ਜਲਾਲਾਬਾਦ, ਰਾਜਪੁਰਾ, ਗੁਰਦਾਸਪੁਰ
'ਪੰਜਾਬ ਦੇ ਲੋਕ ਸੂਬੇ ਦੀ ਅਕਾਲੀ-ਭਾਜਪਾ ਸਰਕਾਰ ਤੋਂ ਤੰਗ ਆ ਚੁੱਕੇ ਹਨ ਅਤੇ ਕੁਝ ਮਹੀਨੇ ਪਹਿਲਾਂ ਹੋਈਆਂ ਸੰਸਦੀ ਚੋਣਾਂ ਵਿੱਚ ਕਾਂਗਰਸ 8 ਪਾਰਲੀਮੈਂਟ ਹਲਕਿਆਂ ‘ਚ ਜੇਤੁੂ ਰਹਿ ਕੇ ਪੰਜਾਬ ਦੇ 67
ਵਿਧਾਨ ਸਭਾ ਹਲਕਿਆਂ ‘ਚ ਅੱਗੇ ਰਹੀ, ਜਿਸ ਦਾ ਅਰਥ ਹੈ ਕਿ ਪੰਜਾਬ ਵਿੱਚ ਅਕਾਲੀ ਬਹੁਮਤ ਗੁਆ ਚੁੱਕੇ ਹਨ।‘ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਥਾਨਕ ਰਾਮ ਲੀਲਾ ਚੌਕ ਵਿੱਚ ਕਾਂਗਰਸ ਪਾਰਟੀ ਵੱਲੋਂ ਆਯੋਜਿਤ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲੋਕਤੰਤਰ ਨਾਂ ਦੀ ਕੋਈ ਚੀਜ਼ ਨਹੀਂ ਰਹੀ, ਸਗੋਂ ਡੰਡਾ-ਤੰਤਰ ਚੱਲ ਰਿਹਾ ਹੈ। ਪਟਿਆਲਾ ਵਿੱਚ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ‘ਤੇ ਕਾਤਲਾਨਾ ਹਮਲਾ ਤੇ ਮਾਨਸਾ ਜ਼ਿਲ੍ਹੇ ਵਿੱਚ ਇਕ ਡੇਰਾ ਪ੍ਰੇਮੀ ਦੀ ਦਿਨ-ਦਿਹਾੜੇ ਹੱਤਿਆ ਆਦਿ ਘਟਨਾਵਾਂ ਦਰਸਾਉਂਦੀਆਂ ਹਨ ਕਿ ਪੰਜਾਬ ਵਿੱਚ ਅਮਨ-ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ।
ਕੈਪਟਨ ਅਮਰਿੰਦਰ ਸਿੰਘ ਨੇ ਅਫਸਰਸ਼ਾਹੀ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਆਪਣੇ ਕੰਮ ਨਾਲ ਮਤਲਬ ਰੱਖਣ ਅਤੇ ਲੋਕ ਸੇਵਕ ਬਣ ਕੇ ਕੰਮ ਕਰਨ, ਨਾ ਕਿ ਅਕਾਲੀ ਦਲ ਦੇ ਵਰਕਰ ਬਣ ਕੇ ਰਹਿਣ, ਕਿਉਂਕਿ ਆਉਣ ਵਾਲੇ ਸਮੇਂ ‘ਚ ਇਸ ਸਰਕਾਰ ਦੇ ਇਕ-ਇਕ ਕੰਮ ਦਾ ਹਿਸਾਬ ਲਿਆ ਜਾਵੇਗਾ ਤੇ ਇਹ ਗੱਲ ਅਫਸਰਸ਼ਾਹੀ ਨੂੰ ਆਪਣੇ ਦਿਮਾਗ ਵਿੱਚ ਰੱਖਣੀ ਚਾਹੀਦੀ ਹੈ। ਉਨ੍ਹਾਂ ਨੇ ਹਲਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਕਾਂਗਰਸੀ ਉਮੀਦਵਾਰ ਹੰਸ ਰਾਜ ਜੋਸਨ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇ। ਇਸ ਮੌਕੇ ਪੰਜਾਬ ਯੂਥ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਕਾਂਗਰਸੀ ਉਮੀਦਵਾਰ ਹੰਸ ਰਾਜ ਜੋਸਨ ਨੇ ਕਿਹਾ ਕਿ ਇਹ ਨੇਕੀ ਤੇ ਬਦੀ ਦੀ ਲੜਾਈ ਹੈ ਤੇ ਫ਼ੈਸਲਾ ਤੁਸੀਂ ਕਰਨਾ ਹੈ ਕਿ ਨੇਕੀ ਦਾ ਸਾਥ ਦੇਣਾ ਹੈ ਜਾਂ ਬਦੀ ਦਾ। ਇਸ ਚੋਣ ਰੈਲੀ ਨੂੰ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ, ਪਰਵਿੰਦਰ ਪਿੰਕੀ, ਡਾ. ਮਹਿੰਦਰ ਰਿਣਵਾ, ਹੀਰਾ ਸੋਢੀ, ਮਹਿਤਾਬ ਸਿੰਘ, ਗੁਰਨੈਬ ਸਿੰਘ ਬਰਾੜ, ਰਾਜ ਬਖਸ਼ ਕੰਬੋਜ, ਦਰਸ਼ਨ ਲਾਲ, ਨੱਥੂ ਰਾਮ, ਮਹੇਸ਼ਇੰਦਰ ਸਿੰਘ ਬਾਦਲ, ਗੁਰਮੀਤ ਕੁਲੀਆ, ਪੁਸ਼ਮਿੰਦਰ ਜੋਸਨ, ਰਿੰਕੂ ਜੋਸਨ, ਅਨੂਪ ਸਿੰਘ, ਧਰਮ ਸਿੰਘ ਸਿੱਧੂ, ਕੁਲਵੰਤ ਸਿੰਘ, ਅਰੁਣ ਖੰਨਾ, ਜਸਵਿੰਦਰ ਵਰਮਾ ਤੇ ਮੀਡੀਆ ਇੰਚਾਰਜ ਭੀਮ ਕੰਬੋਜ ਆਦਿ ਨੇ ਵੀ ਸੰਬੋਧਨ ਕੀਤਾ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜਪੁਰਾ ਬਾਈਪਾਸ ‘ਤੇ ਸਥਿਤ ਈਗਲ ਮੋਟਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਰਾਜ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਦੀਆਂ ਉਪ ਚੋਣਾਂ ‘ਚ ਧੱਕੇਸ਼ਾਹੀ ਨਾ ਕੀਤੀ ਤਾਂ ਕਾਂਗਰਸ ਤਿੰਨੇ ਹਲਕਿਆਂ ਵਿਚ ਚੋਣ ਜਿਤੇਗੀ, ਪ੍ਰੰਤੂ ਦੋਵੇਂ ਬਾਦਲਾਂ ਦੀ ਆਦਤ ਹੈ ਕਿ ਉਹ ਪੁਲਿਸ ਦੇ ਜ਼ੋਰ ਨਾਲ ਚੋਣਾਂ ‘ਚ ਧੱਕਾ ਕਰਦੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਹਲਕਾ ਬਨੂੜ ‘ਚ ਮਰਹੂਮ ਕੈਪਟਨ ਕੰਵਲਜੀਤ ਸਿੰਘ ਦੇ ਬਹੁਤ ਸਮਰਥਕ ਹਨ ਤੇ ਉਨ੍ਹਾਂ ਦਾ ਲੜਕਾ ਇਹ ਚੋਣ ਲੜ ਰਿਹਾ ਹੈ ਤਾਂ ਵੀ ਕਾਂਗਰਸੀ ਉਮੀਦਵਾਰ ਜਿੱਤ ਪ੍ਰਾਪਤ ਕਰੇਗਾ, ਕਿਉਂਕਿ ਲੋਕ ਪੰਜਾਬ ਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਵੇਖ ਰਹੇ ਹਨ। ਚੋਣ ਪ੍ਰਚਾਰ ‘ਚ ਸ਼ਾਮਲ ਹੋਣ ਬਾਰੇ ਉਨ੍ਹਾਂ ਕਿਹਾ ਕਿ ਮੈਂ ਪਿੰਡ-ਪਿੰਡ ਜਾ ਕੇ ਚੋਣ ਪ੍ਰਚਾਰ ਨਹੀਂ ਕਰ ਸਕਦਾ ਅਤੇ ਪ੍ਰਕਾਸ਼ ਸਿੰਘ ਬਾਦਲ ਤਾਂ ਵਿਹਲੇ ਹਨ, ਜਿਹੜੇ ਪਿੰਡਾਂ ‘ਚ ਜਾ ਕੇ ਚੋਣ ਮੀਟਿੰਗਾਂ ਕਰ ਰਹੇ ਹਨ। ਇਸ ਮੌਕੇ ਕੇਂਦਰੀ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਮੁੱਖ ਮੰਤਰੀ ਸ. ਬਾਦਲ ਵੱਲੋਂ ਦਿੱਤੇ ਗਏ ਬਿਆਨ ਕਿ ਉਹ ਦਸਮੇਸ਼ ਨਹਿਰ ਬਣਾਉਣ ਲਈ ਤਿਆਰ ਹਨ ਜੇਕਰ ਕੇਂਦਰ ਮਨਜ਼ੂਰੀ ਦੇਵੇ, ਬਾਰੇ ਕਿਹਾ ਕਿ 'ਬਾਦਲ ਪੰਜਾਬ ‘ਚ ਇਕ ਟਿਊਬਵੈੱਲ ਨਹੀਂ ਲਗਵਾ ਸਕਦੇ ਤੇ ਜੇਕਰ ਉਹ ਦਸਮੇਸ਼ ਨਹਿਰ ਬਣਾਉਣੀ ਚਾਹੁੰਦੇ ਹਨ ਤਾਂ ਪੁੱਟਣੀ ਸ਼ੁਰੂ ਕਰਵਾ ਦੇਣ, ਕੇਂਦਰ ਸਰਕਾਰ ਨਹੀਂ ਰੋਕੇਗੀ। ਜੇਕਰ ਬਾਦਲ ਨਹਿਰ ਦਾ ਪ੍ਰੋਜੈਕਟ ਬਣਾ ਕੇ ਕੇਂਦਰ ਨੂੰ ਭੇਜਣਗੇ ਤਾਂ ਪੰਜਾਬ ਦੀ ਭਲਾਈ ਲਈ ਕੇਂਦਰ ਤੋਂ ਪ੍ਰਵਾਨਗੀ ਮੈਂ ਲੈ ਕੇ ਦੇਵਾਂਗੀ।‘
ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ, ਲਾਲ ਸਿੰਘ, ਮਦਨ ਲਾਲ ਜਲਾਲਪੁਰ, ਸੁਰਜੀਤ ਸਿੰਘ ਧੀਮਾਨ, ਅਜੈਬ ਸਿੰਘ ਭੱਟੀ, ਜੀਤਮਹਿੰਦਰ ਸਿੰਘ ਸਿੱਧੂ, (ਚਾਰੇ ਵਿਧਾਇਕ), ਅਵਤਾਰ ਸਿੰਘ ਹਰਪਾਲਪੁਰ, ਹਰਦਿਆਲ ਸਿੰਘ ਕੰਬੋਜ, ਨਰਿੰਦਰ ਸ਼ਾਸਤਰੀ, ਬਲਵਿੰਦਰ ਕੌਰ ਚੀਮਾ, ਗੁਰਦੇਵ ਸਿੰਘ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਗੁਰਿੰਦਰ ਸਿੰਘ ਦੂਆ, ਬੰਸੀ ਲਾਲ ਧਵਨ ਤੇ ਮੱਖਣ ਸਿੰਘ ਪੱਕਾ ਕਲਾਂ ਸਮੇਤ ਹੋਰ ਆਗੂ ਵੀ ਮੌਜੂਦ ਸਨ। ਇਸ ਦੇ ਨਾਲ ਹੀ ਹਲਕਾ ਕਾਹਨੂੰਵਾਨ ਤੋਂ ਕਾਂਗਰਸੀ ਉਮੀਦਵਾਰ ਫਤਿਹਜੰਗ ਸਿੰਘ ਬਾਜਵਾ ਦੇ ਹੱਕ ‘ਚ ਪੁਲ ਸਠਿਆਲੀ ਕਸਬਾ ਕਾਹਨੂੰਵਾਨ ਵਿਖੇ ਚੋਣ ਰੈਲੀ ਕਰਵਾਈ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਲੋਕਾਂ ‘ਤੇ ਕਾਫ਼ੀ ਅੱਤਿਆਚਾਰ ਕੀਤੇ ਜਾ ਰਹੇ ਹਨ, ਜਿਸ ਦਾ ਬਦਲਾ ਪੰਜਾਬ ਦੇ ਲੋਕ ਜ਼ਿਮਨੀ ਚੋਣਾਂ ‘ਚ ਅਕਾਲੀ-ਭਾਜਪਾ ਉਮੀਦਵਾਰਾਂ ਨੂੰ ਹਰਾ ਕੇ ਲੈਣਗੇ। ਉਨ੍ਹਾਂ ਨੇ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਫਤਿਹਜੰਗ ਸਿੰਘ ਬਾਜਵਾ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਵਿਧਾਨ ਸਭਾ ‘ਚ ਭੇਜਣ। ਇਸ ਮੌਕੇ ਅਸ਼ਵਨੀ ਸੇਖੜੀ, ਸੁੱਚਾ ਸਿੰਘ ਛੋਟੇਪੁਰ, ਹਰਮਿੰਦਰ ਸਿੰਘ ਗਿੱਲ, ਸੁੱਖੀ ਰੰਧਾਵਾ, ਫਤਿਹਜੰਗ ਸਿੰਘ ਬਾਜਵਾ, ਸ਼ਕੀਲ ਅਹਿਮਦ ਤੇ ਗੁਰਚੇਤ ਸਿੰਘ ਭੁੱਲਰ ਸਮੇਤ ਹੋਰ ਵੀ ਆਗੂ ਤੇ ਵਰਕਰ ਮੌਜੂਦ ਸਨ।
|