ਠੇਕੇਦਾਰ ਵੱਲੋਂ ਲੱਖਾਂ ਦਾ ਘਪਲਾ |
|
|
ਭਲਾਈਆਣਾ, 2 ਅਗਸਤ-ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੇ ਗ੍ਰਹਿ ਜ਼ਿਲ੍ਹੇ ਅੰਦਰ ਠੇਕੇਦਾਰਾਂ ਵੱਲੋਂ ਲੱਖਾਂ ਰੁਪਏ ਦੀ ਘਪਲੇਬਾਜ਼ੀ ਕੀਤੀ ਜਾ ਰਹੀ ਹੈ। ਵਰਨਣਯੋਗ ਹੈ ਕਿ ਹਲਕਾ ਗਿੱਦੜਬਾਹਾ ਅਧੀਨ ਪੈਂਦੇ ਪਿੰਡ ਹੁਸਨਰ ਵਿਖੇ ਪੰਜਾਬ ਸਰਕਾਰ ਵੱਲੋਂ ਪਿੰਡ ਦੇ ਫ਼ਾਲਤੂ ਪਾਣੀ ਦਾ ਯੋਜਨਾਬੱਧ ਤਰੀਕੇ ਨਾਲ ਨਿਕਾਸ ਕਰਵਾਉਣ ਦੇ ਮੱਦੇਨਜ਼ਰ ਗਿੱਦੜਬਾਹਾ-ਮੁਕਤਸਰ ਮੁੱਖ ਸੜਕ ਦੇ ਨਾਲ-ਨਾਲ ਦੋਹੀਂ ਪਾਸੇ ਖਾਲ਼ ਬਨਾਉਣ ਦਾ ਠੇਕਾ ਠੇਕੇਦਾਰ ਨੂੰ ਸੌਂਪ ਦਿੱਤਾ। ਹੋਇਆ ਇੰਝ ਕਿ ਸੜਕ ਦੇ ਇਕ ਪਾਸੇ ਜਲ ਘਰ ਵਿਚ ਪਾਣੀ ਛੱਡਣ ਲਈ ਖਾਲ਼ ਕਾਫ਼ੀ ਸਮਾਂ ਪਹਿਲਾਂ ਬਣਾਇਆ ਸੀ ਜੋ ਕਿ ਹੁਣ ਬੰਦ ਸੀ। ਸਬੰਧਿਤ ਠੇਕੇਦਾਰ ਨੇ ਆਪਣੀ ਲੇਬਰ ਨੂੰ ਹੁਕਮ ਚਾੜ੍ਹ ਕੇ ਜਲ ਘਰ ਦੇ ਇਸ ਖਾਲ਼ ਦੀ ਲਿੱਪਾ ਪੋਚੀ ਕਰਵਾਏ ਹੀ ਇੱਟਾ ਚਿਣਵਾ ਦਿੱਤੀਆਂ। ਗੌਰਤਲਬ ਹੈ ਕਿ ਆਉਣ ਵਾਲੇ ਕੁਝ ਸਮੇਂ ’ਚ ਹੀ ਬੰਜਰ ਬਣਿਆ ਪਿਆ ਇਹ ਖਾਲ਼ ਫ਼ਿਸਲ ਸਕਦਾ ਹੈ, ਜਿਸ ਨਾਲ ਲੋਕਾਂ ਦੀ ਸਮੱਸਿਆ ਤਾਂ ਜਿਉਂ ਦੀ ਤਿਉਂ ਹੀ ਰਹੇਗੀ, ਪ੍ਰੰਤੂ ਠੇਕੇਦਾਰ ਨੂੰ ਜ਼ਰੂਰ ਹੁਣ ਲੱਖਾਂ ਰੁਪਏ ਬਚ ਜਾਣਗੇ। ਜਦ ਇਸ ਸਬੰਧੀ ਉਕਤ ਠੇਕੇਦਾਰ ਨਾਲ ਫ਼ੋਨ ’ਤੇ ਸੰਪਰਕ ਕੀਤਾ ਤਾਂ ਉਸਨੇ ਕਿਹਾ ਕਿ ਅਸੀਂ ਤਾਂ ਲੋਕ ਨਿਰਮਾਣ ਵਿਭਾਗ ਨਾਲ ਹੋਏ ਸਮਝੌਤੇ ਮੁਤਾਬਿਕ ਹੀ ਇਹ ਖਾਲ਼ ਬਣਵਾ ਰਹੇ ਹਾਂ, ਜਦਕਿ ਪਿੰਡ ਦੇ ਸਰਪੰਚ ਜਰਨੈਲ ਸਿੰਘ ਦਾ ਕਹਿਣਾ ਸੀ ਕਿ ਉਹ ਇਕੱਲਾ ਕੁਝ ਨਹੀਂ ਕਰ ਸਕਦਾ ਇਹ ਸਮੱਸਿਆ ਤਾਂ ਸਾਰੇ ਪਿੰਡ ਦੀ ਸਹਿਮਤੀ ਨਾਲ ਹੀ ਹੱਲ ਹੋ ਸਕਦੀ ਹੈ। ਦੂਜੇ ਪਾਸੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਇਸ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
|