ਕਾਲਜਾਂ ‘ਚ ਹਿੰਸਕ ਟਕਰਾਅ ਬਰਕਰਾਰ |
|
|
ਜਗਰਾਉਂ/31 ਜੁਲਾਈ
ਸਿੱਖਿਆ ਸੰਸਥਾਵਾਂ ‘ਚ ਵਿਦਿਆਰਥੀ ਯੂਨੀਅਨਾਂ ‘ਤੇ ਪਾਬੰਦੀ ਲਾਗੂ ਹੋਣ ਦੇ ਬਾਵਜੂਦ ਹਰ ਨਵੇਂ ਸ਼ੁਰੂ ਹੁੰਦੇ ਸੈਸ਼ਨ ਦੌਰਾਨ ਕਾਲਜਾਂ ਵਿਚ ਅਲੱਗ-ਅਲੱਗ ਵਿਦਿਆਰਥੀ ਗਰੁੱਪਾਂ ਵਿਚ ਆਪਣਾ ‘ਪ੍ਰਧਾਨ’ ਨਿਯੁਕਤ ਕਰਨ ਲਈ ਅਕਸਰ ਹਿੰਸਕ ਟਕਰਾਅ ਹੁੰਦੇ ਹਨ। ਇਹ
ਪ੍ਰਕਿਰਿਆ ਪਿਛਲੇ ਕਈ ਸਾਲਾਂ ਤੋਂ ਨਾ ਸਿਰਫ ਬਰਕਰਾਰ ਹੈ, ਬਲਕਿ ਹੋਰ ਵੀ ਹਿੰਸਕ ਹੁੰਦੀ ਜਾ ਰਹੀ ਹੈ। ਪਿਛਲੇ ਦਿਨੀਂ ਲੁਧਿਆਣਾ ਦੇ ਆਰੀਆ ਕਾਲਜ ਵਿਚ ਵਿਦਿਆਰਥੀਆਂ ਦੇ ਧੜਿਆਂ ਦਰਮਿਆਨ ਖੂਨੀ ਟਕਰਾਅ ਹੋਣ ਮਗਰੋਂ ਲਗਭਗ ਅਜਿਹਾ ਹੀ ਦ੍ਰਿਸ਼ ਅੱਜ ਸਥਾਨਕ ਲਾਲਾ ਲਾਜਪਤ ਰਾਏ ਡੀ ਏ ਵੀ ਕਾਲਜ ਵਿਚ ਦੇਖਣ ਨੂੰ ਮਿਲਿਆ, ਜਦੋਂ 50-60 ਵਿਦਿਆਰਥੀਆਂ ਦੇ ਇਕ ਗਰੁੱਪ ਨੇ ਆਪਣੇ ਸਾਥੀਆਂ ਨਾਲ ਖਤਰਨਾਕ ਹਥਿਆਰਾਂ ਨਾਲ ਲੈਸ ਹੋ ਕੇ ਆਪਣਾ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕੀਤਾ ਅਤੇ ਇਸ ਸਭ ਦੌਰਾਨ ਪ੍ਰਸ਼ਾਸਨ ਅਤੇ ਪੁਲਿਸ ਗੂੜ੍ਹੀ ਨੀਂਦ ਸੁੱਤੀ ਰਹੀ। ਇਸ ਸਮੇਂ ਦੌਰਾਨ ਕਾਲਜ ਦੇ ਅਧਿਆਪਕਾਂ ਅਤੇ ਹੋਰ ਸਟਾਫ ਮੈਂਬਰਾਂ ਵਿਚ ਵੀ ਸਹਿਮ ਪਾਇਆ ਗਿਆ।
ਹਾਲਾਂਕਿ ਇਸ ਦੌਰਾਨ ਕੋਈ ਹਿੰਸਕ ਘਟਨਾ ਤਾਂ ਨਹੀਂ ਵਾਪਰੀ ਪਰ ਆਉਣ ਵਾਲੇ ਦਿਨਾਂ ਵਿਚ ਇਸ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਆਉਂਦੇ ਕੁਝ ਦਿਨਾਂ ‘ਚ ਕਿਸੇ ਦੂਜੇ ਗਰੁੱਪ ਵੱਲੋਂ ਇਸੇ ਪ੍ਰਕਿਰਿਆ ਤਹਿਤ ਆਪਣਾ ਪ੍ਰਧਾਨ ਨਿਯੁਕਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤੇ ਉਸ ਵੇਲੇ ਇਨ੍ਹਾਂ ਗਰੁੱਪਾਂ ਵਿਚ ਟਕਰਾਅ ਹੋਣ ਦੀ ਕਾਫੀ ਗੁੰਜਾਇਸ਼ ਹੈ। ਇਥੇ ਦੱਸਣਾ ਬਣਦਾ ਹੈ ਕਿ ਅਜੇ ਕੁਝ ਦਿਨ ਪਹਿਲਾਂ ਹੀ ਲੁਧਿਆਣਾ ਦੇ ਆਰੀਆ ਕਾਲਜ ਵਿਚ ਵੀ ਪ੍ਰਧਾਨਗੀ ਨੂੰ ਲੈ ਕੇ ਦੋ ਗਰੁੱਪਾਂ ਦਰਮਿਆਨ ਹੋਏ ਹਿੰਸਕ ਟਕਰਾਅ ਦੌਰਾਨ ਕਈ ਨੌਜਵਾਨ ਗੰਭੀਰ ਰੂਪ ਵਿਚ ਫੱਟੜ ਹੋ ਗਏ ਸਨ।
ਦਿਲਚਸਪ ਗੱਲ ਇਹ ਹੈ ਕਿ ਕਾਲਜ ਦਾ ਪ੍ਰਧਾਨ ਨਿਯੁਕਤ ਕਰਨ ਆਏ ਨੌਜਵਾਨਾਂ ਵਿਚ ਇਸ ਕਾਲਜ ਦੇ ਕੁਝ ਕੁ ਵਿਦਿਆਰਥੀ ਹੀ ਸਨ ਅਤੇ ਬਾਕੀ ਸਭ ਬਾਹਰੋਂ ਆਏ ਸਨ। ਥਾਣਾ ਮੁਖੀ ਨਵੀਨਪਾਲ ਸਿੰਘ ਲੀਹਲ ਕਾਫੀ ਦੇਰ ਬਾਅਦ ਕਾਲਜ ਪਹੁੰਚੇ। ਉਨ੍ਹਾਂ ਕਿਹਾ ਕਿ ਲਿਖਤ ਸ਼ਿਕਾਇਤ ਆਉਣ ‘ਤੇ ਪੁਲਿਸ ਕਾਰਵਾਈ ਕਰੇਗੀ। ਸੂਤਰਾਂ ਦਾ ਕਹਿਣਾ ਹੈ ਕਿ ਨੌਜਵਾਨਾਂ ਦੇ ਇਨ੍ਹਾਂ ਗਰੁੱਪਾਂ ਨੂੰ ਕੁਝ ਸਿਆਸੀ ਲੀਡਰਾਂ ਦੀ ਸਰਪ੍ਰਸਤੀ ਹਾਸਲ ਹੈ, ਇਸੇ ਕਾਰਨ ਅੱਜ ਤੱਕ ਕੋਈ ਖਾਸ ਕਾਰਵਾਈ ਨਹੀਂ ਕੀਤੀ ਗਈ। ਸ਼ਹਿਰ ਦੇ ਮੋਹਤਬਰ ਵਿਅਕਤੀਆਂ ਅਤੇ ਦੁਕਾਨਦਾਰਾਂ ਨੇ ਇਸ ਨੂੰ ਨੌਜਵਾਨਾਂ ਦੀ ਗੁੰਡਾਗਰਦੀ ਕਰਾਰ ਦਿੰਦਿਆਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨੌਜਵਾਨਾਂ ਵੱਲੋਂ ਆਏ ਦਿਨ ਕੀਤੀ ਜਾਂਦੀ ਇਸ ਗੁੰਡਾਗਰਦੀ ‘ਤੇ ਰੋਕ ਲਾਈ ਜਾਵੇ ਅਤੇ ਇਸ ਤਰ੍ਹਾਂ ਦੀਆਂ ਗਤੀਵਿਧਿਆਂ ਵਿਚ ਸ਼ਾਮਲ ਨੌਜਵਾਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
|