ਜੇ. ਐਸ. ਕੇ. ਟਰਾਂਸਪੋਰਟ ਕੰਪਨੀ ’ਤੇ ਛਾਪਾ |
|
|
ਜਲੰਧਰ, 5 ਅਗਸਤ- ਕਰ ਤੇ ਆਬਕਾਰੀ ਵਿਭਾਗ ਦੇ ਮੋਬਾਈਲ ਵਿੰਗ ਦੀ ਟੀਮ ਨੇ ਅੱਜ ਜੇ. ਐਸ. ਕੇ. ਟਰਾਂਸਪੋਰਟ ਕੰਪਨੀ ਦੇ ਮੁੱਖ ਗੁਦਾਮ ਸਮੇਤ ਤਿੰਨ ਗੁਦਾਮਾਂ ’ਤੇ ਛਾਪੇਮਾਰੀ ਕੀਤੀ ਤੇ ਸੈਂਕੜੇ ਨਗ ਬਿਨਾਂ ਬਿੱਲ ਦੇ ਬਰਾਮਦ ਕੀਤੇ ਜਿਹੜੇ ਕਿ ਬਿਨਾਂ ਬਿੱਲ ਤੋਂ ਹੀ ਬਾਹਰ ਭੇਜਣ ਲਈ ਬੁੱਕ ਕੀਤੇ ਗਏ ਸਨ। ਮੋਬਾਈਲ ਵਿੰਗ ਦੇ ਸਹਾਇਕ ਕਮਿਸ਼ਨਰ ਸ੍ਰੀ ਬੀ. ਕੇ. ਵਿਰਦੀ ਦੀ ਅਗਵਾਈ ਵਿਚ ਅੱਜ ਟੀਮ ਨੇ ਉਕਤ ਗੁਦਾਮਾਂ ਦੀ ਸੂਚਨਾ ਮਿਲਣ ’ਤੇ ਛਾਪੇਮਾਰੀ ਕੀਤੀ। ਉਕਤ ਟੀਮ ਵਿਚ ਪੁਲਿਸ ਥਾਣੇਦਾਰ ਰਛਪਾਲ ਸਿੰਘ, ਗੁਰਜੀਤ ਸਿੰਘ ਵੀ ਸ਼ਾਮਿਲ ਸਨ। ਈ. ਟੀ. ਓ. ਰਣਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇੰਡਸਟਰੀਅਲ ਏਰੀਆ ਵਿਚ ਕੰਪਨੀ ਦੇ ਟਰਾਂਸਪੋਰਟ ਦਾ ਮੁੱਖ ਦਫਤਰ ਹੈ ਤੇ ਇਸ ਤੋਂ ਇਲਾਵਾ ਟਰਾਂਸਪੋਰਟ ਨਗਰ ਤੇ ਬਸਤੀ ਨੌ ਵਿਚ ਵੀ ਕੰਪਨੀ ਦੇ ਗੁਦਾਮ ਹਨ ਜਿਥੇ ਕਿ ਸਾਮਾਨ ਬੁੱਕ ਕਰਕੇ ਬਾਹਰ ਭੇਜਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਤਿੰਨੇ ਗੁਦਾਮਾਂ ’ਤੇ ਟੀਮ ਨੇ ਪਏ ਸਾਮਾਨ ਦੇ ਨਗਾਂ ਦੀ ਜਾਂਚ ਕੀਤੀ। ਗੁਦਾਮਾਂ ਵਿਚ 1100 ਸਾਮਾਨ ਨਾਲ ਭਰੇ ਨਗ ਮੌਜੂੁਦ ਸਨ, ਜਿਨ੍ਹਾਂ ਵਿਚ ਪਾਈਪ ਫਿਟਿੰਗ, ਨੱਟ ਬੋਲਟ, ਮੋਟਰ ਪਾਰਟਸ, ਸਪੋਰਟਸ ਗੁੱਡਸ ਦਾ ਸਾਮਾਨ ਸੀ। ਰਣਜੀਤ ਸਿੰਘ ਨੇ ਕਿਹਾ ਕਿ ਸਾਰੇ ਬੰਦ ਨਗਾਂ ’ਚੋਂ ਸਾਮਾਨ ਕੱਢ ਕੇ ਮਿਲਾਇਆ ਗਿਆ ਤੇ ਉਕਤ ਸਾਮਾਨ ਵਿਚੋਂ 123 ਨੱਗ ਬਿਨਾਂ ਬਿੱਲ ਦੇ ਸਾਮਾਨ ਟਰਾਂਸਪੋਰਟ ਵਿਚ ਭੇਜਣ ਲਈ ਬੁੱਕ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਬਿਨਾਂ ਬਿੱਲ ਵਾਲੇ ਸਾਮਾਨ ਨੂੰ ਕਾਬੂ ਕਰਕੇ ਦਫਤਰ ਲੈ ਆਂਦਾ ਹੈ ਤੇ ਟਰਾਂਸਪੋਰਟ ਕੰਪਨੀ ਨੂੰ 6 ਅਗਸਤ ਨੂੰ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਮਾਨ ਦੇ ਮੁੱਲ ਦਾ ਪਤਾ ਲਗਾ ਕੇ ਟਰਾਂਸਪੋਰਟ ਕੰਪਨੀ ਨੂੰ ਜੁਰਮਾਨਾ ਕੀਤਾ ਜਾਏਗਾ।
|