ਜਲੰਧਰ ਦੇ ਮਨਪ੍ਰੀਤ ਸਿੰਘ FIH ਦੇ ਸਰਵਸ੍ਰੇਸ਼ਠ ਖਿਡਾਰੀ ਬਣਨ ਵਾਲੇ ਪਹਿਲੇ ਭਾਰਤੀ ਪੁਰਸ਼ |
|
|
ਜਲੰਧਰ:-14ਫਰਵਰੀ-20(ਮੀਡੀਆਦੇਸਪੰਜਾਬ)- ਰਾਸ਼ਟਰੀ ਪੁਰਸ਼ ਹਾਕੀ ਟੀਮ ਦੇ ਕਪਤਾਨ ਤੇ ਜਲੰਧਰ
ਦੇ ਵਸਨੀਕ ਮਨਪ੍ਰੀਤ ਸਿੰਘ ਵੀਰਵਾਰ ਨੂੰ ਕੌਮਾਂਤਰੀ ਹਾਕੀ ਮਹਾਸੰਘ (ਐੱਫ. ਆਈ. ਐੱਚ.) ਦੇ
ਸਾਲ ਦੇ ਸਰਵਸ੍ਰੇਸ਼ਠ ਪੁਰਸ਼ ਖਿਡਾਰੀ ਦਾ ਇਨਾਮ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ
ਗਏ। ਇਸ ਤਰ੍ਹਾਂ ਉਨ੍ਹਾਂ ਲਈ 2019 ਦਾ ਸਾਲ ਯਾਦਗਾਰ ਰਿਹਾ, ਜਿੱਥੇ ਉਨ੍ਹਾਂ ਦੀ ਅਗਵਾਈ
'ਚ ਭਾਰਤੀ ਟੀਮ ਨੇ ਓਲੰਪਿਕ 'ਚ ਵੀ ਜਗ੍ਹਾ
ਬਣਾਈ। 27 ਸਾਲ ਦੇ ਮਿਡਫੀਲਡਰ ਮਨਪ੍ਰੀਤ ਇਸ
ਤਰ੍ਹਾਂ 1999 'ਚ ਉਕਤ ਪੁਰਸਕਾਰ ਸ਼ੁਰੂ ਹੋਣ ਤੋਂ ਬਾਅਦ ਇਸ ਨੂੰ ਜਿੱਤਣ ਵਾਲੇ ਪਹਿਲੇ
ਭਾਰਤੀ ਖਿਡਾਰੀ ਬਣੇ। ਮਨਪ੍ਰੀਤ ਨੇ ਇਸ ਪੁਰਸਕਾਰ ਦੀ ਦੌੜ 'ਚ ਬੈਲਜੀਅਮ ਦੇ ਆਰਥਰ ਵਾਨ
ਡੋਰੇਨ ਤੇ ਅਰਜਨਟੀਨਾ ਦੇ ਲੁਕਾਸ ਵਿਲਾ ਨੂੰ ਪਛਾੜਿਆ ਜੋ ਕ੍ਰਮਵਾਰ ਦੂਸਰੇ ਤੇ ਤੀਸਰੇ
ਨੰਬਰ 'ਤੇ ਰਹੇ। ਰਾਸ਼ਟਰੀ ਸੰਘਾਂ, ਮੀਡੀਆ ਪ੍ਰਸ਼ੰਸਕਾਂ ਤੇ ਖਿਡਾਰੀਆਂ ਦੀਆਂ ਸਾਂਝੀਆਂ
ਵੋਟਾਂ 'ਚ ਮਨਪ੍ਰੀਤ ਨੂੰ 35.2 ਫ਼ੀਸਦੀ ਵੋਟਾਂ ਮਿਲੀਆਂ। ਵਾਨ ਡੋਰੇਨ ਨੇ ਕੁੱਲ 19.7
ਫ਼ੀਸਦੀ ਵੋਟ ਹਾਸਲ ਕੀਤੇ ਜਦੋਂ ਕਿ ਵਿਲਾ ਨੇ 16.5 ਫ਼ੀਸਦੀ ਵੋਟ ਹਾਸਲ ਕੀਤੇ। ਮਨਪ੍ਰੀਤ ਦੀ
ਅਗਵਾਈ 'ਚ ਭਾਰਤ ਨੇ ਓਲੰਪਿਕ ਕੁਆਲੀਫਾਇਰ ਦੇ ਦੋ ਮੈਚਾਂ 'ਚ ਰੂਸ ਨੂੰ 4-2 ਤੇ 7-2 ਨਾਲ
ਹਰਾ ਕੇ ਓਲੰਪਿਕ ਲਈ ਕੁਆਲੀਫਾਈ ਕੀਤਾ ਸੀ।

ਪੁਰਸਕਾਰ ਜਿੱਤ ਕੇ ਸਨਮਾਨਤ ਮਹਿਸੂਸ ਕਰ ਰਿਹਾ ਹਾਂ : ਮਨਪ੍ਰੀਤ
ਮਨਪ੍ਰੀਤ ਨੇ ਕਿਹਾ, ''ਇਹ ਪੁਰਸਕਾਰ ਜਿੱਤ ਕੇ ਮੈਂ ਬਹੁਤ ਸਨਮਾਨਤ ਮਹਿਸੂਸ ਕਰ ਰਿਹਾ ਹਾਂ
ਤੇ ਮੈਂ ਇਸ ਨੂੰ ਆਪਣੀ ਟੀਮ ਨੂੰ ਸਮਰਪਿਤ ਕਰਨਾ ਚਾਹੁੰਦਾ ਹਾਂ। ਮੈਂ ਆਪਣੇ
ਸ਼ੁੱਭਚਿੰਤਕਾਂ ਤੇ ਦੁਨੀਆ ਦੇ ਹਾਕੀ ਪ੍ਰਸ਼ੰਸਕਾਂ ਨੂੰ ਧੰਨਵਾਦ ਕਹਿਣਾ ਚਾਹੁੰਦਾ ਹਾਂ
ਜਿਨ੍ਹਾਂ ਨੇ ਮੇਰੇ ਪੱਖ 'ਚ ਵੋਟਿੰਗ ਕੀਤੀ। ਭਾਰਤੀ ਹਾਕੀ ਲਈ ਇੰਨਾ ਜ਼ਿਆਦਾ ਸਮਰਥਨ
ਸ਼ਾਨਦਾਰ ਹੈ।''
ਲੰਡਨ ਤੇ ਰਿਓ ਓਲੰਪਿਕ 'ਚ ਭਾਰਤ ਦੀ ਅਗਵਾਈ ਕਰਨ ਵਾਲੇ ਮਨਪ੍ਰੀਤ ਨੇ 2011 'ਚ ਸੀਨੀਅਰ
ਕੌਮੀ ਟੀਮ ਲਈ ਖੇਡਣਾ ਸ਼ੁਰੂ ਕੀਤਾ ਸੀ। ਉਹ ਹੁਣ ਤਕ ਭਾਰਤ ਵੱਲੋਂ 260 ਕੌਮਾਂਤਰੀ ਮੈਚ
ਖੇਡ ਚੁੱਕੇ ਹਨ। ਮਨਪ੍ਰੀਤ ਨੇ ਕਿਹਾ, 'ਜੇ ਤੁਸੀਂ ਸਾਲ 'ਚ ਸਾਡੇ ਪ੍ਰਦਰਸ਼ਨ ਨੂੰ ਦੇਖੋ
ਤਾਂ ਅਸੀਂ ਜਿਸ ਵੀ ਟੂਰਨਾਮੈਂਟ 'ਚ ਹਿੱਸਾ ਲਿਆ, ਉਸ 'ਚ ਚੰਗਾ ਕੀਤਾ। ਜੂਨ 'ਚ ਐੱਫ. ਆਈ.
ਐੱਚ. ਸੀਰੀਜ਼ ਫਾਈਨਲ ਹੋਵੇ ਜਾਂ ਬੈਲਜੀਅਮ 'ਚ ਟੈਸਟ ਸੀਰੀਜ਼, ਜਿੱਥੇ ਅਸੀਂ ਮੇਜ਼ਬਾਨ ਤੇ
ਸਪੇਨ ਖ਼ਿਲਾਫ਼ ਖੇਡੇ ਤੇ ਉਨ੍ਹਾਂ ਨੂੰ ਹਰਾਇਆ।
|