22 ਹਜ਼ਾਰ ਲੋਕਾਂ ਨੂੰ ਰੁਜ਼ਗਾਰ ਮਿਲਿਆ |
|
|
ਰਾਜਪੁਰਾ/1 ਅਗਸਤ
ਬਲਾਕ ਰਾਜਪੁਰਾ ਦੇ ਪਿੰਡ ਤਖਤੂ ਮਾਜਰਾ ਅਤੇ ਆਕੜੀ ਵਿਖੇ ਕੇਂਦਰ ਦੀ ਕੌਮੀ ਰੁਜ਼ਗਾਰ ਗਰੰਟੀ ਸਕੀਮ (ਨਰੇਗਾ) ਤਹਿਤ ਜਾਰੀ 10 ਲੱਖ ਰੁਪਏ ਦੀ ਗ੍ਰਾਂਟ ਨਾਲ ਪਿੰਡ ਦੀ ਪੰਚਾਇਤ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦਾ ਅੱਜ ਡਿਪਟੀ ਕਮਿਸ਼ਨਰ ਪਟਿਆਲਾ ਦਪਿੰਦਰ ਸਿੰਘ ਵੱਲੋਂ ਨਿਰੀਖਣ ਕੀਤਾ ਗਿਆ। ਇਸ ਮੌਕੇ ਡੀ ਡੀ ਪੀ ਓ
ਪਟਿਆਲਾ ਦਲਜੀਤ ਸਿੰਘ, ਐਸ ਡੀ ਐਮ ਰਾਜਪੁਰਾ ਗੁਰਤੇਜ ਸਿੰਘ, ਬੀ ਡੀ ਪੀ ਓ ਰੂਪ ਸਿੰਘ ਸੰਮਤੀ ਚੇਅਰਪਰਸਨ ਨਰਿੰਦਰ ਕੌਰ, ਨਾਇਬ ਤਹਿਸੀਲਦਾਰ ਗੁਰਮੀਤ ਸਿੰਘ ਮਿਚਰਾ, ਸੰਮਤੀ ਮੈਂਬਰ ਨਰਦੇਵ ਸਿੰਘ ਆਕੜੀ ਤੇ ਵਾਈਸ ਚੇਅਰਮੈਨ ਰੁਪਿੰਦਰ ਕੌਰ ਅਤੇ ਸਰਪੰਚ ਜਸਵੰਤ ਕੌਰ ਉਨ੍ਹਾਂ ਦੇ ਨਾਲ ਸਨ।
ਡਿਪਟੀ ਕਮਿਸ਼ਨਰ ਪਟਿਆਲਾ ਦਪਿੰਦਰ ਸਿੰਘ ਨੇ ਸਬੰਧਤ ਸਰਪੰਚ ਪਾਸੋਂ ਪਿੰਡ ਵਿਚ ਚਲਦੇ ਵਿਕਾਸ ਕਾਰਜਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਵਿਕਾਸ ਕਾਰਜਾਂ ‘ਤੇ ਤਸੱਲੀ ਪ੍ਰਗਟ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਪਟਿਆਲਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨਰੇਗਾ ਸਕੀਮ ਪਿੰਡਾਂ ਦੇ ਬੇਰੁਜ਼ਗਾਰ ਲੋਕਾਂ ਲਈ ਲਾਹੇਵੰਦ ਸਾਬਤ ਹੋ ਰਹੀ ਹੈ। ਸਕੀਮ ਲਾਗੂ ਕਰਨ ਵਿਚ ਬਲਾਕ ਰਾਜਪੁਰਾ ਪਟਿਆਲਾ ਜ਼ਿਲ੍ਹੇ ਵਿਚੋਂ ਮੋਹਰੀ ਹੈ। ਉਨ੍ਹਾਂ ਦੱਸਿਆ ਕਿ ਸਕੀਮ ਤਹਿਤ ਜ਼ਿਲ੍ਹੇ ਵਿਚ 23 ਹਜ਼ਾਰ ਲੋਕਾਂ ਦੇ ਜੋਬਕਾਰਡ ਬਣੇ ਹਨ, ਜਿਨ੍ਹਾਂ ਵਿਚੋਂ 2 ਹਜ਼ਾਰ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ। ਨਰੇਗਾ ਸਕੀਮ ਤਹਿਤ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ 129 ਰੁਪਏ ਦਿਹਾੜੀ ਦਿੱਤੀ ਜਾਂਦੀ ਹੈ, ਜਿਸ ਦੀ ਅਦਾਇਗੀ 15 ਦਿਨਾਂ ਦੇ ਅੰਦਰ-ਅੰਦਰ ਹੋ ਜਾਂਦੀ ਹੈ, ਜਿਸ ਤੋਂ ਗਰੀਬੀ ਰੇਖਾ ਤੋਂ ਹੇਠਾਂ ਜ਼ਿੰਦਗੀ ਬਸਰ ਕਰਦੇ ਲੋਕਾਂ ਨੂੰ ਵਧੇਰੇ ਲਾਭ ਮਿਲਦਾ ਹੈ। ਪਿੰਡਾਂ ਦੀਆਂ ਪੰਚਾਇਤਾਂ ਨੂੰ ਅਜਿਹੇ ਪ੍ਰੋਜੈਕਟ ਬਣਾਉਣੇ ਚਾਹੀਦੇ ਹਨ। ਉਨ੍ਹਾਂ ਮੰਨਿਆ ਕਿ ਉਕਤ ਸਕੀਮ ‘ਚ ਖੇਤੀਬਾੜੀ ਨਾਲ ਸਬੰਧਤ ਕਾਰੀਗਰਾਂ ਤੇ ਸਵੈ-ਰੁਜ਼ਗਾਰ ਤਹਿਤ ਕੰਮ ਨਾ ਮਿਲਣ ਦੀਆਂ ਘਾਟਾਂ ਵੀ ਹਨ। ਅੱਜ ਦੇ ਦੌਰੇ ਸਮੇਂ ਪੀ ਡਬਲਿਊ ਡੀ ਦੇ ਐਸ ਡੀ ਓ ਗੁਰਦੀਪ ਸਿੰਘ ਅਤੇ ਹੋਰ ਅਧਿਕਾਰੀ ਵੀ ਡੀ ਸੀ ਦੇ ਨਾਲ ਸਨ।
|