ਜ਼ਿਲ੍ਹੇ ਭਰ ’ਚ ਆਗਮਨ ਪੁਰਬ ਸੇਵਾ ਦਿਵਸ ਵਜੋਂ ਮਨਾਇਆ |
|
|
ਗੁਰਦਾਸਪੁਰ, 31 ਜੁਲਾਈ -ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜ਼ੋਨ ਗੁਰਦਾਸਪੁਰ ਵੱਲੋਂ ਅੱਜ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਆਗਮਨ ਪੁਰਬ ਨੂੰ ਪੂਰੇ ਜਿਲ੍ਹੇ ਵਿਚ ‘ਸੇਵਾ ਦਿਵਸ’ ਦੇ ਰੂਪ
ਵਿਚ ਮਨਾਇਆ ਗਿਆ। ਇਸ ਤਹਿਤ ਸਟੱਡੀ ਸਰਕਲ ਦੇ 225 ਦੇ ਕਰੀਬ ਮੈਂਬਰਾਂ ਤੇ ਆਗੂਆਂ ਨੇ ਗਿਆਨ ਅੰਜਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਗੁਰਦਾਸਪੁਰ, ਧਾਰੀਵਾਲ, ਦੀਨਾਨਗਰ, ਪਠਾਨਕੋਟ ਸਮੇਤ ਜਿਲ੍ਹਾ ਭਰ ਦੇ ਪ੍ਰਮੁੱਖ ਹਸਪਤਾਲਾਂ ਵਿਚ ਪਹੁੰਚ ਕੇ ਮਰੀਜ਼ਾਂ ਦੀ ਸਿਹਤਯਾਬੀ ਲਈ ਅਰਦਾਸ ਕੀਤੀ। ਇਸ ਤੋਂ ਇਲਾਵਾ ਹਸਪਤਾਲਾਂ ਅੰਦਰ ਮਰੀਜਾਂ ਨੂੰ ਫਲ ਅਤੇ ਸਿੱਖ ਇਤਿਹਾਸ ਨਾਲ ਸਬੰਧਿਤ ਸਾਹਿਤ ਵੀ ਮੁਫਤ ਵੰਡਿਆ ਗਿਆ। ਇਸ ਮਕਸਦ ਲਈ ਬਣਾਈਆਂ ਗਈਆਂ ਦਰਜਨ ਦੇ ਕਰੀਬ ਟੀਮਾਂ ਦੀ ਅਗਵਾਈ ਕਰ ਰਹੇ ਸਟੱਡੀ ਸਰਕਲ ਦੇ ਜ਼ੋਨਲ ਸਕੱਤਰ ਭਾਈ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਗੁਰੂ ਹਰ ਕ੍ਰਿਸ਼ਨ ਸਾਹਿਬ ਨੇ ਦਿੱਲੀ ਵਿਖੇ ਚੇਚਕ ਦੇ ਮਰੀਜਾਂ ਦੀ ਹੱਥੀਂ ਸੇਵਾ ਕਰਕੇ ਅਤੇ ਉਨ੍ਹਾਂ ਦੀ ਬਿਮਾਰੀ ਆਪਣੇ ਸਰੀਰ ਉਤੇ ਲੈ ਕੇ ਸਾਨੂੰ ਸਾਰਿਆਂ ਨੂੰ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਦਿਤਾ ਸੀ। ਇਸ ਕਾਰਨ ਹੀ ਜਥੇਬੰਦੀ ਵੱਲੋਂ ਉਨ੍ਹਾਂ ਦੇ ਸੰਦੇਸ਼ ਦੀ ਪੂਰਤੀ ਲਈ ਹਰ ਸਾਲ ਉਨ੍ਹਾਂ ਦੇ ਆਗਮਨ ਪੁਰਬ ਨੂੰ ਸੇਵਾ ਦਿਵਸ ਦੇ ਰੂਪ ਵਿਚ ਮਨਾ ਕੇ ਹਸਪਤਾਲਾਂ ਅੰਦਰ ਮਰੀਜ਼ਾਂ ਦੀ ਸੇਵਾ ਕੀਤੀ ਜਾਂਦੀ ਹੈ। ਅੱਜ ਦੇ ਇਸ ਪ੍ਰੋਗਰਾਮ ਦੀ ਆਰੰਭਤਾ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਅਰਦਾਸ ਉਪਰੰਤ ਸਿਵਲ ਸਰਜਨ ਡਾ. ਆਰ. ਐਸ. ਰਾਣਾ ਨੇ ਕੀਤੀ ਅਤੇ ਸਮਾਪਤੀ ਬਾਬਾ ਗੁਰਦਿੱਤ ਸਿੰਘ ਕਲਸੀ ਹਸਪਤਾਲ ਵਿਖੇ ਹੋਈ ਜਿਥੇ ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ।
|