ਘਨੌਲੀ, 2 ਅਗਸਤ-ਇਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੰਚਾਇਤਾਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਕਹੀ ਜਾ ਰਹੀ ਹੈ ਦੂਜੇ ਪਾਸੇ ਇਸ ਦੇ ਉਲਟ ਭ੍ਰਿਸ਼ਟ ਪੁਲਿਸ ਅਫਸਰਾਂ ਵੱਲੋਂ ਸ਼ਰੇਆਮ ਪੰਚਾਇਤਾਂ ਨੂੰ ਪੁਲਿਸ ਚੌਕੀਆਂ ’ਚ ਬੁਲਾ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਹ ਸ਼ਬਦ ਅੱਜ ਪੰਚਾਇਤ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਤਰਸੇਮ ਸਿੰਘ ਗੰਧੋਂ ਨੇ ਸਥਾਨਿਕ ਨੇੜਲੇ ਪਿੰਡ ਥਲੀ ਕਲਾਂ ਵਿਖੇ ਹੋਈ ਘਨੌਲੀ ਖੇਤਰ ਦੇ ਪੰਚਾਂ-ਸਰਪੰਚਾਂ ਦੀ ਇਕ ਮੀਟਿੰਗ ’ਚ ਕਹੇ। ਉਨ੍ਹਾਂ ਕਿਹਾ ਕਿ ਅਜਿਹੀ ਹੀ ਇਕ ਤਾਜ਼ੀ ਉਦਾਹਰਨ ਪਿੰਡ ਸਿੰਘਪੁਰਾ ਦੀ ਸਰਪੰਚ ਕੁਲਵਿੰਦਰ
ਕੌਰ ਨਾਲ ਵਾਪਰੀ ਹੈ ਜਿਥੇ ਪੁਲਿਸ ਚੌਕੀ ਘਨੌਲੀ ਦੇ ਇੰਚਾਰਜ ਵੱਲੋਂ ਕੁਲਵਿੰਦਰ ਕੌਰ ਨੂੰ ਪੁਲਿਸ ਚੌਕੀ ’ਚ ਰਾਤ 11 ਵਜੇ ਤੱਕ ਬਿਠਾ ਕੇ ਰੱਖਿਆ ਗਿਆ ਅਤੇ ਪੰਚਾਇਤ ਦੀ ਹਾਜ਼ਰੀ ’ਚ ਉਪਰੋਕਤ ਸਰਪੰਚ ਦੇ ਪਤੀ ਲਾਭ ਸਿੰਘ, ਜੇਠ ਭਾਗ ਸਿੰਘ ਅਤੇ ਕਰਨੈਲ ਸਿੰਘ ਨੂੰ ਹਵਾਲਾਤ ’ਚ ਬੰਦ ਕਰ ਦਿੱਤਾ ਅਤੇ ਉਨ੍ਹਾਂ ’ਤੇ ਦਬਾਅ ਪਾ ਕੇ ਜ਼ਬਰਦਸਤੀ ਫੈਸਲਾ ਕਰਵਾਇਆ। ਜਥੇਬੰਦੀ ਦੇ ਬਲਾਕ ਰੂਪਨਗਰ ਦੇ ਪ੍ਰਧਾਨ ਸੁਨੀਲ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਇਲਾਕੇ ਦੇ 20-25 ਪੰਚਾਇਤਾਂ ਨੇ ਹਿੱਸਾ ਲਿਆ ਅਤੇ ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਰੂਪਨਗਰ ਤੋਂ ਮੰਗ ਕੀਤੀ ਕਿ ਘਨੌਲੀ ਚੌਕੀ ਦੇ ਇੰਚਾਰਜ ਨੂੰ ਨੱਥ ਪਾਈ ਜਾਵੇ। ਉਨ੍ਹਾਂ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਇਕ ਹਫ਼ਤੇ ’ਚ ਚੌਕੀ ਇੰਚਾਰਜ ਨੂੰ ਨਾ ਬਦਲਿਆ ਗਿਆ ਤਾਂ ਪੰਚਾਇਤ ਐਸੋਸੀਏਸ਼ਨ ਨੂੰ ਇਲਾਕੇ ਦੀਆਂ ਪੰਚਾਇਤਾਂ ਨੂੰ ਨਾਲ ਲੈ ਕੇ ਪੰਜਾਬ ਪੱਧਰ ਦਾ ਸੰਘਰਸ਼ ਛੇੜਨਾ ਲਈ ਮਜਬੂਰ ਹੋਣਾ ਪਵੇਗਾ। ਇਸ ਮੀਟਿੰਗ ’ਚ ਮੀਤ ਪ੍ਰਧਾਨ ਦਲਜੀਤ ਸਿੰਘ ਭੁਟੋਂ ਥਲੀ ਕਲਾਂ ਸਰਪੰਚ, ਰਜਿੰਦਰ ਸਿੰਘ ਸਰਪੰਚ, ਸੁਰਿੰਦਰ ਕੌਰ ਸਰਪੰਚ ਘਨੌਲਾ, ਰਵਿੰਦਰ ਸਿੰਘ ਸਰਪੰਚ ਢੱਕੀ, ਸੋਹਣ ਸਿੰਘ ਸਰਪੰਚ ਚੱਕ ਕਰਮਾਂ, ਪ੍ਰੇਮ ਸਿੰਘ ਸਰਪੰਚ ਖਰੋਟਾ, ਨੀਲਮ ਕੁਮਾਰੀ ਸਰਪੰਚ, ਦੁਰਗਾ ਦਾਸ ਸਰਪੰਚ ਧਲੋਆਂ, ਬਲਦੇਵ ਸਿੰਘ ਸਰਪੰਚ ਬਿੱਕੋ, ਕੁਲਵਿੰਦਰ ਕੌਰ ਸਰਪੰਚ ਸਿੰਘਪੁਰਾ, ਖੁਸ਼ਿਆਲ ਸਿੰਘ ਸਰਪੰਚ ਅਹਿਮਦਪੁਰ, ਕੁਲਵਿੰਦਰ ਕੌਰ ਪੰਚ ਥਲੀ ਕਲਾਂ, ਛੱਜਾ ਸਿੰਘ, ਸੁਨੀਤਾ ਦੇਵੀ ਸਰਪੰਚ, ਰੋਸ਼ਨ ਸਿੰਘ ਸਰਪੰਚ ਡੰਗੋਲੀ, ਜਸਮੇਰ ਸਿੰਘ ਪੰਚ ਇੰਦਰਪੁਰਾ, ਸਾ: ਸਰਪੰਚ ਮੋਹਣ ਸਿੰਘ ਸਿੰਘਪੁਰਾ, ਬਲਜੀਤ ਸਿੰਘ ਪੰਚ ਆਦਿ ਹਾਜ਼ਰ ਸਨ।
ਚੌਕੀ ਇੰਚਾਰਜ ਨੇ ਦੋਸ਼ਾਂ ਨੂੰ ਨਕਾਰਿਆ-
ਉਪਰੋਕਤ ਮਾਮਲੇ ਸੰਬੰਧੀ ਜਦੋਂ ਘਨੌਲੀ ਪੁਲਿਸ ਚੌਕੀ ਇੰਚਾਰਜ ਸੁਖਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕਿਸੇ ਵੀ ਪੰਚ, ਸਰਪੰਚ ਨੂੰ ਖੱਜਲ-ਖੁਆਰ ਨਹੀਂ ਕੀਤਾ। ਸਿੰਘਪੁਰਾ ਦੀ ਸਰਪੰਚ ਨਾਲ ਵਾਪਰੀ ਘਟਨਾ ਬਾਰੇ ਉਨ੍ਹਾਂ ਕਿਹਾ ਕਿ ਪਿੰਡ ਦੇ ਇਕ ਝਗੜੇ ਨੂੰ ਲੈ ਕੇ ਦੋ ਧਿਰਾਂ ਨੂੰ ਚੌਕੀ ’ਚ ਬੁਲਾਇਆ ਗਿਆ ਸੀ ਪਰ ਪਿੰਡ ਦੀ ਸਰਪੰਚ ਤੇ ਉਸ ਦੇ ਪਰਿਵਾਰਕ ਮੈਂਬਰ ਇਕ ਧਿਰ ਨਾਲ ਆਪਣੇ ਆਪ ਚੌਕੀ ਆਏ ਹਨ। ਜਦੋਂ ਝਗੜੇ ਦਾ ਫੈਸਲਾ ਕੀਤਾ ਜਾ ਰਿਹਾ ਸੀ ਤਾਂ ਪਹਿਲਾਂ ਸਰਪੰਚ ਔਰਤ ਦੇ ਪਤੀ ਨੇ ਇਕ ਬਜ਼ੁਰਗ ਨਾਲ ਝਗੜਾ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਉਸ ਦਾ ਜੇਠ ਤੇ ਨਾਲ ਆਏ ਹੋਰ ਪਤਵੰਤੇ ਸੱਜਣ ਉਨ੍ਹਾਂ ਨਾਲ ਬਦਤਮੀਜ਼ੀ ਨਾਲ ਪੇਸ਼ ਆਏ ਜਿਸ ਕਾਰਨ ਉਨ੍ਹਾਂ ’ਤੇ 751 ਦਾ ਪਰਚਾ ਦਰਜ ਕੀਤਾ ਗਿਆ ਸੀ ਜੋ ਕਿ ਮੁੜ ਰਾਤ ਨੂੰ ਉਨ੍ਹਾਂ ਵੱਲੋਂ ਲਿਖਤੀ ਮੁਆਫੀ ਮੰਗ ਲਏ ਜਾਣ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਤੇ ਉਸ ਸਮੇਂ ਔਰਤ ਸਰਪੰਚ ਆਪਣੇ ਘਰ ਜਾ ਚੁੱਕੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੇ ਉਸੇ ਸਮੇਂ ਇਹ ਕੇਸ ਉ¤ਚ ਅਧਿਕਾਰੀਆਂ ਦੇ ਧਿਆਨ ’ਚ ਲਿਆ ਦਿੱਤਾ ਸੀ ਤੇ ਉਨ੍ਹਾਂ ਕਦੇ ਕਿਸੇ ਔਰਤ ਪੰਚ-ਸਰਪੰਚ ਨੂੰ ਚੌਕੀ ਆਉਣ ਲਈ ਨਹੀਂ ਕਿਹਾ।
|