....ਧੰਨ ਮਾਂਵਾਂ...ਕਵਿਤਰੀ..ਪ੍ਰੀਤ ਖੂਰਮੀ ..ਜੀ ਦੀਆਂ ਦੋ ਕਵਿਤਾਵਾਂ |
|
|
ਧੰਨ ਮਾਂਵਾਂ ਜੋ ਆਪਣੇ ਬੱਚਿਆਂ ਨੂੰ,
ਇਕ ਓਅੰਕਾਰ ਦੇ ਲੜ ਹੀ ਲਾਉਂਦੀਆਂ ਨੇ।
ਸ਼ਬਦ ਗੁਰੂ 'ਚ ਸੁਰਤਿ ਟਿਕਾ ਆਪਣੀ,
ਸਤਿਨਾਮ ਦਾ ਜਾਪ ਜਪਾਉਂਦੀਆਂ ਨੇ।
ਬੜੇ ਪਿਆਰ ਸਤਿਕਾਰ ਨਾਲ ਬੱਚਿਆਂ ਨੂੰ,
ਪਰਉਪਕਾਰ ਦਾ ਪਾਠ ਪੜਾਉਂਦੀਆਂ ਨੇ।
ਸਾਰੀ ਉਮਰ ਹੀ ਬੱਚੇ ਨਹੀਂ ਭੁੱਲ ਸਕਦੇ,
ਜੀਵਨ ਜਾਚ ਜੋ ਮਾਂਵਾਂ ਸਿਖਾਉਂਦੀਆਂ ਨੇ।
ਮਾਤਾ ਖੀਵੀ ਜੀ ਧਰਮ ਦੀ ਸਨ ਮੂਰਤ,
ਤੇ ਹਿਰਦਾ ਪ੍ਰਭੂ ਪਿਆਰ ਵਿੱਚ ਰੰਗਿਆ ਸੀ।
ਪ੍ਰੇਮ ਪਿਆਰ ਨਾਲ ਲੰਗਰ ਦੀ ਕਰਨ ਸੇਵਾ,
ਸੇਵਾ ਬਿਨ ਕੁੱਝ ਹੋਰ ਨਾ ਮੰਗਿਆ ਸੀ।
ਮਨ ਨੀਵਾਂ ਤੇ ਰੱਖ ਕੇ ਮੱਤ ਉੱਚੀ,
ਵਹਿਮਾਂ ਭਰਮਾਂ ਨੂੰ ਛਿੱਕੇ ਤੇ ਟੰਗਿਆ ਸੀ।
ਨਾਮ ਜਪਦਿਆਂ ਤੇ ਸੇਵਾ ਕਰਦਿਆਂ ਹੀ,
ਜੀਵਨ ਸਾਰਾ ਹੀ ਓਹਨਾਂ ਦਾ ਲੰਘਿਆ ਸੀ।
ਬੀਬੀ ਭਾਨੀ ਨੇ ਸਿੱਖ ਇਤਿਹਾਸ ਅੰਦਰ,
ਕੀਤੀ ਬੜੀ ਹੀ ਨੇਕ ਕਮਾਈ ਹੈਸੀ।
ਮਨ ਲੀਨ ਰਹੇ ਭਗਤੀ ਵਿੱਚ ਸਦਾ,
ਪ੍ਰੀਤ ਨਾਮ ਸੰਗ ਐਸੀ ਲਗਾਈ ਹੈਸੀ।
ਸੇਵਾ ਪਿਤਾ ਤੇ ਪਤੀ ਦੀ ਕਰ ਭਾਨੀ,
ਦਿੱਤੀ ਮਾਣ ਨਾਲ ਵਡਿਆਈ ਹੈਸੀ।
ਜੀਵਨ ਜਾਚ ਦੱਸੀ ਪੰਚਮ ਪਾਤਸ਼ਾਹ ਨੂੰ,
ਸ਼ਹੀਦਾਂ ਦੇ ਸਿਰਤਾਜ ਦੀ ਮਾਂ ਕਹਾਈ ਹੈਸੀ।
ਮਾਤਾ ਗੁਜਰੀ ਜੀ ਦਾ ਵੀ ਧੰਨ ਜਿਗਰਾ,
ਸਰਬੰਸ ਸਾਰਾ ਸ਼ਹੀਦ ਕਰਵਾਇਆ ਓਹਨਾਂ।
ਆਪਣੇ ਸਿਰ ਦੇ ਸਾਂਈ ਦਾ ਸੀਸ ਤੱਕ ਕੇ,
ਗੁਰੂ ਭਾਣੇ 'ਚ ਸੀਸ ਨਿਵਾਇਆ ਓਹਨਾਂ।
ਛੋਟੇ ਲਾਲਾਂ ਦੇ ਸਿਰਾਂ ਤੇ ਬੰਨ ਸਿਹਰੇ,
ਲਾੜੀ ਮੌਤ ਦੇ ਨਾਲ ਪ੍ਰਣਾਇਆ ਓਹਨਾਂ।
ਸਾਰੀ ਉਮਰ ਹੀ ਹੋਣੀ ਰਹੀ ਵਾਰ ਕਰਦੀ,
ਪਰ ਮਨ ਕਦੇ ਨਾ ਡੁਲਾਇਆ ਓਹਨਾਂ।
ਅਮੁੱਲਾ ਇਤਿਹਾਸ ਜੋ ਇਹਨਾਂ ਸਿਰਜਿਆ ਏ,
ਆਓ ਸਦਕੇ ਓਸ ਤੋਂ ਜਾਓ ਸਾਰੇ,
ਸਿੱਖਿਆ ਗੁਰੂ ਮਾਂਵਾਂ ਤੋਂ ਲੈ ਕੇ ਤੇ,
ਉੱਚ ਆਦਰਸ਼ ਦੇ ਪੂਰਨੇ ਪਾਓ ਸਾਰੇ।
ਲੜ ਸੇਵਾ ਤੇ ਸਿਮਰਨ ਦੇ ਲੱਗ ਕੇ ਫਿਰ,
ਸਿੱਖਿਆ ਗੁਰਾਂ ਦੀ ਚਿੱਤ ਵਸਾਓ ਸਾਰੇ।
ਅੱਜ ਆਓ 'ਪ੍ਰੀਤ' ਇਹ ਪ੍ਰਣ ਕਰ ਲਓ,
ਤੇ ਬੱਚਿਆਂ ਨੂੰ ਵੀ ਇਹ ਸਿਖਾਓ ਸਾਰੇ।
31 0ct 18
|