ਬਿਮਾਰੀ ਕਾਰਨ ਬੱਕਰੀਆਂ ਦੀ ਮੌਤ |
|
|
ਤਲਵੰਡੀ ਸਾਬੋ : 30 ਜੁਲਾਈ
ਤਲਵੰਡੀ ਸਾਬੋ ਹਲਕੇ ਦੇ ਸਭ ਤੋਂ ਵੱਡੇ ਪਿੰਡ ਜਗ੍ਹਾ ਰਾਮ ਤੀਰਥ ਵਿੱਚ ਪਿਛਲੇ 15 ਦਿਨਾਂ ਤੋਂ ਫੈਲੀ ਅਗਿਆਤ ਬਿਮਾਰੀ ਕਾਰਨ ਬੱਕਰੀਆਂ ਦੀਆਂ ਹੋ ਰਹੀਆਂ ਮੌਤਾਂ ਤੋਂ ਬਾਅਦ ਪਿੰਡ ਦੇ ਗਰੀਬ ਤੇ
ਦਲਿਤ ਵਰਗ ਨਾਲ ਸਬੰਧਤ ਲੋਕਾਂ ‘ਚ ਡਰ ਅਤੇ ਲਾਚਾਰੀ ਛਾਈ ਹੋਈ ਹੈ। ਪਿਛਲੇ 15 ਦਿਨਾਂ ‘ਚ ਹੀ ਲੋਕਾਂ ਦੀਆਂ ਲੱਖਾਂ ਰੁਪਏ ਦੀਆਂ ਸੈਂਕੜੇ ਬੱਕਰੀਆਂ ਮੌਤ ਦੇ ਮੂੰਹ ‘ਚ ਜਾ ਚੁੱਕੀਆਂ ਹਨ, ਜਦੋਂ ਕਿ ਪਸ਼ੂ ਪਾਲਣ ਵਿਭਾਗ ਨੇ ਇਸ ਮਾਮਲੇ ‘ਚ ਚੁੱਪ ਵੱਟੀ ਹੋਈ ਹੈ।
ਅੱਜ ਜਦੋਂ ਪੱਤਰਕਾਰਾਂ ਦੀ ਟੀਮ ਨੇ ਇਸ ਸਬੰਧ ਵਿੱਚ ਪਿੰਡ ਜਗ੍ਹਾ ਰਾਮ ਤੀਰਥ ਦਾ ਦੌਰਾ ਕੀਤਾ ਤਾਂ ਪਤਾ ਲੱਗਾ ਕਿ ਪਿੰਡ ਵਿੱਚ ਸੌ ਦੇ ਕਰੀਬ ਘਰਾਂ ਦੀ ਰੋਜ਼ੀ-ਰੋਟੀ ਦਾ ਮੁੱਖ ਸਾਧਨ ਬੱਕਰੀਆਂ ਚਾਰਨਾ ਹੀ ਹੈ। ਕਈ ਘਰਾਂ ਕੋਲ ਤਾਂ ਸੌ ਤੋਂ ਵੀ ਵੱਧ ਬੱਕਰੀਆਂ ਸਨ, ਜੋ ਹੁਣ ਲਗਾਤਾਰ ਘਟ ਰਹੀਆਂ ਹਨ। ਪਿੰਡ ‘ਚ ਬੱਕਰੀਆਂ ਚਾਰਨ ਵਾਲਿਆਂ ਨੇ ਦੱਸਿਆ ਕਿ ਇਸ ਅਗਿਆਤ ਬਿਮਾਰੀ ਕਾਰਨ ਉਨ੍ਹਾਂ ਦੀਆਂ ਦੋ ਤਿਹਾਈ ਬੱਕਰੀਆਂ ਮਾਰੀਆਂ ਜਾ ਚੁੱਕੀਆਂ ਹਨ। ਬਿਮਾਰੀ ਬਾਰੇ ਦੱਸਦਿਆਂ ਪ੍ਰਮੁੱਖ ਬੱਕਰੀ ਪਾਲਕ ਤਾਰਾ ਸਿੰਘ ਨੇ ਦੱਸਿਆ ਕਿ ਇਸ ਬਿਮਾਰੀ ਨਾਲ ਸਭ ਤੋਂ ਪਹਿਲਾਂ ਬੱਕਰੀਆਂ ਨੂੰ ਮੋਕ ਲੱਗ ਜਾਂਦੀ ਹੈ ਤੇ ਦਵਾਈ ਵੀ ਕੋਈ ਫ਼ਰਕ ਨਹੀਂ ਪਾਉਾਂਦੀ।ਹੌਲੀ-ਹੌਲੀ ਬੱਕਰੀ ਦਾ ਸਰੀਰ ਅੱਧਾ ਰਹਿ ਜਾਂਦਾ ਹੈ ਤੇ ਅਖੀਰ ਉਹ ਮੌਤ ਦੇ ਮੂੰਹ ‘ਚ ਚਲੀ ਜਾਂਦੀ ਹੈ।
ਮਰਨ ਤੋਂ ਬਾਅਦ ਬੱਕਰੀ ਦੀ ਦੇਹ ਬਿਲਕੁਲ ਆਕੜ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਉਸ ਕੋਲ 150 ਦੇ ਕਰੀਬ ਬੱਕਰੀਆਂ ਸਨ, ਜੋ ਹੁਣ ਘਟ ਕੇ 60 ਦੇ ਕਰੀਬ ਰਹਿ ਗਈਆਂ ਹਨ। ਇਸੇ ਤਰ੍ਹਾਂ ਰਾਜ ਸਿੰਘ ਦੀਆਂ ਕਰੀਬ 70, ਛੋਟਾ ਸਿੰਘ ਦੀਆਂ 20, ਦਰਸ਼ਨ ਸਿੰਘ ਦੀਆਂ 115, ਲੀਲਾ ਸਿੰਘ ਦੀਆਂ 25, ਬਲਦੇਵ ਸਿੰਘ ਦੀਆਂ 15, ਪੱਪੂ ਦੀਆਂ 24, ਜਗਸੀਰ ਸਿੰਘ ਦੀਆਂ 15, ਜੀਤਾ ਸਿੰਘ ਦੀਆਂ 20, ਸੁਦਾਗਰ ਸਿੰਘ ਦੀਆਂ 11 ਬੱਕਰੀਆਂ ਮਰ ਚੁੱਕੀਆਂ ਹਨ।
ਇਨ੍ਹਾਂ ਗਰੀਬ ਬੱਕਰੀ ਪਾਲਕਾਂ ਨੇ ਦੱਸਿਆ ਕਿ ਜਦੋਂ ਇਸ ਸਬੰਧ ‘ਚ ਸਥਾਨਕ ਡਿਸਪੈਂਸਰੀ ਦੇ ਡਾਕਟਰਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਬਿਮਾਰੀ ਉਨ੍ਹਾਂ ਦੀ ਸਮਝ ਤੋਂ ਬਾਹਰ ਹੈ। ਇਸੇ ਤਰ੍ਹਾਂ ਦਾ ਜਵਾਬ ਤਲਵੰਡੀ ਸਾਬੋ ਤੇ ਬਠਿੰਡਾ ਦੇ ਪਸ਼ੂ ਹਸਪਤਾਲਾਂ ਤੋਂ ਮਿਲਿਆ। ਬੱਕਰੀ ਪਾਲਕਾਂ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਨੇ ਬੈਂਕਾਂ ਤੋਂ ਕਰਜ਼ਾ ਚੁੱਕ ਕੇ ਮਾਲ ਖਰੀਦਿਆ ਸੀ ਪਰ ਇਸ ਬਿਮਾਰੀ ਨੇ ਉਨ੍ਹਾਂ ਨੂੰ ਕਿਸੇ ਪਾਸੇ ਦਾ ਨਹੀਂ ਛੱਡਿਆ।
ਇਸ ਸਬੰਧੀ ਪੱਤਰਕਾਰਾਂ ਵੱਲੋਂ ਜਦੋਂ ਪਿੰਡ ਦੀ ਪਸ਼ੂ ਪਾਲਣ ਡਿਸਪੈਂਸਰੀ ਦੇ ਇੰਚਾਰਜ ਆਤਮਾ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਬੱਕਰੀ ਪਾਲਕਾਂ ਨੂੰ ਮਲੱਪਾਂ ਦੀ ਦਵਾਈ ਮੁਹੱਈਆ ਕਰਵਾਈ ਸੀ, ਪਰ ਦਵਾਈ ਦਾ ਕੋਈ ਅਸਰ ਨਾ ਹੋਣ ਕਾਰਨ ਬੱਕਰੀ ਪਾਲਕਾਂ ਨੂੰ ਬਠਿੰਡਾ ਤੇ ਤਲਵੰਡੀ ਸਾਬੋ ਦੇ ਵੱਡੇ ਹਸਪਤਾਲਾਂ ‘ਚ ਭੇਜਿਆ ਗਿਆ। ਦੂਜੇ ਪਾਸੇ ਪਿੰਡ ਦੇ ਮੋਹਤਬਰ ਤੇ ਸੀਨੀਅਰ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਰਜ਼ੇ ਹੇਠ ਆਏ ਇਨ੍ਹਾਂ ਬੱਕਰੀ ਪਾਲਕਾਂ ਦੀ ਆਰਥਿਕ ਮਦਦ ਕੀਤੀ ਜਾਵੇ। ਇਸ ਤੋਂ ਇਲਾਵਾ ਸੀਨੀਅਰ ਡਾਕਟਰਾਂ ਦੀ ਇੱਕ ਟੀਮ ਪਿੰਡ ‘ਚ ਜਲਦੀ ਤੋਂ ਜਲਦੀ ਭੇਜੀ ਜਾਵੇ।
|