ਚੀਨ ਨੇ ਚੰਨ ਤੇ ਭੇਜੀ ਪੁਲਾੜ ਗੱਡੀ, 40 ਸਾਲ ਬਾਅਦ ਲਿਆਵੇਗੀ ਚੰਨ ਦੇ ਨਮੂਨੇ |
|
|
ਬੀਜਿੰਗ 24-ਨਵੰਬਰ-(ਮੀਡੀਆਦੇਸਪੰਜਾਬ) ਚੀਨ ਨੇ ਚੰਨ ਦੀ ਸਤਹਿ ਤੋਂ ਨਮੂਨੇ ਇਕੱਠੇ
ਕਰਨ ਲਈ ਮੰਗਲਵਾਰ ਨੂੰ ਆਪਣੀ ਪਹਿਲੀ ਮਨੁੱਖ ਰਹਿਤ ਪੁਲਾੜ ਗੱਡੀ ਸਫਲਤਾਪੂਰਵਕ ਲਾਂਚ
ਕੀਤੀ। ਇਹ ਪੁਲਾੜ ਗੱਡੀ ਪਰਤ ਕੇ ਧਰਤੀ 'ਤੇ ਆਵੇਗੀ। ਸੀ.ਜੀ.ਟੀ.ਐੱਨ. ਦੀ ਖ਼ਬਰ ਦੇ
ਮੁਤਾਬਕ, ਚੀਨ ਨੇ ਦੱਖਣੀ ਸੂਬੇ ਹੇਨਾਨ ਸਥਿਤ ਵੇਨਚਾਂਗ ਪੁਲਾੜ ਗੱਡੀ ਲਾਂਚ ਸਥਲ ਤੋਂ ਯਾਨ
'ਚਾਂਗ ਏ-5' (Chang'e-5) ਨੂੰ ਚੰਨ 'ਤੇ ਭੇਜਣ ਦੇ ਲਈ ਸਫਲਤਾਪੂਰਵਕ ਲਾਂਚ ਕੀਤਾ। ਇਹ
ਪੁਲਾੜ ਗੱਡੀ 'ਲੌਂਗ ਮਾਰਚ-5 ਰਾਕੇਟ' ਦੇ ਜ਼ਰੀਏ ਸਥਾਨਕ ਸਮੇਂ ਮੁਤਾਬਕ ਸਵੇਰੇ ਸਾਢੇ 4
ਵਜੇ ਲਾਂਚ ਕੀਤੀ ਗਈ।
'ਚਾਂਗ ਏ-5' ਪੁਲਾੜ ਗੱਡੀ ਨੂੰ ਰਾਕੇਟ ਧਰਤੀ-ਚੰਨ ਟਰਾਂਸਫਰ ਪੰਧ ਵਿਚ ਲਿਜਾਏਗਾ। ਇਹ
ਚੰਨ ਦੀ ਸਤਹਿ ਤੋਂ ਨਮੂਨੇ ਇਕੱਠੇ ਕਰੇਗਾ ਅਤੇ ਧਰਤੀ 'ਤੇ ਪਰਤ ਕੇ ਆਵੇਗਾ। 'ਚਾਂਗ ਏ-5'
ਚੀਨ ਦੇ ਏਅਰੋਸਪੇਸ ਇਤਿਹਾਸ ਵਿਚ ਸਭ ਤੋਂ ਜਟਿਲ ਅਤੇ ਚੁਣੌਤੀਪੂਰਨ ਮਿਸ਼ਨਾਂ ਵਿਚੋ ਇਕ ਹੈ।
ਨਾਲ ਹੀ 40 ਤੋਂ ਵੱਧ ਸਾਲਾਂ ਵਿਚ ਚੰਨ ਤੋਂ ਨਮੂਨੇ ਇਕੱਠੇ ਕਰਨ ਸਬੰਧੀ ਦੁਨੀਆ ਦੀ
ਪਹਿਲੀ ਮੁਹਿੰਮ ਹੈ।
ਪੂਰੇ ਮਿਸ਼ਨ 'ਚ ਲੱਗਣਗੇ ਘੱਟੋ-ਘੱਟ 23 ਦਿਨ
ਚੀਨ ਦੀ ਮੁੱਖ ਪੁਲਾੜ ਗੱਡੀ ਚੰਨ ਦੀ ਸਤਹਿ ਦੇ ਨਮੂਨੇ ਨੂੰ ਇਕ ਕੈਪੂਸਲ ਵਿਚ ਰੱਖੇਗੀ।
ਫਿਰ ਉਸ ਨੂੰ ਧਰਤੀ ਦੇ ਲਈ ਰਵਾਨਾ ਕਰ ਦੇਵੇਗੀ। ਇਸ ਪੂਰੇ ਮਿਸ਼ਨ ਵਿਚ ਘੱਟੋ-ਘੱਟ 23 ਦਿਨ
ਲੱਗ ਸਕਦੇ ਹਨ। ਕਰੀਬ 4 ਦਹਾਕੇ ਬਾਅਦ ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ ਜਦੋਂ ਕੋਈ
ਦੇਸ਼ ਚੰਨ ਦੀ ਸਤਹਿ ਦੀ ਖੋਦਾਈ ਕਰਕੇ ਉੱਥੋਂ ਦੀ ਚਟਾਨ ਅਤੇ ਮਿੱਟੀ ਧਰਤੀ 'ਤੇ ਲਿਆਉਣ ਜਾ
ਰਿਹਾ ਹੈ। ਇਸ ਪੂਰੇ ਮਿਸ਼ਨ ਨੂੰ ਚੀਨ ਦਾ ਸਭ ਤੋਂ ਅਭਿਲਾਸ਼ੀ ਮਿਸ਼ਨ ਕਿਹਾ ਜਾ ਰਿਹਾ ਹੈ।
ਜੇਕਰ ਚੀਨੀ ਮਿਸ਼ਨ ਸਫਲ ਹੋ ਜਾਂਦਾ ਹੈ ਤਾਂ ਉਸ ਦੀ ਚੰਨ ਦੇ ਬਾਰੇ ਵਿਚ ਸਮਝ ਵਧੇਗੀ
ਅਤੇ ਇਸ ਨਾਲ ਉਸ ਨੂੰ ਚੰਨ 'ਤੇ ਬਸਤੀਆਂ ਵਸਾਉਣ ਵਿਚ ਮਦਦ ਮਿਲੇਗੀ। ਚੀਨ ਦੀ ਪੁਲਾੜ ਗੱਟੀ
ਨੂੰ ਚੰਨ ਤੱਕ ਪਹੁੰਚਾਉਣ ਲਈ ਲੌਂਗ ਮਾਰਚ-5 ਰਾਕੇਟ ਦੀ ਵਰਤੋਂ ਕੀਤੀ ਗਈ ਹੈ। ਇਹ ਰਾਕੇਟ
ਤਰਲ ਕੇਰੋਸਿਨ ਅਤੇ ਤਰਲ ਆਕਸੀਜਨ ਦੀ ਮਦਦ ਨਾਲ ਚੱਲਦਾ ਹੈ। ਚੀਨ ਦਾ ਇਹ ਮਹਾਸ਼ਕਤੀਸ਼ਾਲੀ
ਰਾਕੇਟ 187 ਫੁੱਟ ਲੰਬਾ ਅਤੇ 870 ਟਨ ਵਜ਼ਨੀ ਹੈ।
|