਂ ਛੋਟੀ ਜਵੱਦੀ, ਕਰਨੈਲ ਸਿੰਘ ਨਗਰ, ਅਰਬਨ ਅਸਟੇਟ, ਦੁੱਗਰੀ ਅਤੇ ਮੋਤੀ ਬਾਗ ਰਾਹੋਂ ਰੋਡ ਆਦਿ ਇਲਾਕੇ ਵੀ ਗੈਸਟਰੋ ਦੀ ਮਾਰ ਹੇਠ ਆ ਚੁੱਕੇ ਹਨ। ਪੰਜਾਬੀ ਬਾਗ ਕਲੋਨੀ, ਜਿੱਥੋਂ ਇਸ ਬਿਮਾਰੀ ਨੇ ਕਹਿਰ ਵਰਤਾਉਣਾ ਸ਼ੁਰੂ ਕਰ ਕੀਤਾ ਸੀ, ਵਿਚ ਸਿਹਤ ਵਿਭਾਗ ਵੱਲੋਂ ਲਗਾਏ ਡਾਕਟਰੀ ਕੈਂਪ ਵਿਚ ਗੈਸਟਰੋ ਪ੍ਰਭਾਵਿਤ 24 ਹੋਰ ਮਰੀਜ਼ ਪੁੱਜੇ, ਇਨ੍ਹਾਂ ਵਿਚੋਂ 10 ਮਰੀਜ਼ਾਂ ਨੂੰ ਕੈਂਪ ਵਿਚ ਹੀ ਦਾਖ਼ਲ ਕਰਕੇ ਇਲਾਜ ਸ਼ੁਰੂ ਕੀਤਾ ਗਿਆ ਜਦੋਂ ਕਿ ਬਾਕੀ ਦੇ 14 ਮਰੀਜ਼ਾਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇ ਕੇ ਘਰੀਂ ਭੇਜ ਦਿੱਤਾ ਗਿਆ। ਲੁਧਿਆਣਾ ਸ਼ਹਿਰ ਵਿਚ ਫੈਲੀ ਇਸ ਬਿਮਾਰੀ ਦਾ ਕਾਰਨ ਪੀਣ ਵਾਲੇ ਪਾਣੀ ਦੀ ਪ੍ਰਦੂਸ਼ਿਤ ਸਪਲਾਈ ਹੈ। ਪੰਜਾਬੀ ਬਾਗ ਕਲੋਨੀ ਦੇ ਕੈਂਪਾਂ ’ਚ ਹੁਣ ਤੱਕ ਗੈਸਟਰੋ ਦੇ 125 ਮਰੀਜ਼ ਦਰਜ ਕੀਤੇ ਗਏ। ਪਾਣੀ ਦੇ 15 ਨਮੂਨੇ ਫੇਲ੍ਹ-ਪੰਜਾਬੀ ਬਾਗ ਇਲਾਕੇ ਵਿਚ ਪਾਣੀ ਦੇ ਜੋ 15 ਨਮੂਨੇ ਲਏ ਗਏ ਸਨ, ਉਹ ਸਾਰੇ ਹੀ ਪ੍ਰਯੋਗਸ਼ਾਲਾ ਦੇ ਟੈਸਟ ਵਿਚੋਂ ਫੇਲ੍ਹ ਹੋ ਗਏ ਹਨ। ਇਸੇ ਦੌਰਾਨ ਸਿਹਤ ਵਿਭਾਗ ਵੱਲੋਂ ਪਾਣੀ ਦੇ 14 ਹੋਰ ਨਮੂਨੇ ਲਏ ਗਏ। ਜਨਤਾ ਨਗਰ ’ਚੋਂ ਦੋ, ਨਿੰਮਵਾਲਾ ਚੌਂਕ ’ਚੋਂ 5 ਅਤੇ ਗੁਰਪਾਲ ਨਗਰ ’ਚੋਂ ਪਾਣੀ ਦੇ 7 ਨਮੂਨੇ ਭਰੇ ਗਏ।
ਗਾਬੜੀਆ ਵੱਲੋਂ ਪ੍ਰਭਾਵਿਤ ਇਲਾਕੇ ਦਾ ਦੌਰਾ
ਇਸੇ ਦੌਰਾਨ ਕੈਬਨਿਟ ਮੰਤਰੀ ਸ: ਹੀਰਾ ਸਿੰਘ ਗਾਬੜੀਆ ਨੇ ਅੱਜ ਗੈਸਟਰੋ ਪ੍ਰਭਾਵਿਤ ਪੰਜਾਬੀ ਬਾਗ ਕਲੋਨੀ ਦਾ ਦੌਰਾ ਕੀਤਾ ਅਤੇ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ। ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਉਨ੍ਹਾਂ ਕਿਹਾ ਕਿ ਗੈਸਟਰੋ ਦੇ ਪ੍ਰਕੋਪ ਲਈ ਇਥੋਂ ਦੇ ਲੋਕ ਹੀ ਖੁਦ ਜਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਇਲਾਕੇ ਵਿਚ ਪ੍ਰਵਾਸੀ ਮਜ਼ਦੂਰਾਂ ਨੂੰ ਮਕਾਨ ਕਿਰਾਏ ’ਤੇ ਦੇਣ ਵਾਲੇ ਵਿਹੜਾ ਮਾਲਕਾਂ ਨੂੰ ਆਪੋ ਆਪਣੇ ਪਲਾਟਾਂ ਅਤੇ ਇਨ੍ਹਾਂ ਦੇ ਆਸ ਪਾਸ ਸਫ਼ਾਈ ਦਾ ਉਚਿਤ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ। ਕੈਬਨਿਟ ਮੰਤਰੀ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਹਦਾਇਤਾਂ ਦੀ ਪਾਲਣਾ ਨਾ ਕੀਤੀ ਤਾਂ ਉਨ੍ਹਾਂ ਦੇ ਪਾਣੀ ਦੀ ਸਪਲਾਈ ਦੇ ਕੁਨੈਕਸ਼ਨ ਪੱਕੇ ਤੌਰ ’ਤੇ ਕੱਟ ਦਿੱਤੇ ਜਾਣਗੇ। ਇਸ ਮੌਕੇ ਉਨ੍ਹਾਂ ਨਾਲ ਕੌਂਸਲਰ ਸ: ਟਹਿਲ ਸਿੰਘ ਗਿੱਲ, ਸ: ਹਰਭਜਨ ਸਿੰਘ ਡੰਗ, ਸ: ਰਣਜੀਤ ਸਿੰਘ ਢਿੱਲੋਂ, ਸ: ਬਲਬੀਰ ਸਿੰਘ ਮਣਕੂ, ਸ: ਜਗਦੇਵ ਸਿੰਘ ਗੋਹਲਵੜੀਆ ਓ. ਐਸ. ਡੀ, ਬਲਜਿੰਦਰ ਸਿੰਘ ਪਨੇਸਰ, ਰਵਿੰਦਰ ਵਰਮਾ, ਨਿਰਮਲ ਸਿੰਘ ਐਸ. ਐਸ., ਸੋਹਣ ਸਿੰਘ ਗੋਗਾ ਤੋਂ ਇਲਾਵਾ ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ ਕੇ. ਐਸ. ਢਿੱਲੋਂ, ਐਕਸੀਅਨ ਮਨਜੀਤ ਸਿੰਘ, ਐਕਸੀਅਨ ਬ੍ਰਿਜਪਾਲ ਸਿੰਘ, ਡਾ: ਉਪਲ, ਰਣਜੀਤ ਸਿੰਘ ਐਸ. ਡੀ. ਓ., ਹਰਮਿੰਦਰ ਸਿੰਘ ਜੇ. ਈ., ਪੰਜਾਬੀ ਬਾਗ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਵਿੰਦਰ ਦਿਵਾਨਾ, ਮੀਤ ਪ੍ਰਧਾਨ ਪ੍ਰਿਤਪਾਲ ਸਿੰਘ ਵੀ ਹਾਜ਼ਰ ਸਨ।
|
|
ਜ਼ਹਿਰੀਲਾ ਖਾਣਾ ਖਾਣ ਨਾਲ ਦੋ ਦਰਜਨ ਪ੍ਰਵਾਸੀ ਮਜ਼ਦੂਰ ਬਿਮਾਰ |
|
|
ਮਾਹਿਲਪੁਰ, 4 ਅਗਸਤ-ਪਿੰਡ ਨੰਗਲ ਕਲਾਂ ਵਿਖੇ ਪਿੰਡ ਦੇ ਬਾਹਰਵਾਰ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਨੇ ਬੀਤੀ ਰਾਤ ਜ਼ਹਿਰੀਲਾ ਖਾਣਾ ਖਾ ਲਿਆ, ਜਿਸ ਕਾਰਨ ਦੋ ਦਰਜਨ ਦੇ ਕਰੀਬ ਪ੍ਰਵਾਸੀ ਮਜ਼ਦੂਰ ਬਿਮਾਰ ਹੋ ਗਏ। ਸਿਵਲ ਹਸਪਤਾਲ ਪਾਲਦੀ ਦੇ ਮੁੱਖ ਡਾਕਟਰ ਆਰ. ਸੀ. ਚੌਧਰੀ ਦੀ ਅਗਵਾਈ ਹੇਠ ਡਾਕਟਰਾਂ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਦਵਾਈਆਂ ਦਿੱਤੀਆਂ, ਜਿਸ ਨਾਲ ਮਰੀਜ਼ਾਂ ਦੀ ਹਾਲਤ ਵਿਚ ਸੁਧਾਰ ਹੋਇਆ ਪਰ ਅੱਧਾ ਦਰਜਨ ਮਰੀਜ਼ਾਂ ਸਮੇਤ ਬੱਚਿਆਂ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਗੰਭੀਰ ਹਾਲਤ ਮਰੀਜ਼ਾਂ ਨੂੰ ਸਿਵਲ ਹਸਪਤਾਲ ਮਾਹਿਲਪੁਰ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡ ਦੇ ਬਾਹਰਵਾਰ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦੀ ਹਾਲਤ ਉਸ ਵੇਲੇ ਨਾਜ਼ੁਕ ਹੋ ਗਈ ਜਦੋਂ ਉਨ੍ਹਾਂ ਪਿੰਡ ਦੇ ਇਕ ਘਰ ’ਚੋਂ ਵਿਆਹ ਸਮਾਰੋਹ ਦਾ ਬਚਿਆ ਖਾਣਾ ਲਿਆ ਕੇ ਖਾ ਲਿਆ। ਖਾਣਾ ਖਾਂਦੇ ਸਾਰ ਹੀ ਦੋ ਦਰਜਨ ਦੇ ਕਰੀਬ ਵਿਅਕਤੀਆਂ ਨੇ ਉਲਟੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਇਸ ਗੱਲ ਦਾ ਪਤਾ ਪੰਚਾਇਤ ਨੂੰ ਲੱਗਾ ਤਾਂ ਪਿੰਡ ਦੇ ਸਰਪੰਚ ਸ਼ਿੰਗਾਰਾ ਸਿੰਘ ਅਤੇ ਪੰਚ ਪਰਮਿੰਦਰ ਸਿੰਘ ਨੇ ਤੁਰੰਤ ਸਿਵਲ ਹਸਪਤਾਲ ਦੇ ਮੁੱਖ ਡਾਕਟਰ ਆਰ. ਸੀ. ਚੌਧਰੀ ਨਾਲ ਸੰਪਰਕ ਕੀਤਾ। ਮਰੀਜ਼ਾਂ ਵਿਚੋਂ ਸੁਰਿੰਦਰ ਕੌਰ, ਨਵਦੀਪ ਕੌਰ, ਗੁਰਪ੍ਰੀਤ ਕੌਰ, ਨਵਦੀਪ ਸਮੇਤ ਦੋ ਬੱਚਿਆਂ ਦੀ ਹਾਲਤ ਵਿਗੜਦੀ ਦੇਖ ਕੇ ਉਨ੍ਹਾਂ ਨੂੰ ਸਿਵਲ ਹਸਪਤਾਲ ਮਾਹਿਲਪੁਰ ਦਾਖਲ ਕਰਵਾਇਆ ਗਿਆ, ਜਿਨ੍ਹਾਂ ਦੀ ਹਾਲਤ ਅਜੇ ਵੀ ਸਥਿਰ ਬਣੀ ਹੋਈ ਹੈ। ਕੁਲਦੀਪ ਕੌਰ, ਬਲਕਾਰ ਸਿੰਘ, ਲਵਪ੍ਰੀਤ ਸਿੰਘ, ਸ਼ਿੰਦੋ, ਅਕਾਸ਼ਦੀਪ, ਹਰਪ੍ਰੀਤ, ਸੁਖਵਿੰਦਰ ਕੌਰ, ਨਵਪ੍ਰੀਤ, ਮਨਜਿੰਦਰ ਆਦਿ 20 ਦੇ ਕਰੀਬ ਮਰੀਜ਼ਾਂ ਨੂੰ ਮੌਕੇ ’ਤੇ ਦਵਾਈਆਂ ਦਿੱਤੀਆਂ। ਲਵਪ੍ਰੀਤ ਸਿੰਘ ਨੇ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਦੱਸਿਆ ਕਿ ਪਿੰਡ ਵਿਚ ਇਕ ਵਿਅਕਤੀ ਦੇ ਘਰ ਵਿਆਹ ਸਮਾਰੋਹ ਤੋਂ ਉਹ ਖਾਣਾ ਲੈ ਕੇ ਆਏ ਸਨ ਅਤੇ ਉਸ ਨੂੰ ਦੋ ਦਿਨ ਖਾਂਦੇ ਰਹੇ, ਜਿਸ ਕਾਰਨ ਅੱਜ ਉਨ੍ਹਾਂ ਨੂੰ ਉਲਟੀਆਂ ਲੱਗ ਗਈਆਂ ਅਤੇ ਉਨ੍ਹਾਂ ਦੀ ਹਾਲਤ ਵਿਗੜ ਗਈ। ਡਾ: ਆਰ. ਸੀ. ਚੌਧਰੀ, ਡਾ: ਸ਼ਾਮ ਸਿੰਘ ਨੇ ਦੱਸਿਆ ਕਿ ਦੋ ਦਿਨ ਖਾਣਾ ਰੱਖਣ ਕਰਕੇ ਖਾਣਾ ਜ਼ਹਿਰੀਲਾ ਹੋ ਗਿਆ, ਜਿਸ ਕਾਰਨ ਉਕਤ ਵਿਅਕਤੀਆਂ ਦੀ ਹਾਲਤ ਵਿਗੜ ਗਈ। ਡਾਕਟਰਾਂ ਨੇ ਪ੍ਰਵਾਸੀ ਮਜ਼ਦੂਰਾਂ ਦੇ ਡੇਰੇ ਵਿਚੋਂ ਪਾਣੀ ਦੇ ਨਮੂਨੇ ਵੀ ਭਰੇ। ਡਾ: ਚੌਧਰੀ ਨੇ ਦੱਸਿਆ ਕਿ ਸਥਿਤੀ ਕਾਬੂ ਹੇਠ ਹੈ। ਸਾਰੇ ਮਰੀਜ਼ ਖਤਰੇ ਤੋਂ ਬਾਹਰ ਹਨ।
|
|
85 ਪਿੰਡਾਂ ਦੀਆਂ ਪੰਚਾਇਤਾਂ ਨੇ ਕਿਸਾਨਾਂ ਨੂੰ ਸਿੱਧੀ ਅਦਾਇਗੀ ਵਿਰੁੱਧ ਮਤੇ ਪਾਸ ਕੀਤੇ |
|
|
ਜਗਰਾਉਂ, 4 ਅਗਸਤ-ਪੰਜਾਬ ਸਰਕਾਰ ਵਜੋਂ ਕਿਸਾਨਾਂ ਦੀ ਜਿਣਸਾਂ ਦੀ ਅਦਾਇਗੀ ਸਿੱਧੀ ਕਰਨ ਦੇ ਐਲਾਨ ਦੇ ਵਿਰੋਧ ’ਚ ਸਥਾਨਕ ਮੰਡੀ ਨਾਲ ਜੁੜੇ 85 ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਮਤੇ ਪਾਸ ਕਰਕੇ ਪੰਜਾਬ ਸਰਕਾਰ ਤੋਂ ਪੁਰਾਣੇ ਢੰਗ ਤਰੀਕੇ ਨਾਲ ਜਿਣਸਾਂ ਦੀ ਅਦਾਇਗੀ ਕਰਨ ਦੀ ਮੰਗ ਕੀਤੀ ਗਈ। ਜਗਰਾਉਂ ਮੰਡੀ ਦੇ ਆੜ੍ਹਤੀਆਂ ਵੱਲੋਂ ਪੁਰਾਣੀ ਦਾਣਾ ਮੰਡੀ ’ਚ ਮੀਟਿੰਗ ਕਰਕੇ ਇਹ ਮਤਿਆਂ ਪ੍ਰਤੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ ਸਿੱਧਵਾਂ ਅਤੇ ਜਨਰਲ ਸਕੱਤਰ ਕੌਂਸਲਰ ਅਪਾਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੀ ਜਿਣਸਾਂ ਦੀ ਅਦਾਇਗੀ ਨੂੰ ਲੈ ਕੇ ਆੜ੍ਹਤੀ, ਕਿਸਾਨ, ਮਜ਼ਦੂਰ ਪਿਛਲੇ 35 ਦਿਨਾਂ ਤੋਂ ਹੜਤਾਲ ’ਤੇ ਹਨ ਪਰ ਸਰਕਾਰ ਨੇ ਅਜੇ ਤੱਕ ਇਸ ਮਾਮਲੇ ਪ੍ਰਤੀ ਕੋਈ ਗੰਭੀਰਤਾ ਨਹੀਂ ਦਿਖਾਈ। ਇਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਜਗਰਾਉਂ ਮੰਡੀ ਨਾਲ ਸਬੰਧਤ ਕਰੀਬ ਦੋ ਹਜ਼ਾਰ ਕਿਸਾਨਾਂ ਨੇ ਹਲਫ਼ੀਆ ਬਿਆਨ ਪੰਜਾਬ ਸਰਕਾਰ ਨੂੰ ਭੇਜ ਕੇ ਅਤੇ ਵੱਖ-ਵੱਖ ਪਿੰਡਾਂ ’ਚ ਜਲਸੇ ਕਰਕੇ ਜਿਣਸਾਂ ਦੀ ਸਿੱਧੀ ਅਦਾਇਗੀ ਦੀ ਵਿਰੋਧਤਾ ਕੀਤੀ। ਮੀਟਿੰਗ ’ਚ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਭੱਲਾ, ਚੇਅਰਮੈਨ ਵਿਜੈ ਝਾਂਜੀ, ਅੰਮ੍ਰਿਤ ਲਾਲ ਮਿੱਤਲ, ਪ੍ਰਦੀਪ ਕੁਮਾਰ ਗਰਗ, ਭੂਸ਼ਣ ਗੋਇਲ, ਵਰਿੰਦਰ ਬਾਂਸਲ, ਜਗਜੀਤ ਸਿੰਘ ਸਿੱਧੂ, ਸੁਰਿੰਦਰ ਸਿੰਘ, ਰਜੇਸ਼ ਸਿੰਗਲਾ, ਤੇਲੂ ਰਾਮ, ਦਰਸ਼ਲ ਸਿੰਘ ਗਰੇਵਾਲ, ਦਰਸ਼ਨ ਕੁਮਾਰ, ਸਤਪਾਲ ਜੈਨ, ਸੁਖਦੇਵ ਬਾਂਸਲ, ਜੋਰਾ ਸਿੰਘ ਆਦਿ ਹਾਜ਼ਰ ਸਨ।
|
|
|