:: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ   :: ਸੰਸਦ ਦਾ ਸਰਦ ਰੁੱਤ ਸੈਸ਼ਨ ਨਵੰਬਰ ਦੇ ਚੌਥੇ ਹਫ਼ਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ   :: ਕਿਸਾਨ ਅੰਦੋਲਨ: ਸੁਪਰੀਮ ਕੋਰਟ ਦੀ ਟਿੱਪਣੀ ਮਗਰੋਂ ਰਾਕੇਸ਼ ਟਿਕੈਤ ਬੋਲੇ, ''ਗਾਜ਼ੀਪੁਰ ਬਾਰਡਰ ਖਾਲੀ ਕਰ ਰਹੇ ਹਾਂ ਦਿੱਲੀ   :: ਤਰੁਣ ਚੁੱਘ ਦੇ ਬੇਟੇ ਦੇ ਵਿਆਹ 'ਚ ਪੁੱਜੇ ਪੀ.ਐੱਮ. ਮੋਦੀ, ਲਾੜੇ ਅਤੇ ਲਾੜੀ ਨੂੰ ਦਿੱਤਾ ਅਸ਼ੀਰਵਾਦ   :: ਰਾਹੁਲ ਦਾ ਸਰਕਾਰ ’ਤੇ ਤੰਜ਼- ‘ਇਹ ਲੋਕ ਜਿੰਨਾ ਦੇਸ਼ ਨੂੰ ਤੋੜਨਗੇ, ਓਨਾਂ ਹੀ ਅਸੀਂ ਜੋੜਾਂਗੇ’   :: ਭਾਰਤ-ਪਾਕਿ ਕ੍ਰਿਕਟ 'ਤੇ ਓਵੈਸੀ ਨੇ ਘੇਰੀ ਕੇਂਦਰ ਸਰਕਾਰ , PM ਮੋਦੀ 'ਤੇ ਉਠਾਏ ਵੱਡੇ ਸਵਾਲ   :: ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਗ੍ਰਹਿ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ   :: ਕਸ਼ਮੀਰ ’ਚ ਹਿੰਸਾ ਰੋਕਣ ’ਚ ਅਸਫ਼ਲ ਹੋ ਰਹੀ ਹੈ ਮੋਦੀ ਸਰਕਾਰ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

" ਆ ਗੱਲਾਂ ਕਰੀਏ" PRINT ਈ ਮੇਲ
mann.pngਧਰਤ ਦਾ ਧੁਰੇ ਦੁਆਲੇ ਘੁੰਮਣਾ ਅਤੇ ਔਰਤ ਦਾ ਆਪਣੀ ਹੀ ਪਰਿਕ੍ਰਮਾ ਕਰ ਲੈਣਾ ਮੱਕਾ-ਮਦੀਨਾ ਦਾ ਹੱਜ ਕਰ ਲੈਣ ਦੇ ਤੁੱਲ ਹੈ । ਵਾਰ-ਵਾਰ ਦਿਮਾਗ ਵਿੱਚ ਇੱਕ ਗੀਤ ਦਾ ਖਿਆਲ ਘੁੰਮ ਰਿਹੈ " ਘੁੰਮ ਚਖੜ੍ਹਿਆ ਸੋਹਣਿਆ ਵੇ ਤੇਰੀ ਕੱਤਣ ਵਾਲੀ ਜੀਵੇ , ਕੱਤਣ ਵਾਲੀਂ ਜੀਵੇ , ਨਲੀਆਂ ਵੱਟਣ ਵਾਲੀ ਜੀਵੇ " ਇਹ ਖਿਆਲ ਜ਼ਹਿਨ ਚ ਆਉਂਦੇ ਹੀ ਇੱਕ ਸ਼ਖਸ਼ੀਅਤ ਦਾ ਖਿਆਲ ਦਿਮਾਗ ਵਿੱਚ ਆਉਂਦਾ ਹੈ , ਰਾਜਿੰਦਰ ਕੌਰ ਮਾਵੀ ।
ਰਾਜਿੰਦਰ ਕੌਰ ਮਾਵੀ ਜਦ ਮੈਨੂੰ ਪਿਆਰੀ ਜਿਹੀ ਆਵਾਜ਼ ਨਾਲ "ਮਨ" ਕਹਿੰਦੀ ਹੈ ਤਾਂ ਮਨ ਖਿੜ੍ਹਦਾ ਐ ਤੇ ਚਿਹਰੇ ਤੇ ਮੁਸਕਾਨ ਜਿਹੀ ਫ਼ੈਲ ਜਾਂਦੀ ਐ ।ਉਹਨਾਂ ਦੇ ਭੋਲੇ- ਭਾਲੇ ਚਿਹਰੇ 'ਤੇ ਅਜੀਬ ਜਿਹਾ ਸਕੂਨ ਹੈ ਜਦ ਉਸਦੀ ਜ਼ਿੰਦਗੀ ਵਿੱਚ ਝਾਕਣ ਦੀ ਕੋਸ਼ਿਸ਼ ਕਰਦੀ ਹਾਂ ਤਾਂ ਇੱਕ ਬੇਬਾਕ ਅਤੇ ਜੂਝਦੀ ਸ਼ਖਸ਼ੀਅਤ ਅੱਖਾਂ ਸਾਹਮਣੇ ਆਉਂਦੀ ਹੈ , ਜਿਊਣ ਦੇ ਜਜ਼ਬੇ ਨਾਲ ਲਬਰੇਜ, ਭਰੀ-ਭਰੀ , ਪਰ ਅੱਖਾਂ ਪੜ੍ਹਦੀ ਹਾਂ ਤਾਂ ਅਜੀਬ ਜਿਹਾ ਖਲਾਅ ਮਹਿਸੂਸ ਹੁੰਦਾ । ਮੱਲੋ-ਮੱਲੀ ਦਿਲ ਕਰਦਾ ਕਿ ਗੱਲ ਕਰੀਏ ਅੱਖਾਂ ਪੜ੍ਹ ਲਵਾਂ , ਅੱਖਾਂ ਥਾਣੀ ਉਹਦੇ ਮਨ ਦੀਆਂ ਗਹਿਰਾਈਆਂ ਅੰਦਰ ਜਾ ਸਾਰਾ ਕੁੱਝ ਸਮਝ ਬਾਹਰ ਕੱਢ ਲਿਆਵਾਂ । ਪਰ ਏਦਾਂ ਦੀਆਂ ਸ਼ਖਸ਼ੀਅਤਾਂ ਨੂੰ ਸਮਝਣਾਂ ਏਨਾ ਸੌਖਾ ਨਹੀਂ ਹੁੰਦਾ । ਰਾਜਿੰਦਰ ਕੌਰ ਮਾਵੀ ਸੋਚਣ ਦਾ ਨਜ਼ਰੀਆ ਬਹੁਤ ਕਮਾਲ ਦਾ ਰੱਖਦੀ ਹੈ । ਖੁਦ ਦੀ ਹੋਂਦ ਨੂੰ ਕਦੇ ਕਿਸੇ ਰਿਸ਼ਤੇ ਵਿੱਚ ਰਲ ਗੱਡ ਨਹੀਂ ਕਰਦੀ।

ਇੱਕ ਵਾਰ ਕਿਸੇ ਵਿਸ਼ੇ ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੇਰੇ ਪਿਤਾ ਅਤੇ ਭਰਾ ਵੀ "ਮਰਦ" ਹੀ ਨੇ ਤਾਂ ਮੈਂ ਹੈਰਾਨ ਰਹਿ ਗਈ ਕਿ ਮੋਹ ਦੇ ਬੰਧਨਾਂ ਤੋਂ ਇਹ ਕੋਈ ਉਪਰਲੀ ਸ਼ਖ਼ਸੀਅਤ ਹੈ ।

ਚੜ੍ਹਦੇ ਪੰਜਾਬ ਦੇ ਪੁਆਧ ਇਲਾਕੇ ਦੇ ਜਿਲ੍ਹੇ ਰੋਪੜ ਦੇ ਮੋਰਿੰਡਾ ( ਬਾਗਾਂ ਵਾਲਾ ) ਕੋਲ ਮੋਰਿੰਡਾ -ਰੋਪੜ ਸੜ੍ਹਕ ਤੇ ਘੁੱਗ ਵਸਦੇ ਪਿੰਡ ਰਸੂਲਪੁਰ ਵਿੱਚ ਆਪਣੇ ਹੱਸਦੇ ਵੱਸਦੇ ਪਰਿਵਾਰ ਵਿੱਚ ਵੱਸਦੀ ਰਾਜਿੰਦਰ ਕੌਰ ਮਾਵੀ ਆਪਣੇ ਪਰਿਵਾਰਕ ਅਤੇ ਸਮਾਜ ਪ੍ਰਤੀ ਫਰਜਾਂ ਨੂੰ ਬਾਖੂਬੀ ਨਿਭਾਉਂਦਿਆਂ ਆਪਣਾ ਯੋਗਦਾਨ ਪਾ ਰਹੀ ਹੈ
ਪੇਸ਼ੇ ਵਜੋਂ ਅਧਿਆਪਨ ਨਾਲ਼ ਜੁੜੀ ਮਾਵੀ ਸਮਾਜਕ ਸਰੋਕਰਾਂ ਨੂੰ ਨਿਭਾਉਂਦਿਆ ਜਦ ਕਿਸੇ ਕੁਹਜ ਜਾਂ ਕੁਰੀਤੀ ਨਾਲ ਟਕਰਾਉਦੀ ਹੈ ਤਾਂ ਉਹ ਉਸਦੇ ਅੰਤਰ ਮਨ ਤੇ ਗਹਿਰੀ ਨਹੁੰਦਰ ਵੱਜਦੀ ਹੈ ਤੇ ਉਸਦਾ ਕਾਵਿਕ ਮਨ ਉਸਦੀ ਵੇਦਨਾ ਨੂੰ ਕਵਿਤਾ ਬਣਾ ਕੇ ਕਾਗਜ਼ ਤੇ ਉਕੇਰ ਦਿੰਦਾ
ਔਰਤ ਮਨ ਨੂੰ ਬਹੁਤ ਨੂੰ ਬਹੁਤ ਹੀ ਸਲੀਕੇ ਨਾਲ਼ ਸਮਝਣ ਵਾਲੀਂ ਮਾਵੀ ਚੇਤਨ ਹੋ ਕੇ ਜੀਵਨ ਯਾਤਰਾ ਨੂੰ ਸਰ ਕਰ ਰਹੀ ਹੈ ।
ਔਰਤ ਮਨ ਨੂੰ ਪੜ੍ਹਦਿਆਂ ਜਦ ਉਹ ਹਾਦਸਿਆਂ ਦੀ ਰੂਹ ਚੋਂ ਤੰਦ ਖਿੱਚ ਅਹਿਸਾਸਾਂ ਦੇ ਸੂਤ ਕੱਤਦੀ ਹੈ ਤਾਂ ਕਾਵਿ ਮਨ ਵਿੱਚੋ ਕਵਿਤਾ ਦਾ ਝਰਨਾ ਆਪ ਮੁਹਾਰੇ ਫੁੱਟ ਪੈਂਦਾ ਹੈ ਜੋ ਖਿਆਲਾਂ ਦੇ ਜਵਾਲਾ ਮੁਖੀ ਨਾਲ ਮਿਲ ਇੱਕ ਕਾਵਿ ਰਚਨਾ ਨੂੰ ਜਨਮ ਦਿੰਦਾ ਦੇ ਜਾਂਦਾ ਹੈ, ਜੋ ਪਾਠਕਾਂ ਨੂੰ ਮੰਤਰ ਮੁਗਧ ਕਰ ਜਾਂਦਾ ਹੈ ਅਤੇ ਪਾਠਕ ਜਮ੍ਹਾਂ ਟਿਕਾਣੇ ਤੇ ਹੋਈ ਚੋਟ 'ਤੇ ਹਉਂਕਾ ਭਰ ਆਪ ਮੁਹਾਰੇ ਵਾਹ ਵਾਹ ਕਰ ਉਠਦੇ ਹਨ ।
ਰਾਜਿੰਦਰ ਕੌਰ ਮਾਵੀ ਦੀ ਇੱਕ ਕਵਿਤਾ ਹੈ :-

1. ਮੈਂ ਔਰਤ ਹਾਂ, ਜ਼ਮੀਨ ਨਹੀਂ
ਜੋ ਖ੍ਰੀਦਦਾਰ ,ਮੁੱਲ ਤਾਰ,
ਦਾਅਵੇਦਾਰ ਬਣ ਬੈਠੇ
ਮੇਰੇ ਵੀ ਕੁਝ ਅਰਮਾਨ
ਮੇਰੇ ਵੀ ਕੁਝ ਸੁਪਨੇ,
ਚਾਹਵਾਂ ਉੱਡਣ ਲਈ
ਮੁੱਠੀ ਭਰ ਅਸਮਾਨ
ਤੇ ਆਪਣੇ ਹਿੱਸੇ ਦੀ ਭੌਂ ਵੀ
ਪੈਰ ਟਿਕਾਉਣ ਲਈ,
ਮੈਨੂੰ ਵੀ ਚਾਹੀਦੇ ਹਨ
ਚੰਦ ਤਾਰੇ,ਪਰ ਤੱਕਣ ਲਈ,
ਨਹੀਂ ਚਾਹੁੰਦੀ ਕੋਈ
ਇਹਨਾਂ ਨੂੰ ਤੋੜ ਮੇਰੀ ਝੋਲ ਭਰੇ,
ਮੈਨੂੰ ਪਿਆਰੇ ਰੰਗ ਬਰੰਗੇ ਫੁੱਲ
ਪਰ ਨਹੀਂ ਮਨਜ਼ੂਰ
ਕੋਈ ਤੋੜ,
ਮੈਨੂੰ ਭੇਂਟ ਕਰੇ,
ਮੈਂ ਤਾਂ ਚਾਹਾਂ ਹਰ ਸ਼ੈ
ਚਮਕੇ,ਖਿੜ੍ਹੇ,ਖ਼ੁਸ਼ਬੂ ਬਿਖੇਰੇ
ਹਰ ਕਿਸੇ ਨੂੰ ਹੱਕ
ਤਸਵੀਰ-ਏ-ਜਿੰਦਗੀ ਵਿੱਚ
ਮਰਜੀ ਦੇ ਰੰਗ ਭਰੇ।

2. ਮੈਂ ਅਹੱਲਿਆ ਬਣ
ਨਹੀਂ ਉਡੀਕ ਸਕਦੀ
ਮੁੜ ਸੁਰਜੀਤ ਹੋਣ ਲਈ
ਕਿਸੇ ਰਾਮ ਦੀ ਪੈਰ ਛੋਹ,
ਕਿ ਮੈਂ ਖੁਦ ਤਰਾਸ਼ਣਾ ਹੈ
ਪੱਥਰ 'ਚੋਂ ਆਪਣਾ ਬੁੱਤ।
ਕਿਉਂਕਿ ਮੈਂ ਸਰਾਪੀ ਨਹੀਂ,
ਬਸ ਅਜੇ ਜਾਗੀ ਨਹੀਂ।
ਜਾਗ ਪਈ ਜਿਸ ਦਿਨ
ਸੁਲਗਦੇ ਹਰਫ਼ ਕਲਮ ਤੇ ਰੱਖ
ਉਤਾਰਾਂਗੀ ਕਾਗਜ਼ 'ਤੇ
ਜਿੱਥੋਂ ਉਹ ਚੜ੍ਹਨਗੇ ਬਣ ਸੂਰਜ
ਅਸਮਾਨ ਦੇ ਮੱਥੇ ਸਾੜ ਦੇਣਗੇ
ਸੌੜੀ ਸੋਚ ,ਗੰਦੀ ਨਜ਼ਰ
ਹਾਂ ਬਸ ਉਸੇ ਵਕਤ ਚੜ੍ਹੇਗਾ ਦਿਨ
ਤੇਰੀ ਤੇ ਮੇਰੀ ਰਿਹਾਈ ਲੈ ਕੇ
ਕਿ ਆਜ਼ਾਦ ਫ਼ਿਜਾ ਤੇ
ਸੁਖਾਵੀਂ ਜਿੰਦਗੀ ਦਾ ਸੁਪਨਾ
ਹੈ ਅਜੇ ਪੱਥਰ ਵਿਚ ਦਫਨ ।

ਇਹ ਸਤਰਾਂ ਹੀ ਉਹਦੇ ਖੁਦ ਪ੍ਰਤੀ ਸੁਚੇਤ ਹੋਣ ਦੀ ਹਾਮੀ ਭਰਦੀਆਂ ਨੇ ਅਤੇ ਉਹ ਜੋ ਸੁਫ਼ਨੇ ਦੇਖਦੀ ਹੈ ਉਨ੍ਹਾਂ ਨੂੰ ਪੂਰਾ ਕਰਨ ਦੀ ਹਿੰਮਤ ਬਿਆਨ ਦੀਆਂ ਹਨ ਇਹ ਸਤਰਾਂ ਹੀ ਆਪਣੇ ਆਪ ਵਿੱਚ ਰਾਜਿੰਦਰ ਕੌਰ ਮਾਵੀ ਦੀ ਸਾਹਿਤਕ ਸੋਚ ਦਾ ਪਹਿਚਾਣ ਪੱਤਰ ਹੈ ।
ਮਾਵੀ ਦਾ ਅੰਤਰ ਮਨ ਸਿਰਫ਼ ਔਰਤ ਤੱਕ ਹੀ ਸੀਮਿਤ ਨਹੀਂ ਉਹ ਧਾਰਮਿਕ ,ਸਮਾਜਿਕ ਅਤੇ ਰਾਜਨੀਤਿਕ ਸੂਝ ਵੀ ਬੜ੍ਹੀ ਕਮਾਲ ਦੀ ਰੱਖਦੀ ਹੈ ਅਤੇ ਆਪਣੀਆਂ ਰਚਨਾਵਾਂ ਰਾਹੀਂ ਲੋਕਾਂ ਨੂੰ ਸੁਚੇਤ ਕਰਦੀ ਹੈ

ਵਰਤਮਾਨੀ ਨਿਜ਼ਾਮ ਤੇ ਉਹ ਆਪਣੇ ਕਾਵਿ ਲਹਿਜੇ ਵਿੱਚ ਸਿੱਧਾ ਸਮੇ ਦੇ ਹਾਕਮ ਨੂੰ ਵੰਗਾਰਨ ਦਾ ਜੇਰਾ ਰੱਖਣ ਵਾਲੀਆਂ ਵਿਰਲੀਆਂ ਕਵਿੱਤਰੀਆਂ ਵਿੱਚੋ ਇੱਕ ਹੈ ਜਿਵੇਂ :-

ਤੇਰੇ ਲਈ ਹਾਕਮਾਂ ਅਸੀਂ ਗਾਜਰ ਮੂਲੀ
ਤੂੰ ਸਾਨੂੰ ਕੱਟਦਾ ਰਹੀਂ ਵੋਟਾਂ ਬਣ
ਭੁਗਤਾਂਗੇ ਤੇਰੇ ਹੀ ਹੱਕ ਵਿੱਚ ............

ਮਾਵੀ ਸਿਰਫ਼ ਮੌਜੂਦਾ ਹਾਲਤਾਂ ਤੇ ਨਿਜ਼ਾਮ ਨੂੰ ਦੋਸ਼ੀ ਨਹੀਂ ਸਮਝਦੀ
ਬਲਕਿ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗ੍ਰਿਤ ਕਰਨ ਦੀ ਕੋਸ਼ਿਸ ਕਰਦੀ ਹੈ
ਪਿਆਰ ਦੇ ਕੋਮਲ ਅਹਿਸਾਸ ਵੀ ਉਹਦੀ ਕਵਿਤਾ ਦਾ ਹਿੱਸਾ ਬਣਦੇ ਨੇ ਜਿਵੇਂ :-

ਤੂੰ ਨਹੀਂ ਨਾ ਸਹੀ,ਤੇਰਾ ਅਹਿਸਾਸ ਸਹੀ।
ਮਿਲ ਨਾ ਮਿਲ, ਮਿਲਣ ਦੀ ਆਸ ਸਹੀ।

ਜਿੰਦਗੀ ਦਾ ਵਿਹੜਾ ਮੇਰਾ ਪਿਆ ਸੁੰਨਾ,
ਉਂਝ ਕਹਿਣ ਨੂੰ ਭਾਵੇਂ ਮੇਲੇ 'ਚ ਵਾਸ ਸਹੀ।

ਵੰਗ ਨੂੰ ਤੋੜ ਤਲੀ 'ਤੇ ਤ੍ਹਿਓ ਪਈ ਨਾਪਾਂ,
ਪਿਆਰ ਹੈ,ਇਹ ਦਿਲ ਨੂੰ ਧਰਵਾਸ ਸਹੀ।

ਵਕਤ ਦੇ ਪੈਰੀਂ ਘੜ ਕਿਹੜੀ ਪਾਵਾਂ ਬੇੜੀ,
ਘੜੀ-ਪਲ ਤੈਨੂੰ ਰੋਕਣ ਦਾ ਪਰਿਆਸ ਸਹੀ।

ਘਰ 'ਚ ਨਹੀਂ ਨਾ ਸਹੀ,ਦਿਲ 'ਚ ਥਾਂ ਮਿਲਜੇ,
ਮਹਿਫਲ ਤੈਨੂੰ ਮਿਲੇ, ਮੇਰੇ ਲਈ ਬਨਵਾਸ ਸਹੀ।

ਉਹਦੀ ਕਵਿਤਾ ਮੁਹੱਬਤ ਵਿਚ ਸਮਰਪਣ ਨੂੰ ਪੇਸ਼ ਕਰਦੀ ਹੋਈ ਉਹਦੇ ਸੂਖਮ ਅਤੇ ਕੋਮਲ ਮਨ ਦੀ ਗਵਾਹੀ ਭਰਦੀ ਹੈ।

ਚੌਗਿਰਦੇ ਵਾਪਰ ਰਹੀਆਂ ਅਣ ਸੁਖਾਂਵੀਆਂ ਘਟਨਾਂਵਾਂ ਕਾਰਨ ਉਹਦਾ ਕੋਮਲ ਹਿਰਦਾ ਵਲੂੰਧਰਿਆ ਜਾਂਦਾ ਹੈ ਤਾਂ ਮਾਵੀ ਦੀ ਕਲਮ ਵੈਣ ਪਾਉਣ ਨਹੀਂ ਬੈਠਦੀ ਉਹ ਲੋਕਾਂ ਦੇ ਦਿਮਾਗਾਂ ਤੋਂ ਸੌੜੇ ਸਿਆਸੀ ਹਿੱਤਾਂ ਕਾਰਨ ਚੜ੍ਹਾਈ ਜੰਗੀ ਮਾਹੌਲ ਪਰਤ ਝਾੜਨ ਦੀ ਕੋਸ਼ਿਸ ਕਰਦੀ ਨਜਰ ਪੈਂਦੀ ਹੈ ਜਿਵੇਂ :-

ਜੰਗ ਕਿਸੇ ਦੀ ਸਕੀ ਨਹੀਂ ਹੁੰਦੀ
ਨਾ ਜਿੱਤਣ ਵਾਲੇ ਦੀ
ਤੇ ਨਾ ਹਾਰਨ ਵਾਲੇ ਦੀ
ਤਾਰਦੇ ਨੇ ਦੋਵੇਂ ਮੁੱਲ
ਇਸਦੀ ਦਸਤਕ ਦਾ
ਕਿਉਂਕਿ ਜਿੱਤ ਦਾ ਜਸ਼ਨ ਵੀ
ਆਪਣਿਆਂ ਨਾਲ਼ ਹੀ ਸੋਹਣਾ ਲੱਗਦੈ
ਦਬ ਜਾਂਦੈ ਵੈਣਾਂ ਹੇਠ ਜਿੱਤ ਦੇ ਜਸ਼ਨ
ਸ਼ਹੀਦਾਂ ਨੂੰ ਮਿਲੇ ਤਮਗੇ ਨਾ ਪੂਰਦੇ
ਜੀਵਨਸਾਥੀ ਦੀ ਕਮੀ
ਤੇ ਨਾ ਬਣਦੇ
ਰੋਟੀਆਂ ਬੱਚਿਆਂ ਲਈ
ਹਸਦੀਆਂ-ਗਾਉਂਦੀਆਂ
ਜਿੰਦਗੀਆਂ ਨਾਲ਼
ਖੂਨ ਦੀ ਹੋਲੀ ਖੇਡਣਾ
ਕਿਵੇਂ ਹੋ ਸਕਦੈ
ਕਿਸੇ ਲਈ ਮਨੋਰੰਜਨ
ਇਨਸਾਨੀਅਤ ਦਾ ਵਾਸਤਾ
ਬੰਦ ਕਰੋ ਇਹ ਜੰਗ
ਇਹ ਕਤਲੋਗਾਰਤ
ਤਖਤਾਂ ਲਈ, ਤਾਜਾਂ ਲਈ
ਕਿਉਂਕਿ ਲਾਸ਼ਾਂ ਦੇ ਢੇਰ 'ਤੇ
ਉਸਾਰੇ ਤਖਤੋ-ਤਾਜ ਨੇ
ਬੇਮਾਇਨੇ-ਬੇਅਰਥ
ਸੱਚ ਹੀ ਜੰਗ
ਕਿਸੇ ਦੀ ਸਕੀ ਨਹੀਂ ਹੁੰਦੀ।

ਜੰਗ ਦੇ ਭਿਆਨਕ ਸਿੱਟਿਆਂ ਨੂੰ ਦਰਸਾਉਂਦੀ ਹੋਈ ਉਹ ਮਨੁੱਖਤਾ ਦੇ ਪੱਖ ਵਿੱਚ ਅਡੋਲ ਖੜ੍ਹੀ ਹੋਈ ਜੰਗ ਦੇ ਖਾਤਮੇ ਲਈ ਸਦਭਾਵਨਾ ਅਤੇ ਸਾਂਝ ਦੀ ਅਪੀਲ ਲਗਾਤਾਰ ਕਰਦੀ ਹੈ ।

ਕੁਦਰਤ ਉਹਨੂੰ ਤੇ ਉਹ ਕੁਦਰਤ ਨੂੰ ਨਿਹਾਰਦੀ ਪਿਆਰਦੀ ਹੈ ਇਸ ਅਲੌਕਿਕ ਸਾਂਝ ਨੂੰ ਮਾਵੀ ਅਨਮੋਲ ਲਫਜ਼ਾਂ ਦਾ ਲਿਬਾਸ ਪਹਿਨਾ ਸਰਘੀ ਵੇਲੇ ਪਈ ਤਰੇਲ ਜਿਹੇ ਅਹਿਸਾਸ ਸਿਰਜ ਦਿੰਦੀ ਏ :-
ਕੁਦਰਤ ਰਾਣੀਏ ਮੇਰੀਏ ਅੜੀਏ!
ਝੁਕ-ਝੁਕ ਤੈਨੂੰ ਸਜਦਾ ਕਰੀਏ।
ਤੂੰ ਜੀਵਨ ਦਾ ਸਾਰ ਸਮਝਾਵੇਂ,
ਪਤਝੜ੍ਹ ਮਗਰੋਂ ਬਹਾਰ ਲਿਆਵੇਂ।
ਹਾਸੇ ਵਾਂਗ ਕਦੇ ਧੁੱਪ ਖਿੜ ਜਾਵੇ,
ਰੁਣਝੁਣ ਕਦੇ ਕਣੀਆਂ ਦੀ ਲਾਵੇਂ।
ਇਸ ਜੀਵਨ ਦਾ ਅਜਬ ਰਹੱਸ ਹੈ,
ਇਸ ਗੁੰਝਲ ਨੂੰ ਖੋਲ੍ਹ ਸਮਝਾਵੇਂ।
ਜੀਵਨ ਤੋਂ ਮੁੱਖ ਮੋੜਨ ਵਾਲਿਓ!
ਕੁਦਰਤ ਇਹੋ ਬਾਤ ਸੁਣਾਵੇ।
ਹਰ ਮੌਸਮ ਦਾ ਵੱਖਰਾ ਰਸ ਹੈ,
ਸਖੀ ਮੇਰੀ ਸੰਦੇਸ਼ ਸੁਣਾਵੇ।

ਸਾਦ ਮੁਰਾਦੇ ਜੀਵਨ ਵਾਲੀਂ ਰਾਜਿੰਦਰ ਕੌਰ ਮਾਵੀ ਹਮੇਸਾਂ ਕੁਦਰਤ ਦੇ ਨਾਲ ਇੱਕ ਮਿੱਕ ਹੋਈ ਕੁਦਰਤ ਵਿੱਚੋ ਖੁਸ਼ੀਆਂ ਲੱਭਦੀ ਸਾਂਝ ਭਾਈਵਾਲਤਾ ਦਾ ਸੁਨੇਹਾ ਦਿੰਦੀ ,ਕੁਦਰਤ ਨੂੰ ਮਾਣਦੀ , ਔਰਤ ਮਨ ਨੂੰ ਸਮਝਦੀ ,ਸਮਾਜਕ ਕੋਹਜਾਂ 'ਤੇ ਚੋਟ ਕਰਦੀ ,ਆਪਣੇ ਜੀਵਨ ਸਾਥੀ ਅਤੇ ਬੱਚਿਆਂ ਨਾਲ ਜੀਵਨ ਪੰਧ ਨੂੰ ਸਰ ਕਰਦੀ ਨਜ਼ਰ ਪੈਂਦੀ ਹੈ ।
ਸ਼ਾਲਾ ,ਕੁਦਰਤ ਉਹਦੇ ਨਾਲ ਹਮੇਸ਼ਾ ਹੱਸਦੀ-ਵਸਦੀ ਅਤੇ ਬਾਤਾਂ ਪਾਉਂਦੀ ਰਹੇ , ਸਾਹਿਤਕ ਅੰਬਰ 'ਤੇ ਰਾਜਿੰਦਰ ਕੌਰ ਮਾਵੀ ਹਮੇਸ਼ਾਂ ਧਰੂ ਤਾਰੇ ਵਾਂਗ ਚਮਕਦੀ ਰਹੇ ।
ਆਮੀਨ 🤗🌹🌹🌹🌹
ਮਨ ਮਾਨ
ਤਸਵੀਰ------ ਰਾਜਿੰਦਰ ਕੌਰ ਮਾਵੀ

 
< Prev   Next >

Advertisements

Advertisement
Advertisement
Advertisement
Advertisement
Advertisement