ਤਿਹਾਈ ਮਰ ਰਹੀ ਧਰਤੀ ਦਾ ਦੁੱਖ ਕਿਸ ਨੂੰ ਸੁਣਾ ਦਿੰਦੇ
ਉਹ ਦਰਿਆ-ਦਿਲ ਨਾ ਸਾਨੂੰ ਆਪਣਾ ਕੋਈ ਥਹੁ-ਪਤਾ ਦਿੰਦੇ
ਚੁਫ਼ੇਰੇ ਅੱਗ ਮੱਚਦੀ ਸੀ ਅਤੇ ਰੂਪੋਸ਼ ਸੀ ਪਾਣੀ
ਅਸੀਂ ਸਹਿਮੇ ਹੋਏ ਰੁੱਖਾਂ ਨੂੰ ਕੀਕਣ ਹੌਸਲਾ ਦਿੰਦੇ
ਉਹਨਾਂ ਨੂੰ ਕੀ ਨਜ਼ਰ ਆਉਣੇ ਬਿਖਰਦੇ ਆਲ੍ਹਣੇ ਸਾਡੇ
ਜੋ ਇਕ ਕੁਰਸੀ ਲਈ ਜੰਗਲ ਹੀ ਸਾਰਾ ਦਾਅ 'ਤੇ ਲਾ ਦਿੰਦੇ
ਉਮੀਦਾਂ 'ਤੇ ਖਰੇ ਉਤਰੇ ਬੜੇ ਹੀ ਮੋਅਤਬਰ ਸਾਡੇ
ਕਿਤੇ ਕੋਈ ਗੁਲ ਖਿਲਾ ਦਿੰਦੇ ਕਿਤੇ ਕੋਈ ਚੰਨ ਚੜ੍ਹਾ ਦਿੰਦੇ
ਜੇ ਤੱਕੀਏ ਤਾਂ ਉਨ੍ਹਾਂ ਤੋਂ ਰਾਹ ਦਾ ਇਕ ਪੱਥਰ ਨਹੀਂ ਹਟਦਾ
ਜੇ ਸੁਣੀਏਂ ਤਾਂ ਉਹ ਨਾਅਰੇ ਮਾਰ ਕੇ ਧਰਤੀ ਹਿਲਾ ਦਿੰਦੇ
ਖ਼ੁਦਾ ਦਾ ਸ਼ੁਕਰ ਹੈ ਦਿਲ ਨੇ ਭਰੋਸਾ ਹੀ ਨਹੀਂ ਕੀਤਾ
ਉਹ ਸੌਦਾਗਰ ਤਾਂ ਸਾਡੇ ਚੰਨ ਸੂਰਜ ਵੀ ਵਿਕਾ ਦਿੰਦੇ
ਤੁਹਡਾ ਰੌਸ਼ਨੀ ਦੇ ਨਾਲ ਜੇਕਰ ਇਸ਼ਕ ਹੈ ਸੱਚਾ
ਤਾਂ ਕਿਉਂ ਨੀ ਰਾਤ ਦੇ ਨ੍ਹੇਰੇ 'ਚ ਇਕ ਦੀਵਾ ਜਗਾ ਦਿੰਦੇ
ਅਸਾਥੋਂ ਅਦਬ ਨਹੀਂ ਹੁੰਦਾ ਅਜਿਹੇ ਬਾਗ਼ਬਾਨਾਂ ਦਾ
ਉਹ ਜਿਹੜੇ ਫੁੱਲ 'ਤੇ ਬੈਠੀ ਹੋਈ ਤਿਤਲੀ ਉਡਾ ਦਿੰਦੇ
Sukhwinder Amrit
|