ਅੰਮ੍ਰਿਤਸਰ ਪੁਲਿਸ ਵੱਲੋਂ ਸਥਾਨਕ ਜ਼ਿਊਲਰ ਤੋਂ ਚੋਰੀ ਦੇ ਵੇਚੇ ਸੋਨਾ ਲੈਣ ਸਬੰਧੀ ਪੁੱਛ-ਪੜਤਾਲ |
|
|
ਪਠਾਨਕੋਟ, 30 ਜੁਲਾਈ -ਸਥਾਨਿਕ ਮਸ਼ਹੂਰ ਅੰਦਰੂਨੀ ਬਾਜਾਰ ਵਿਚ ਅੱਜ ਅੰਮ੍ਰਿਤਸਰ ਪੁਲਿਸ ਦੇ ਇਕ ਐਸ. ਐਚ. ਓ. ਰੈਂਕ ਦੇ ਅਧਿਕਾਰੀ ਨੇ ਇਕ ਸੋਨੇ ਦੇ ਗਹਿਣਿਆਂ ਦੀ ਦੁਕਾਨ ਤੋਂ ਪੁੱਛ-ਪੜਤਾਲ
ਕੀਤੀ। ਅੰਮ੍ਰਿਤਸਰ ਵਿਚ ਇਕ ਚੋਰੀ ਦੇ ਮਾਮਲੇ ਨੂੰ ਲੈ ਕੇ ਚੱਲ ਰਹੀ ਪੁੱਛ ਗਿੱਛ ਸਬੰਧੀ ਉਕਤ ਪੁਲਿਸ ਅਧਿਕਾਰੀ ਨੇ ਕੁਝ ਵੀ ਦੱਸਣੋ ਭਾਵੇਂ ਇਨਕਾਰ ਕੀਤਾ, ਪ੍ਰੰਤੂ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿਚ ਪਿਛਲੇ ਮਹੀਨੇ 15 ਲੱਖ ਦੇ ਕਰੀਬ ਸੋਨਾ ਅਤੇ ਹੋਰ ਕੀਮਤੀ ਸਾਮਾਨ ਚੋਰੀ ਹੋ ਗਿਆ ਸੀ, ਪੁਲਿਸ ਨੇ ਇਸ ਮਾਮਲੇ ’ਚ ਦੋ ਚੋਰਾਂ ਨੂੰ ਕਾਬੂ ਕਰ ਲਿਆ। ਪੁੱਛ ਗਿੱਛ ’ਤੇ ਚੋਰਾਂ ਨੇ ਉਕਤ ਬਾਜਾਰ ਦੇ ਇਕ ਜਿਊਲਰ ਦਾ ਨਾਂ ਲਿਆ। ਹੋਰ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਵੀ ਪੁਛਗਿੱਛ ਲਈ ਪੁਲਿਸ ਅਧਿਕਾਰੀ ਸੋਨੇ ਦੇ ਗਹਿਣਿਆਂ ਦੀ ਦੁਕਾਨ ’ਤੇ ਪੁਹੰਚੀ ਸੀ ਪ੍ਰੰਤੂ ਉਸ ਸਮੇਂ ਜਿਊਲਰ ਨੇ ਕੋਈ ਵੀ ਚੋਰੀ ਦਾ ਸਮਾਨ ਨਾ ਖਰੀਦਿਆ ਅਤੇ ਨਾ ਵੇਚਿਆ ਵਾਲੀ ਗੱਲ ਕਹੀ ਸੀ। ਇਸ ਮੌਕੇ ਜਿਊਲਰਾਂ ਨੇ ਵੀ ਉਸਦਾ ਸਹਿਯੋਗ ਕੀਤਾ ਸੀ ਅਤੇ ਪੁਲਿਸ ਨੂੰ ਬਰੰਗ ਵਾਪਿਸ ਜਾਣਾ ਪਿਆ ਸੀ, ਪ੍ਰੰਤੂ ਇਸ ਵਾਰ ਪੁਲਿਸ ਨੇ ਉਨ੍ਹਾਂ ਚੋਰਾਂ ਨੂੰ ਵੀ ਨਾਲ ਲਿਆਂਦਾ ਅਤੇ ਉਨ੍ਹਾਂ ਪਹਿਚਾਣ ਕਰਦਿਆਂ ਪੁਲਿਸ ਨੂੰ ਦੱਸ ਦਿੱਤਾ ਕਿ ਇਸਨੂੰ ਕਰੀਬ 40 ਹਜ਼ਾਰ ਰੁਪਏ ਦਾ ਸੋਨਾ ਵੇਚਿਆ ਸੀ। ਅੱਜ ਪੁੱਛਗਿੱਛ ਲਈ ਪੁਲਿਸ ਇਕ ਵਿਅਕਤੀ ਨੂੰ ਨਾਲ ਲੈ ਗਈ ਹੈ। ਇਸ ਸਬੰਧੀ ਜਦੋਂ ਐਸ. ਪੀ. ਹਰਪ੍ਰੀਤ ਸਿੰਘ ਨਾਲ ਰਾਬਤਾ ਕਾਇਮ ਕਰਨ ਲਈ ਫੋਨ ’ਤੇ ਸੰਪਰਕ ਕੀਤਾ ਤਾਂ ਉਨ੍ਹਾਂ ਨਾਲ ਰਾਬਤਾ ਕਾਇਮ ਨਾ ਹੋ ਸਕਿਆ।
|