ਪੰਜਾਬ ਮੰਤਰੀ ਮੰਡਲ ’ਚ ਸ਼ਮੂਲੀਅਤ ਲਈ ਦੌੜ ਭੱਜ ਸ਼ੁਰੂ ਸੇਖਵਾਂ, ਬੰਨੀ ਤੇ ਮਜੀਠੀਆ ਮੁੱਖ ਦਾਅਵੇਦਾਰ |
|
|
ਚੰਡੀਗੜ੍ਹ, 6 ਅਗਸਤ-ਪੰਜਾਬ ਵਿਚ ਜ਼ਿਮਨੀ ਚੋਣਾਂ ਦੀ ਪ੍ਰਕਿਰਿਆ ਦੇ ਪੂਰੇ ਹੋ ਜਾਣ ਤੋਂ ਬਾਅਦ ਹੁਣ ਰਾਜ ਮੰਤਰੀ ਮੰਡਲ ਵਿਚ ਸ਼ਾਮਿਲ ਹੋਣ ਵਾਲਿਆਂ ਦੀ ਦੌੜ ਭੱਜ ਵੀ ਸ਼ੁਰੂ ਹੋ ਗਈ ਹੈ। ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਮੰਤਰੀ ਮੰਡਲ ਵਿਚ ਸ਼ਮੂਲੀਅਤ ਭਾਵੇਂ ਨਿਸ਼ਚਿਤ ਹੀ ਹੈ, ਲੇਕਿਨ ਸਵਰਗੀ ਕੈਪਟਨ ਕੰਵਲਜੀਤ ਸਿੰਘ ਦੀ ਥਾਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਮੰਤਰੀ ਮੰਡਲ ਵਿਚ ਕਿਸ ਨੂੰ ਥਾਂ ਦੇਣਗੇ, ਇਹ ਵੇਖਣ ਵਾਲੀ ਗੱਲ ਹੋਵੇਗੀ, ਹਾਲਾਂਕਿ ਕੈਪਟਨ ਕੰਵਲਜੀਤ ਸਿੰਘ ਦੇ ਬੇਟੇ ਦੇ ਸਮੱਰਥਕ ਇਹ ਸਥਾਨ ਉਨ੍ਹਾਂ ਦੇ ਬੇਟੇ ਜਸਜੀਤ ਸਿੰਘ ਬੰਨੀ ਨੂੰ ਦਿੱਤੇ ਜਾਣ ਦੀ ਮੰਗ ਲਗਾਤਾਰ ਉਠਾਉਂਦੇ ਰਹੇ ਹਨ। ਪੰਜਾਬ ਮੰਤਰੀ ਮੰਡਲ ਦੇ ਪਹਿਲਾਂ ਮੈਂਬਰ ਰਹਿ ਚੁੱਕੇ ਸ. ਬਿਕਰਮ ਸਿੰਘ ਮਜੀਠੀਆ ਅਤੇ ਕਾਹਨੂੰਵਾਨ ਹਲਕੇ ਤੋਂ ਚੋਣ ਜਿੱਤਣ ਵਾਲੇ ਸ. ਸੇਵਾ ਸਿੰਘ ਸੇਖਵਾਂ ਵੀ ਮੰਤਰੀ ਮੰਡਲ ਵਿਚਲੇ ਇਸ ਖਾਲੀ ਸਥਾਨ ਲਈ ਵੱਡੇ ਦਾਅਵੇਦਾਰ ਸਮਝੇ ਜਾ ਰਹੇ ਹਨ। ਮੁੱਖ ਮੰਤਰੀ ਹਾਲਾਂਕਿ ਸ਼ੇਰ ਸਿੰਘ ਘੁਬਾਇਆ ਦੀ ਥਾਂ ਕਿਸੇ ਵਿਧਾਨਕਾਰ ਨੂੰ ਮੁੱਖ ਪਾਰਲੀਮਾਨੀ ਸਕੱਤਰ ਵੀ ਨਾਮਜ਼ਦ ਕਰ ਸਕਦੇ ਹਨ ਅਤੇ ਅਜਿਹੀਆਂ ਸੰਭਾਵਨਾਵਾਂ ਵੀ ਪ੍ਰਗਟਾਈਆਂ ਜਾ ਰਹੀਆਂ ਹਨ ਕਿ ਅਗਰ ਜਸਜੀਤ ਸਿੰਘ ਬੰਨੀ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਨਹੀਂ ਕੀਤਾ ਜਾਂਦਾ, ਤਾਂ ਮੁੱਖ ਮੰਤਰੀ ਉਸ ਨੂੰ ਮੁੱਖ ਪਾਰਲੀਮਾਨੀ ਸਕੱਤਰ ਬਣਾਉਣ ਸਬੰਧੀ ਵੀ ਫ਼ੈਸਲਾ ਲੈ ਸਕਦੇ ਹਨ। ਕੈਪਟਨ ਕੰਵਲਜੀਤ ਸਿੰਘ ਦਾ ਸਹਿਕਾਰਤਾ ਵਿਭਾਗ ਮੁੱਖ ਮੰਤਰੀ ਵੱਲੋਂ ਆਪਣੇ ਕੋਲ ਹੀ ਰੱਖਿਆ ਹੋਇਆ ਹੈ, ਜਦੋਂਕਿ ਸ. ਸੁਖਬੀਰ ਸਿੰਘ ਬਾਦਲ ਦੇ ਪੁਰਾਣੇ ਸਾਰੇ ਵਿਭਾਗ ਜੋ ਇਸ ਵੇਲੇ ਮੁੱਖ ਮੰਤਰੀ ਕੋਲ ਹਨ, ਦੁਬਾਰਾ ਸ. ਸੁਖਬੀਰ ਸਿੰਘ ਨੂੰ ਹੀ ਵਾਪਸ ਦਿੱਤੇ ਜਾਣ ਦਾ ਚਰਚਾ ਹੈ। ਮੁੱਖ ਮੰਤਰੀ ਵੱਲੋਂ ਲੇਕਿਨ ਅੱਜ ਸੰਕੇਤ ਦਿੱਤਾ ਗਿਆ ਕਿ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਉਣ ਦੇ ਪ੍ਰੋਗਰਾਮ ਸਬੰਧੀ ਕੱਲ੍ਹ ਕੋਈ ਫ਼ੈਸਲਾ ਲਿਆ ਜਾ ਸਕਦਾ ਹੈ।
|