ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸ਼ਹਿਰ ਵਿੱਚੋਂ ਹਰ ਸਾਲ ਕਿੰਨੇ ਲੋਕ ਬੇਰੁਜ਼ਗਾਰੀ ਦਾ ਸ਼ਿਕਾਰ ਹੋਕੇ ਮਜ਼ਬੂਰੀਵਸ਼ ਨੌਕਰੀ ਦੀ ਭਾਲ ਵਿੱਚ ਸ਼ਹਿਰ ਛੱਡਕੇ ਦੂਰ ਚੱਲੇ ਜਾਂਦੇ ਹਨ, ਕਿੰਨੇ ਵਿਅਕਤੀ ਹਰ ਸਾਲ ਲਾਪਤਾ ਹੋ ਜਾਂਦੇ ਹਨ, ਪਰੰਤੂ ਉਹਨਾਂ ਲੋਕਾਂ ਦੀ ਰਿਪੋਰਟ ਲਿਖਾਉਣ ਦੇ ਲਈ ਇਹ ਨੇਤਾ ਕਦੇ ਵੀ ਥਾਣੇ ਵੱਲ ਰੁਖ਼ ਨਹੀਂ ਕਰਦੇ। ਰੇਲਵੇ ਸਟੇਸ਼ਨ ਉੱਤੇ ਕਿੰਨੇ ਹੀ ਲਾਪਤਾ ਬੱਚਿਆਂ ਦੇ ਪੋਸਟਰ ਲੱਗੇ ਹੋਣਗੇ, ਪਰੰਤੂ ਰਾਜਨੀਤਿਕ ਰਸੂਖ਼ ਹੋਣ ਦੇ ਬਾਵਜੂਦ ਵੀ ਇਹ ਨੇਤਾ ਉਹਨਾਂ ਦੀ ਭਾਲ ਵਾਸਤੇ ਥਾਣਿਆਂ ਦੇ ਅੰਦਰ ਆਪਣਾ ਰੌਬ ਨਹੀਂ ਵਿਖਾਉਂਦੇ, ਪਰ ਹਾਂ, ਜਦੋਂ ਨਵਜੋਤ ਸਿੰਘ ਸਿੱਧੂ ਜਿਹਾ ਕੋਈ ਨੇਤਾ ਗੁੰਮ ਹੋ ਜਾਂਦਾ ਹੈ ਤਾਂ ਉਸਦੀ ਭਾਲ ਕਰਨ ਦੇ ਲਈ ਰਿਪੋਰਟ ਜ਼ਰੂਰ ਦਰਜ ਕਰਵਾਉਂਦੇ ਹਨ।
ਸ਼ਾਇਦ ਕਾਂਗਰਸੀ ਨੇਤਾਵਾਂ ਨੂੰ ਪਤਾ ਨਹੀਂ ਕਿ ਨਵਜੋਤ ਸਿੰਘ ਸਿੱਧੂ ਨੂੰ ਰਾਜਨੇਤਾ ਹੋਣ ਦੇ ਇਲਾਵਾ ਹੋਰ ਵੀ ਬੜੇ ਕੰਮ ਕਰਦੇ ਹਨ। ਪਹਿਲਾਂ ਤਾਂ ਉਹ ਛੋਟੇ ਪਰਦੇ ਉੱਤੇ ਲੋਕਾਂ ਨੂੰ ਹੱਸਾਉਣ ਦਾ ਕੰਮ ਕਰਦੇ ਸਨ, ਪਰੰਤੂ ਪਿਛਲੇ ਸਾਲ ਰਿਲੀਜ ਹੋਈ ਮਨਮੋਹਨ ਸਿੰਘ ਦੀ ਫਿਲਮ ਮੇਰਾ ਪਿੰਡ ਮਾਈ ਹੋਮ ਨੇ ਉਹਨਾਂ ਨੂੰ ਵੱਡੇ ਪਰਦੇ ਉੱਤੇ ਵੀ ਹੀਰੋ ਬਣਾਕੇ ਉਤਾਰ ਦਿੱਤਾ। ਨੇਤਾ ਤਾਂ ਪੰਜ ਪੰਜ ਸਾਲ ਗਾਇਬ ਰਹਿੰਦੇ ਹਨ, ਸਿੱਧੂ ਤਾਂ ਪਿਛਲੇ ਤਿੰਨ ਮਹੀਨਿਆਂ ਤੋਂ ਹੀ ਲਾਪਤਾ ਹੈ, ਇੰਤਜਾਰ ਕਰੋ ਕਾਂਗਰਸ ਵਾਲਿਓ ਮਿਲ ਜਾਵੇਗਾ ਜਲਦ ਹੀ ਸਿੱਧੂ।