25 ਸਾਲਾਂ ਤੋਂ ਪੜ੍ਹਾ ਰਹੇ ਅਧਿਆਪਕਾਂ ਨੂੰ ਮਿਲਦੀ ਹੈ ਤਨਖਾਹ 1500 ਤੋਂ 3400 ਰੁਪਏ
ਮੰਡੀ ਕਿਲਿਆਂਵਾਲੀ
ਬਲਾਕ ਲੰਬੀ ਦੇ ਕਸਬਾ ਮੰਡੀ ਕਿਲਿਆਂਵਾਲੀ ਸਥਿਤ ਗੁਰੂ ਨਾਨਕ ਹਾਈ ਸਕੂਲ ਕਿਲਿਆਂਵਾਲੀ ਪਿਛਲੇ ਕਰੀਬ ਚਾਰ ਦਹਾਕਿਆਂ ਤੋਂ ਆਈਆਂ-ਗਈਆਂ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਹੈ ਅਤੇ ਜਿਸ ਵੱਲ ਕਦੇ ਵੀ ਕਿਸੇ ਨੇ ਝਾਤ ਤੱਕ ਨਹੀਂ ਮਾਰੀ। ਜਾਣਕਾਰੀ ਅਨੁਸਾਰ ਗੁਰੂ ਨਾਨਕ ਹਾਈ ਸਕੂਲ ਕਿਲਿਆਂਵਾਲੀ ਮੌਜੂਦਾ ਮੁੱਖ
ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਸੰਨ 1956 ਦੇ ਕਰੀਬ ਗੁਰੂ ਨਾਨਕ ਕਾਲਜ ਕਿਲਿਆਂਵਾਲੀ ਦੇ ਸਥਾਪਤ ਹੋਣ ਤੋਂ ਕੁਝ ਸਮੇਂ ਬਾਅਦ ਹੁਣ ਤੱਕ ਇਸ ਸਕੂਲ ਵੱਲ ਉਨ੍ਹਾਂ ਨੇ ਵੀ ਮੁੜ ਕੇ ਇਕ ਵਾਰ ਝਾਤ ਨਹੀਂ ਮਾਰੀ ਹੈ।
ਗੁਰੂ ਨਾਨਕ ਹਾਈ ਸਕੂਲ ਕਿਲਿਆਂਵਾਲੀ ਵਿਚ ਸ਼ੁਰੂ ਤੋਂ ਹੀ ਐਮ ਏ, ਬੀ ਐਡ ਅਤੇ ਬੀ ਏ, ਬੀ ਐਡ ਤੱਕ ਦਾ ਕੁਆਲੀਫਾਇਡ ਸਟਾਫ ਬੱਚਿਆਂ ਨੂੰ ਵਿੱਦਿਆ ਦਾ ਗਿਆਨ ਮੁਹੱਈਆ ਕਰਵਾਉਂਦਾ ਆ ਰਿਹਾ ਹੈ। ਇਸ ਸਕੂਲ ਨੂੰ ਇਕ ਅਪ੍ਰੈਲ 1972 ਵਿੱਚ ਮੀਮੋ ਨੰਬਰ 9/55-70-ਐਸ ਜੇ (1) ਮਿਤੀ 24 ਜਨਵਰੀ 1973 ਤਹਿਤ ਪੰਜਾਬ ਸਰਕਾਰ ਵੱਲੋਂ ਮਾਨਤਾ ਮਿਲੀ ਸੀ ਅਤੇ ਜਿਸ ਪਿੱਛੋਂ ਇਸ ਵਿੱਚ ਅੱਠਵੀਂ ਅਤੇ ਦਸਵੀਂ ਜਮਾਤ ਦਾ ਬੋਰਡ ਦਾ ਸੈਂਟਰ ਵੀ ਚੱਲ ਰਿਹਾ ਹੈ। ਹੁਣ ਆਲਮ ਇਹ ਹੈ ਕਿ ਇਸ ਸਕੂਲ ਵਿੱਚ ਅਜਿਹੇ ਅਨੇਕਾਂ ਅਧਿਆਪਕ-ਅਧਿਆਪਕਾਵਾਂ ਹਨ ਜਿਹੜੇ ਇਸ ਸਕੂਲ ਵਿੱਚ 10 ਵਰ੍ਹਿਆਂ ਤੋਂ ਲੈ ਕੇ ਕਰੀਬ 25 ਵਰ੍ਹਿਆਂ ਦੇ ਸਮੇਂ ਤੋਂ ਪੜ੍ਹਾ ਰਹੇ ਹਨ, ਜਿਨ੍ਹਾਂ ‘ਚੋਂ ਬਹੁਤੇ ਸਰਕਾਰੀ ਨੌਕਰੀ ਨਾ ਮਿਲਣ ਕਾਰਨ ਉਮਰ ਸੀਮਾ ਪਾਰ ਕਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਇਸ ਕਾਰਜਕਾਲ ਦੌਰਾਨ 1500 ਤੋਂ 3400 ਰੁਪਏ ਤੱਕ ਹੀ ਵੇਤਨ ਮਿਲ ਰਿਹਾ ਹੈ।
ਜਦੋਂ ਪੱਤਰਕਾਰਾਂ ਨੇ ਬੀਤੇ ਵਰ੍ਹੇ ਉਕਤ ਸਕੂਲ ਸਬੰਧੀ ਬੀਬੀ ਸੁਰਿੰਦਰ ਕੌਰ ਬਾਦਲ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੇਜਰ ਭੁਪਿੰਦਰ ਸਿੰਘ ਢਿੱਲੋਂ ਨਾਲ ਸੰਪਰਕ ਕੀਤਾ ਸੀ ਤਾਂ ਉਦੋਂ ਉਨ੍ਹਾਂ ਕਿਹਾ ਸੀ ਕਿ ਇਸ ਸਕੂਲ ਦੀਆਂ ਜ਼ਰੂਰਤਾਂ ਜਲਦ ਪੂਰੀਆਂ ਕਰਨ ਤੋਂ ਇਲਾਵਾ ਸਕੂਲ ਸਟਾਫ ਨੂੰ ਚੰਗੀ ਤਨਖਾਹ ਛੇਤੀ ਦੇਣੀ ਸ਼ੁਰੂ ਕੀਤੀ ਜਾਵੇਗੀ ਪਰ ਉਨ੍ਹਾਂ ਅੱਜ ਤੱਕ ਵੀ ਇਸ ਸਕੂਲ ਵੱਲ ਝਾਤ ਵੀ ਨਹੀਂ ਮਾਰੀ ਹੈ। ਜ਼ਿਕਰਯੋਗ ਹੈ ਕਿ ਇਸ ਸਕੂਲ ਵਿਚ ਖੇਤਰ ਦੇ ਕਰੀਬ ਇਕ ਦਰਜਨ ਪਿੰਡਾਂ ਤੋਂ ਗਰੀਬ ਪਰਿਵਾਰਾਂ ਦੇ ਬੱਚੇ ਪੜ੍ਹਨ ਲਈ ਆਉਂਦੇ ਹਨ ਅਤੇ ਜੇਕਰ ਪੰਜਾਬ ਸਰਕਾਰ ਇਸ ਸਕੂਲ ਅਤੇ ਸਕੂਲ ਦੇ ਅਧਿਆਪਕਾਂ ਪ੍ਰਤੀ ਉਸਾਰੂ ਸੋਚ ਰੱਖਦੀ ਹੈ ਅਤੇ ਉਨ੍ਹਾਂ ਦਾ ਹੋ ਰਿਹਾ ਸ਼ੋਸ਼ਣ ਕਬੂਲਦੀ ਹੈ ਤਾਂ ਜਾਂ ਉਹ ਇਸ ਸਕੂਲ ਨੂੰ ਸਰਕਾਰੀ ਹੱਥਾਂ ਵਿੱਚ ਲਵੇ ਅਤੇ ਜਾਂ ਫਿਰ ਇਸ ਸਕੂਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਸਪੁਰਦ ਕਰ ਦੇਵੇ ਤਾਂ ਕਿ ਸਕੂਲ ਦੀ ਨੁਹਾਰ ਬਦਲਣ ਦੇ ਨਾਲ-ਨਾਲ ਸਕੂਲ-ਅਧਿਆਪਕਾਂ ਨੂੰ ਵੀ ਉਨ੍ਹਾਂ ਦਾ ਬਣਦਾ ਹੱਕ ਨਸੀਬ ਹੋ ਸਕੇ।
|