
ਸਰਹੱਦ ਤੇ ਜਵਾਨ
ਸਰਹੱਦ ਤੇ ਜੋ ਲੜਦੇ ਜਵਾਨ ਨੇ,
ਦੇਸ਼ ਦੀ ਉਹ ਆਨ ਅਤੇ ਸ਼ਾਨ ਨੇ,
ਰਹਿੰਦੇ ਟੱਬਰਾਂ ਤੋਂ ਦੂਰ,
ਖੌਰੇ ਕਿੰਝ ਨੇ ਹਜੂਰ,
ਅੱਜ ਦਰਦ ਵਿਛੋੜੇ ਦਾ ਸੁਣਾਵਾਂ,
ਦੇਖ ਨਹੀਂਓ ਝੱਲ ਹੁੰਦੀਆਂ,
ਹੱਥੀਂ ਤੋਰ ਕੇ ਰੋਂਦੀਆਂ ਮਾਂਵਾਂ।
ਜਾਨਾਂ ਦੇਸ਼ ਉੱਤੋਂ ਦਿੰਦੇ ਨੇ ਉਹ ਵਾਰ ਬਈ,
ਐਵੇਂ ਮੰਨਦੇ ਨੀਂ ਕਿਸੇ ਕੋਲੋਂ ਹਾਰ ਬਈ,
ਦਿਲੋਂ ਹੁੰਦੇ ਨੇ ਦਲੇਰ,
ਨਾਲੇ ਲਾਉਂਦੇ ਨਹੀਂਓ ਦੇਰ,
ਝੱਟ ਲੱਭਦੇ ਵੈਰੀ ਦਾ ਸਿਰਨਾਵਾਂ,
ਦੇਖ ਨਹੀਂਓ ਝੱਲ ਹੁੰਦੀਆਂ,
ਹੱਥੀਂ ਤੋਰ ਕੇ ਰੋਂਦੀਆਂ ਮਾਂਵਾਂ।
ਛੁੱਟੀ ਮਿਲਦੀ ਨੀਂ ਛੇਤੀ ਘਰ ਆਉਣ ਨੂੰ,
ਤਾਰੇ ਵੈਰੀਆਂ ਨੂੰ ਦਿਨੇ ਹੀ ਦਿਖਾਉਣ ਲਈ,
ਲਾੜੀ ਮੌਤ ਨੂੰ ਵਿਆਹ ਕੇ,
ਸਿਹਰੇ ਸਿਰ ਤੇ ਸਜਾ ਕੇ,
ਰਹਿਣ ਵਤਨਾਂ ਲਈ ਮੰਗਦੇ ਦੁਆਵਾਂ,
ਦੇਖ ਨਹੀਂਓ ਝੱਲ ਹੁੰਦੀਆਂ,
ਹੱਥੀਂ ਤੋਰ ਕੇ ਰੋਂਦੀਆਂ ਮਾਂਵਾਂ।
ਸੀਨੇ ਦਰਦ ਛੁਪਾ ਕੇ ਰਹਿੰਦੇ ਹੱਸਦੇ,
ਜੀਊਣ ਜੋਗੇ ਸਦਾ ਰਹਿਣ ਵੱਸਦੇ,
ਬੜੀ ਨੌਕਰੀ ਏ ਅੌਖੀ,
ਜਿੰਦ 'ਪ੍ਰੀਤ' ਦੀ ਨੀਂ ਸੌਖੀ,
'ਮਨਦੀਪ' ਦੂਰ ਹੋਣ ਸਾਰੀਆਂ ਬਲਾਵਾਂ,
ਦੇਖ ਨਹੀਂਓ ਝੱਲ ਹੁੰਦੀਆਂ,
ਹੱਥੀਂ ਤੋਰ ਕੇ ਰੋਂਦੀਆਂ ਮਾਂਵਾਂ।
ਮਨਦੀਪ ਕੌਰ 'ਪ੍ਰੀਤ'
ਮੁਕੇਰੀਆਂ...31 oct 18