ਓਲਸ਼ਟਨ (ਪੋਲੈਂਡ), 4 ਅਗਸਤ-ਪੰਜਾਬ ਤੋਂ ਗਈ ਪੰਜਾਬ ਕਲਚਰਲ ਪ੍ਰਮੋਸ਼ਨ ਕੌਂਸਲ ਦੀ ਟੀਮ, ਲਿਥੂਆਨੀਆ, ਪੋਲੈਂਡ ਤੇ ਲਾਤਵੀਆ ਤਿੰਨ ਸ਼ੈਨੇਗਨ ਯੂਰਪੀਅਨ ਮੁਲਕਾਂ ’ਚ ਪੰਜਾਬੀ ਵਿਰਸੇ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਉਭਾਰਨ ਅਤੇ ਪੰਜਾਬੀ ਸੱਭਿਆਚਾਰ ਦੀ ਬੱਲੇ-ਬੱਲੇ ਕਰਵਾਉਣ ਮਗਰੋਂ ਢੇਰ ਸਾਰੀਆਂ ਅੰਤਰ ਰਾਸ਼ਟਰੀ ਪ੍ਰਾਪਤੀਆਂ ਸਮੇਤ ਪੰਜਾਬ ਵਾਪਸ ਪੁੱਜ ਗਈ ਹੈ। ਕੌਂਸਲ ਦੇ ਨਿਰਦੇਸ਼ਕ ਦਵਿੰਦਰ ਸਿੰਘ ਛੀਨਾ ਦੀ ਨਿਰਦੇਸ਼ਨਾ ਹੇਠ ਪੰਜਾਬੀ ਟਰੁੱਪ ਨੇ ਲਿਥੂਆਨੀਆ ਤੇ ਲਾਤਵੀਆ ’ਚ ਇਕ -ਇਕ ਵਰਲਡ ਫੋਕ ਫੈਸਟੀਵਲਾਂ ਅਤੇ ਪੋਲੈਂਡ ਵਿਚ ਪੰਜ ਵਰਲਡ ਫੋਕ ਫੈਸਟੀਵਲਾਂ ’ਚ ਹਿੱਸਾ ਲਿਆ। ਪੋਲੈਂਡ ਦੀ ਰਾਜਧਾਨੀ ਵਾਰਸਾ, ਇਤਿਹਾਸਕ ਸ਼ਹਿਰਾਂ
ਵੈਲੀਸ਼ੇਵ, ਓਸਟਰੋਡਾ, ਚਹਾਨੋ ਅਤੇ ਓਲਸ਼ਟਨ ਵਿਖੇ ਹੋਏ ਅੰਤਰਰਾਸ਼ਟਰੀ ਫੈਸਟੀਵਲਾਂ ਤੇ ਪ੍ਰੋਗਰਾਮਾਂ ’ਚ ਪੰਜਾਬ ਦੀ ਟੀਮ ਦੇ ਮੈਂਬਰਾਂ ਸ੍ਰੀ ਬੰਸੀ ਲਾਲ, ਪੈਟਰਨ ਸ: ਆਰ. ਐਸ. ਸੋਹਲ, ਕਰਨਬੀਰ ਸਿੰਘ ਛੀਨਾ, ਬਿਕਰਮਜੀਤ ਸਿੰਘ ਬਿੱਕੀ, ਨਵਰਾਜ ਛੀਨਾ, ਸ਼ਗਨਦੀਪ, ਸ਼ਿਵਮ, ਕੀਤਿਕਾ, ਅਸ਼ੀਸ਼, ਸੰਦੀਪ, ਕ੍ਰਿਸ਼ਨਾ, ਨਿਤਿਸ਼, ਰਾਹੁਲ, ਕਰੁਣਵੀਰ ਸ਼ਰਮਾ ਨੇ ਸ਼ਾਨਦਾਰ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਦਰਸ਼ਕਾਂ ਅਤੇ ਪੌਲਿਸ਼ ਭਾਈਚਾਰੇ ਦੀ ਜਿਥੇ ਵਾਹਵਾ ਖੱਟੀ, ਉਥੇ ਪੰਜਾਬ ਰਾਜ ਨੂੰ ਇੰਟਰਨੈਸ਼ਨਲ ਪੱਧਰ ’ਤੇ ਪ੍ਰਮੋਟ ਵੀ ਕੀਤਾ। ਸ: ਛੀਨਾ ਨੇ ਦੱਸਿਆ ਕਿ ਵਾਰਸਾ ਦੇ ‘ਕਰਾਸ ਡਰੰਮਿੰਗ ਇੰਟਰਨੈਸ਼ਨਲ ਫੈਸਟੀਵਲ’ ’ਚ ਵਰ੍ਹਦੇ ਮੀਂਹ ਦੇ ਬਾਵਜੂਦ ਹਜ਼ਾਰਾਂ ਦਰਸ਼ਕ, ਪੰਜਾਬੀ ਗਰੁੱਪ ਦੀਆਂ ਸੱਭਿਆਚਾਰਕ ਵੰਨਗੀਆਂ ਦਾ ਲੁਤਫ ਲੈਂਦੇ ਰਹੇ। ਓਲਸ਼ਟਨ ’ਚ ਹੋਏ ‘ਸਿਓਫ-ਵਰਲਡ ਫੋਕ ਫੈਸਟੀਵਲ-ਵਾਰਮੀਆ-2009’ ਦੇ ਸ਼ਾਨਦਾਰ ਐਮਫੀਥੀਏਟਰ ’ਚ ਸੈਂਕੜੇ ਪੌਲਿਸ਼ ਬੱਚੇ ਮੰਚ ’ਤੇ ਚੜ੍ਹ ਕੇ ਪੰਜਾਬੀ ਟੀਮ ਨਾਲ ‘ਭੰਗੜਾ’ ਪਾਉਣ ਲਈ ਮਜਬੂਰ ਹੋ ਗਏ। ਕੌਂਸਲ ਦੇ ਪੋਲੈਂਡ ਚੈਪਟਰ ਦੀ ਕੋਆਰਡੀਨੇਟਰ ਪਾਓਲੀਨਾ ਮੈਜ਼ੀਵੈਸਕਾ ਨੇ ਪੰਜਾਬੀ ਸੱਭਿਆਚਾਰਕ ਪਹਿਰਾਵੇ ’ਚ ਪੰਜਾਬੀ ਟੀਮ ਨਾਲ ਖੂਬ ਭੰਗੜਾ ਪਾਇਆ ਤੇ ਪੰਜਾਬਣ ਮੁਟਿਆਰਾਂ ਕੀਤਿਕਾ, ਸੰਦੀਪ ਕੌਰ, ਅਸ਼ੀਸ਼ ਕੌਰ ਹੁਰਾਂ ਨੂੰ ਗਿੱਧੇ ਦੇ ਪਿੜ ’ਚ ਵੀ ਪੂਰਾ ਸਾਥ ਦਿੱਤਾ। ਚਹਾਨੋ, ਪਲੌਨਸਕ ਓਜ਼ਰਜੈਕ, ਮਲੈਨੋਜੈਕ, ਸੈਰੌਕ ਗਰੁਡੁਸਕ ਤੇ ਮੌਲੀਮਿਨ ’ਚ ਹੋਏ ਅੰਤਰਰਾਸ਼ਟਰੀ ਪ੍ਰੋਗਰਾਮਾਂ ਦੌਰਾਨ ਵੀ ‘ਤੁਰਲੇ ਵਾਲੀਆਂ ਪੱਗਾਂ ਵਾਲੇ ਸਰਦਾਰਾਂ’ ਨੂੰ ਹਜ਼ਾਰਾਂ ਦਰਸ਼ਕ ਅੱਡੀਆਂ ਚੁੱਕ-ਚੁੱਕ ਵੇਖਦੇ ਰਹੇ। ਪੌਲਿਸ਼ ਭਾਈਚਾਰੇ ਨੇ ਝੂਮਰ, ਭੰਗੜਾ, ਗਿੱਧਾ, ਮਲਵਈ ਗਿੱਧਾ, ਢੋਲ-ਬੀਟਸ, ਬੋਲੀਆਂ ਤੇ ਧਮਾਲਾਂ ਨੂੰ ਬੇਹੱਦ ਪਸੰਦ ਕੀਤਾ।
ਬਾਲ ਕਲਾਕਾਰ ਨਵਰਾਜ ਸਿੰਘ ਛੀਨਾ, ਅਸ਼ੀਸ਼ ਕੌਰ ਛੀਨਾ ਤੇ ਸ਼ਗੁਨਦੀਪ ਸਿੰਘ ਠੱਠੀ ਵੀ ਛਾਏ ਰਹੇ। ਓਸਟਰੋਡਾ ’ਚ ਇਤਿਹਾਸਕ ‘ਕੈਸਲ’ ’ਚ ਹੋਏ ਅੰਤਰਰਾਸ਼ਟਰੀ ਫੈਸਟੀਵਲ ’ਚ ਪੰਜਾਬੀ ਗਰੁੱਪ ਦੀ ਪੇਸ਼ਕਾਰੀ ਮਗਰੋਂ ਹਜ਼ਾਰਾਂ ਗੋਰੇ-ਗੋਰੀਆਂ ਨੇ ਖੜ੍ਹੇ ਹੋ ਕੇ ਤਾਲੀਆਂ ਮਾਰ ਕੇ ‘ਸਟੈਂਡਿੰਗ ਓਵੇਸ਼ਨ’ ਦਿੱਤੀ, ਜੋ ਕਿ ਪ੍ਰੋਗਰਾਮ ਦੀ ਸਿਖਰ ਸੀ। ‘ਕੋਮਬਾਟੈਂਟ (ਚਹਾਨੋ) ਵਿਖੇ ਬਜ਼ੁਰਗ ਭਾਈਚਾਰੇ ਅਤੇ ਓਲਸ਼ਟਨ ਦੇ ਇਕ ਹਸਪਤਾਲ ’ਚ ਪੀੜਤ ਤੇ ਬਿਮਾਰ ਬੱਚਿਆਂ ਲਈ ਵੀ, ਪੰਜਾਬ ਕਲਚਰਲ ਪ੍ਰੋਮੋਸ਼ਨ ਕੌਂਸਲ ਦੇ ਆਰਟਿਸਟਾਂ ਨੇ ਪੇਸ਼ਕਾਰੀਆਂ ਕੀਤੀਆਂ ਤੇ ‘ਕਲਚਰ ਰਾਹੀਂ ਮਾਨਵਤਾ ਦੀ ਸੇਵਾ’ ਦਾ ਸੰਕਲਪ ਦੁਹਰਾਇਆ। ਮੀਡੀਏ ਨੂੰ ਇਹ ਜਾਣਕਾਰੀ ਕੌਂਸਲ ਦੇ ਸਰਪ੍ਰਸਤ ਸ: ਆਰ. ਐਸ. ਸੋਹਲ ਨੇ ਦਿੱਤੀ।
ਕੌਂਸਲ ਡਾਇਰੈਕਟਰ ਦਵਿੰਦਰ ਸਿੰਘ ਛੀਨਾ ਨੇ ਚਹਾਨੋ ਦੇ ਕਲਚਰਲ ਸੈਂਟਰ ਦੇ ਡਾਇਰੈਕਟਰ ਸ੍ਰੀ ਸਟੈਂਨਸ਼ਲਾਮਾ, ਵਾਰਮੀਆ (ਓਲਸ਼ਟਨ) ਦੇ ਫੈਸਟੀਵਲ ਡਾਇਰੈਕਟਰ ਮਿ: ਆਰਟੁਰ, ਵੈਲੀਸ਼ੇਵ ਕਲਚਰਲ ਸੈਂਟਰ ਦੀ ਡਾਇਰੈਕਟਰ ਡਾ: ਡੈਰਿਕ, ਪਲੌਂਸਕ ਕਲਚਰਲ ਸੈਂਟਰ ਦੀ ਡਾਇਰੈਕਟਰ ਮੈਡਮ ਮਿਕੋਲਾਵੈਸਕਾ, ਲਿਗਨੋਵਸਕੀ ਕਲਚਰਲ ਡਾਇਰੈਕਟਰ ਮਿ: ਗਰੈਬੀਅਕ, ਕਰਾਸ-ਡਰੰਮਿੰਗ ਫੈਸਟੀਵਲ ਦੇ ਪ੍ਰਬੰਧਕਾਂ ਮਿ: ਪਾਵੇਲ ਤੇ ਮੈਡਮ ਆਨਾ ਪਰੁਸ਼ਕੋਵਸਕਾ ਨਾਲ ਅੰਤਰਰਾਸ਼ਟਰੀ ਵਿਦਿਅਕ ਤੇ ਸੱਭਿਆਚਾਰਕ ਅਦਾਨ-ਪ੍ਰਦਾਨ ਸਬੰਧੀ ਵਿਸ਼ੇਸ਼ ਮੀਟਿੰਗਾਂ ਵੀ ਕੀਤੀਆਂ।
ਵੈਲੀਸ਼ੇਵ ਮੇਅਰ ਮਿ: ਵਾਲਦੇਮਾਰ, ਓਲਸ਼ਟਨ ਪ੍ਰੈਜ਼ੀਡੈਂਟ ਮਿ: ਪਿਓਤਰ, ਚਹਾਨੋ ਸਿਟੀ ਕੌਂਸਲ ਪ੍ਰਧਾਨ ਮੈਡਮ ਈਵਾ ਮਲੈਡਿਸ਼, ਓਸਟਰੋਡਾ ਕਲਚਰਲ ਸੈਂਟਰ ਦੇ ਅਧਿਕਾਰੀਆਂ ਨੇ ਦਵਿੰਦਰ ਸਿੰਘ ਛੀਨਾ ਤੇ ਪੰਜਾਬੀ ਟੀਮ ਨੂੰ ਸਨਮਾਨਿਤ ਕੀਤਾ। ਸ: ਛੀਨਾ ਨੇ ਉਕਤ ਮੇਅਰਾਂ ਤੇ ਪ੍ਰਧਾਨਾਂ ਨੂੰ ਸ੍ਰੀ ਦਰਬਾਰ ਸਾਹਿਬ ਦੀਆਂ ਸੁੰਦਰ ਤਸਵੀਰਾਂ ਭੇਟ ਕੀਤੀਆਂ। ਅੰਤਰਰਾਸ਼ਟਰੀ ਡੈਲੀਗੇਟਾਂ ਦੀਆਂ ਮੇਅਰ-ਮੀਟਿੰਗਾਂ ’ਚ ਪੰਜਾਬੀ ਵਿਰਸੇ, ਸਿੱਖ ਵਿਰਸੇ ਤੇ ‘ਦਸਤਾਰ ਦੀ ਸ਼ਾਨ’ ਬਾਰੇ ਭਾਸ਼ਣ ਦਿੱਤੇ। ਅੰਤਰਰਾਸ਼ਟਰੀ ਭਾਈਚਾਰੇ ਨਾਲ ‘ਯੂ. ਐਨ. ਦੇ ਕਲਚਰਲ ਆਫ-ਪੀਸ ਪ੍ਰੋਜੈਕਟ’ ਲਈ ਇਕਮੁੱਠਤਾ ਜੁਟਾਈੇ। ਪੰਜਾਬੀ ਟੀਮ ਨੇ ਡਾ: ਡੈਰਿਕ ਦੀ ਅਗਵਾਈ ’ਚ ਇਤਿਹਾਸਕ ਸ਼ਹਿਰ ਵਾਰਸਾ ਦੀਆਂ ਇਤਿਹਾਸਕ ਥਾਵਾਂ ਵੇਖੀਆਂ, ਓਲਸ਼ਟਨ, ਓਸਟਰੋਡਾ ਦੇ ‘ਕੈਸਲਜ਼’ ਵੇਖੇ, ਪੋਲੈਂਡ ਲਿਥੂਆਨੀਆਂ ਦੀਆਂ ਸੁੰਦਰ ਝੀਲਾਂ ਦਾ ਨਜ਼ਾਰਾ ਲਿਆ। ਜੈਗਰਿੰਸਕੀ ਲੇਕ ’ਚ ਸ਼ਿਪ-ਕਰੁਜ ਕੀਤਾ ਤੇ ਬਾਲਟਿਕ ਸਮੁੰਦਰੀ ਤੱਟ ਪ¦ਗਾ ਦੀ ਵੀ ਸੈਰ ਕੀਤੀ।
|