ਬਠਿੰਡਾ/30 ਜੁਲਾਈ
ਬਾਦਲ ਸਰਕਾਰ ਵੱਲੋਂ ਮੰਨੀਆਂ ਮੰਗਾਂ ਅਮਲੀ ਰੂਪ ਵਿੱਚ ਲਾਗੂ ਨਾ ਕਰਨ ਦੇ ਰੋਸ ਵਜੋਂ ਸੂਬਾ ਪੱਧਰ ਦੇ ਸੱਦੇ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਡੀ ਸੀ ਦਫ਼ਤਰ ਦਾ ਚਾਰ ਘੰਟੇ ਧਰਨਾ ਲਾ ਕੇ ਘਿਰਾਓ ਕੀਤਾ
ਗਿਆ। ਧਰਨਾਕਾਰੀਆਂ ਨੇ ਕਿਹਾ ਕਿ ਜੇਕਰ ਮੰਨੀਆਂ ਮੰਗਾਂ ਤੁਰੰਤ ਨਾ ਲਾਗੂ ਕੀਤੀਆਂ ਤਾਂ ਜਬਰਦਸਤ ਸੰਘਰਸ਼ ਨਾਲ ਸਰਕਾਰ ਦੀ ਨੀਂਦ ਹਰਾਮ ਕਰ ਦਿੱਤੀ ਜਾਵੇਗੀ।
ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਅਕਾਲੀ-ਭਾਜਪਾ ਸਰਕਾਰ ਨੇ ਮੰਨੀਆਂ ਮੰਗਾਂ ਅਮਲੀ ਰੂਪ ਵਿੱਚ ਲਾਗੂ ਨਾ ਕੀਤੀਆਂ ਤਾਂ ਕਿਸਾਨ ਤੇ ਖੇਤ ਮਜ਼ਦੂਰ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ। ਇਸ ਧਰਨੇ ਨੂੰ ਹਰਜਿੰਦਰ ਸਿੰਘ ਬੱਗੀ, ਨਛੱਤਰ ਸਿੰਘ ਬਹਿਮਣ, ਕੋਲਾ ਸਿੰਘ ਕੋਟੜਾ, ਮੋਠੂ ਸਿੰਘ ਕੋਟੜਾ, ਬੇਅੰਤ ਸਿੰਘ ਜੇਠੂਕੇ, ਸੰਤੋਖ ਸਿੰਘ ਲਹਿਰਾ ਖਾਨਾ ਤੇ ਮਨਜੀਤ ਸਿੰਘ ਭੁੱਚੋ ਆਦਿ ਨੇ ਸੰਬੋਧਨ ਕੀਤਾ।
ਮਾਨਸਾ/ਮਹਿਤਾ, ਬਿੱਲੂ,ਬਾਂਸਲ : ਕਰਜ਼ਿਆਂ ਅਤੇ ਆਰਥਿਕ ਤੰਗੀਆਂ ਕਾਰਨ ਖੁਦਕੁਸ਼ੀਆਂ ਕਰ ਗਏ ਕਿਸਾਨਾਂ ਅਤੇ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿਵਾਉਣ ਸਮੇਤ ਪੰਜਾਬ ਸਰਕਾਰ ਵੱਲੋਂ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਮਾਨਸਾ ਜ਼ਿਲ੍ਹਾ ਕਚਹਿਰੀਆਂ ਦੇ ਮੇਨ ਗੇਟ ਬੰਦ ਕਰਕੇ ਚਾਰ ਘੰਟੇ ਘਿਰਾਓ ਕੀਤਾ ਗਿਆ। ਇਸ ਮੌਕੇ ਬੀ ਕੇ ਯੂ ਉਗਰਾਹਾਂ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ, ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਲਾਅਰਿਆਂ ਨਾਲ ਹੀ ਟਾਇਮ ਟਪਾ ਰਹੀ ਹੈ। ਮੰਨੀਆਂ ਮੰਗਾਂ ਦੇ ਵਿਚੋਂ ਹੁਣ ਤੱਕ ਕੋਈ ਵੀ ਮੰਗ ਪੂਰਨ ਤੌਰ ‘ਤੇ ਲਾਗੂ ਨਹੀਂ ਕੀਤੀ। ਇਸ ਮੌਕੇ ਮਹਿੰਦਰ ਸਿੰਘ ਰੁਮਾਣਾ, ਨਿਰਮਲ ਸਿੰਘ ਖੋਖਰ, ਦਰਬਾਰਾ ਸਿੰਘ ਜੋਗਾ, ਪ੍ਰਿਥੀ ਸਿੰਘ ਮੀਰਪੁਰ, ਰਾਮਫਲ ਸਿੰਘ ਚੱਕ ਅਲੀਸ਼ੇਰ, ਗੁਰਜੰਟ ਸਿੰਘ ਬਾਜੇਵਾਲਾ, ਜੋਗਿੰਦਰ ਸਿੰਘ ਦਿਆਲਪੁਰ, ਅਜਮੇਰ ਸਿੰਘ ਅਕਲੀਆ ਨੇ ਵੀ ਸੰਬੋਧਨ ਕੀਤਾ।
ਬਰਨਾਲਾ/ਬਾਲ ਕ੍ਰਿਸ਼ਨ : ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ‘ਤੇ ਬਾਦਲ ਸਰਕਾਰ ਦੀ ਵਾਅਦਾ ਖਿਲਾਫੀ ਦੇ ਵਿਰੋਧ ਵਿਚ ਡੀ.ਸੀ. ਦਫਤਰ ਦਾ ਘਿਰਾਓ ਕੀਤਾ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਮਾਰਚ 2009 ਵਿਚ ਸਰਕਾਰ ਨੇ ਕਿਸਾਨਾਂ-ਮਜ਼ਦੂਰਾਂ ਦੇ ਸਾਂਝੇ ਘੋਲਾਂ ਦੀਆਂ ਮੰਗਾਂ ਮੰਨ ਲਈਆਂ ਸਨ, ਪਰ ਹੁਣ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਇਸ ਧਰਨੇ ਨੂੰ ਰੂਪ ਸਿੰਘ ਛੰਨਾ, ਹਰਬੰਸ ਸਿੰਘ, ਹਰਜੀਤ ਸਿੰਘ ਦੀਵਾਨਾ, ਨਿਰਮਲ ਭਦੌੜ, ਬਲੌਰ ਸਿੰਘ, ਕੁਲਜੀਤ ਵਜੀਦਕੇ, ਸੁਖਦੇਵ ਸਿੰਘ ਭੋਤਨਾ, ਰਾਜਿੰਦਰ ਸਿੰਘ, ਜਸਮੇਲ ਸਿੰਘ ਆਦਿ ਨੇ ਸੰਬੋਧਨ ਕੀਤਾ।
|