ਆਈ.ਐਸ.ਆਈ. ਏਜੰਟ ਔਰਤ 4 ਲੱਖ ਦੇ ਨਕਲੀ ਨੋਟਾਂ ਸਣੇ ਕਾਬ |
|
|
ਚੰਡੀਗੜ੍ਹ, 2 ਅਗਸਤ-ਚੰਡੀਗੜ੍ਹ ਪੁਲਿਸ ਨੂੰ ਅੱਜ ਉਸ ਵੇਲੇ ਵੱਡੀ ਕਾਮਯਾਬੀ ਹੱਥ ਲੱਗੀ, ਜਦੋਂ ਉਸ ਨੇ ਅੰਮ੍ਰਿਤਸਰ ਦੀ ਰਹਿਣ ਵਾਲੀ ਸਵਿੰਦਰ ਕੌਰ ਨਾਂਅ ਦੀ ਔਰਤ ਜੋ ਕਿ ਆਈ.ਐਸ.ਆਈ. ਏਜੰਟ ਹੈ, ਨੂੰ 4 ਲੱਖ ਰੁਪਏ ਦੀ ਜਾਅਲੀ ਕਰੰਸੀ ਸਣੇ ਕਾਬੂ ਕਰ ਲਿਆ। ਇਹ ਕਰੰਸੀ 1000 ਤੇ 500 ਦੇ ਨਕਲੀ ਨੋਟਾਂ ਦੇ ਰੂਪ ਵਿਚ ਸੀ। ਸਵਿੰਦਰ
ਕੌਰ ਦੇ ਆਈ.ਐਸ.ਆਈ. ਨਾਲ ਜੁੜੇ ਕਈ ਪਾਕਿਸਤਾਨੀ ਨਾਗਰਿਕਾਂ ਨਾਲ ਗੂੜ੍ਹੇ ਸੰਬੰਧ ਸਨ, ਜੋ ਇਸ ਨੂੰ ਆਈ.ਐਸ.ਆਈ. ਦੁਆਰਾ ਛਾਪੀ ਗਈ ਨਕਲੀ ਕਰੰਸੀ ਦਿੰਦੇ ਸਨ। ਸਵਿੰਦਰ ਕੌਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਬਹਾਨੇ 5-6 ਵਾਰੀ ਪਾਕਿਸਤਾਨ ਵੀ ਜਾ ਚੁੱਕੀ ਹੈ। ਚੰਡੀਗੜ੍ਹ ਪੁਲਿਸ ਦੇ ਡੀ.ਐਸ.ਪੀ. ਜਸਵੰਤ ਸਿੰਘ ਖਹਿਰਾ ਅਤੇ ਇੰਸਪੈਕਟਰ ਭੁਪਿੰਦਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਪੁਲਿਸ ਨੇ 30 ਜੁਲਾਈ ਨੂੰ ਨਕਲੀ ਨੋਟ ਗਿਰੋਹ ਦੇ ਨੰਬਰ-2 ਅੰਮ੍ਰਿਤਸਰ ਵਾਸੀ ਯੋਧਾ ਉਰਫ ਯੁਧਵੀਰ ਨੂੰ ਕਾਬੂ ਕੀਤਾ ਸੀ। ਉਸ ਤੋਂ 1000 ਰੁਪਏ ਦੇ 8 ਨਕਲੀ ਨੋਟ ਵੀ ਬਰਾਮਦ ਹੋਏ ਸਨ। ਪੁੱਛਗਿੱਛ ਵਿਚ ਯੋਧਾ ਨੇ ਦੱਸਿਆ ਕਿ ਉਨ੍ਹਾਂ ਦੇ ਗਿਰੋਹ ਦੀ ਮੁੱਖ ਸਰਗਨਾ ਸਵਿੰਦਰ ਕੌਰ ਨਾਂਅ ਦੀ ਔਰਤ ਹੈ, ਜੋ ਕਿ ਭਵਾਨੀ ਨਗਰ ਅੰਮ੍ਰਿਤਸਰ ਵਿਖੇ ਰਹਿੰਦੀ ਹੈ। ਉਸ ਦੇ ਪਤੀ ਮਹਿੰਦਰ ਪਾਲ ਸਿੰਘ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਹੀ ਸਾਰੀ ਕਰੰਸੀ ਪਾਕਿਸਤਾਨ ਤੋਂ ਮੰਗਵਾ ਕੇ ਅੱਗੇ ਗਿਰੋਹ ਮੈਂਬਰਾਂ ਨੂੰ ਵੰਡਦੀ ਹੈ। ਇਸ ਜਾਣਕਾਰੀ ਦੇ ਆਧਾਰ ’ਤੇ ਪੁਲਿਸ ਨੇ ਇਕ ਟੀਮ ਗਠਿਤ ਕਰਕੇ ਤੁਰੰਤ ਅੰਮ੍ਰਿਤਸਰ ਭੇਜੀ, ਜਿਸ ਨੇ ਕਿ ਸਵਿੰਦਰ ਕੌਰ ਨੂੰ ਨਕਲੀ ਕਰੰਸੀ ਸਣੇ ਕਾਬੂ ਕਰ ਲਿਆ। ਜ਼ਿਕਰਯੋਗ ਹੈ ਕਿ ਇਸ ਗਿਰੋਹ ਦਾ ਪਰਦਾ ਉਦੋਂ ਫਾਸ਼ ਹੋਇਆ ਸੀ, ਜਦੋਂ ਆਮ ਜਾਂਚ ਦੌਰਾਨ ਫਿਰੋਜ਼ਪੁਰ ਵਾਸੀ ਰਾਜ ਕੁਮਾਰ ਗਿੱਲ ਚੋਰੀਸ਼ੁਦਾ ਆਲਟੋ ਕਾਰ ਦੇ ਜਾਅਲੀ ਕਾਗਜ਼ਾਂ ਸਣੇ ਫੜਿਆ ਗਿਆ ਸੀ। ਉਸ ਤੋਂ ਕੀਤੀ ਪੁੱਛਗਿੱਛ ਦੇ ਆਧਾਰ ’ਤੇ ਪੁਲਿਸ ਨੇ ਇਕ ਹੋਰ ਦੋਸ਼ੀ ਸੌਰਭ ਚੌਧਰੀ ਵਾਸੀ ਹਰੀਕੇ ਪੱਤਣ ਨੂੰ ਚੋਰੀ ਦੀ ਟਾਟਾ ਸਫਾਰੀ ਸਣੇ ਕਾਬੂ ਕੀਤਾ ਸੀ, ਜਿਸ ਦੇ ਮੈਟ ਹੇਠੋਂ ਪੁਲਿਸ ਨੂੰ 1000 ਰੁਪਏ ਦੇ 38 ਨਕਲੀ ਨੋਟ ਮਿਲੇ ਸਨ। ਸੌਰਭ ਤੋਂ ਪੁੱਛਗਿੱਛ ਉਪਰੰਤ ਉਸ ਨੇ ਇਕ ਨਾਬਾਲਗ ਲੜਕੇ ਰਵੀ ਚੌਧਰੀ ਉਰਫ ਨੋਨਾ ਵਾਸੀ ਹਰੀਕੇ ਪੱਤਣ ਅਤੇ ਗੁਰਮਿੰਦਰ ਸਿੰਘ ਉਰਫ ¦ਬੂ ਵਾਸੀ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰਵਾਇਆ ਸੀ, ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਦਿੱਲੀ ਤੋਂ ਖੋਹੀ ਗਈ ਇਕ 35 ਲੱਖ ਰੁਪਏ ਮੁੱਲ ਦੀ ਵਿਦੇਸ਼ੀ ਕਾਰ ‘ਆਡੀ’ ਬਰਾਮਦ ਕਰਵਾਈ ਸੀ। ਉਹ ਕਾਰ ਉਨ੍ਹਾਂ ਨਕਲੀ ਕਾਗਜ਼ ਬਣਾ ਕੇ ਅੱਗੇ ਵੇਚਣ ਦੀ ਕੋਸ਼ਿਸ਼ ਕੀਤੀ ਸੀ, ਪਰ ਜ਼ਿਆਦਾ ਮਹਿੰਗੀ ਹੋਣ ਕਾਰਨ ਜਦ ਉਹ ਕਾਰ ਨਾ ਵਿਕੀ ਤਾਂ ਉਨ੍ਹਾਂ ਉਸ ਕਾਰ ਨੂੰ ਚੰਡੀਗੜ੍ਹ ਦੇ ਉਦਯੋਗਿਕ ਖੇਤਰ ਵਿਖੇ ਕੰਡਮ ਕਾਰਾਂ ਦੇ ਡੰਪ ਵਿਚ ਲੁਕਾ ਕੇ ਖੜ੍ਹੀ ਕਰ ਦਿੱਤੀ ਸੀ। ਅੱਜ ਸਵਿੰਦਰ ਕੌਰ ਦੇ ਕਾਬੂ ਆਉਣ ਨਾਲ ਇਹ ਪੂਰੇ ਦਾ ਪੂਰਾ ਗਿਰੋਹ ਪੁਲਿਸ ਦੇ ਅੜਿੱਕੇ ਆ ਗਿਆ ਹੈ।
|