ਕਿਸਾਨ ਸੰਗਠਨਾਂ ਦੇ ਦਿੱਲੀ ਮਾਰਚ ਦੇ ਮੱਦੇਨਜ਼ਰ ਦੋ ਦਿਨ ਸੀਲ ਰਹੇਗੀ ਹਰਿਆਣਾ ਪੰਜਾਬ ਸਰਹੱਦ |
|
|
ਚੰਡੀਗੜ੍ਹ 24-ਨਵੰਬਰ-(ਮੀਡੀਆਦੇਸਪੰਜਾਬ) ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ
ਕਿਸਾਨਾਂ ਦੇ ਦਿੱਲੀ ਮਾਰਚ ਨੂੰ ਦੇਖਦੇ ਹੋਏ ਹਰਿਆਣਾ ਸਰਕਾਰ ਨੇ ਪੰਜਾਬ ਨਾਲ ਲੱਗਦੀ
ਸਰਹੱਦ ਨੂੰ ਦੋ ਦਿਨਾਂ ਲਈ ਸੀਲ ਕਰਨ ਦਾ ਫੈਸਲਾ ਲਿਆ ਹੈ। ਹਰਿਆਣਾ ਦੇ ਮੁੱਖ ਮੰਤਰੀ
ਮਨੋਹਰ ਲਾਲ ਖੱਟੜ ਨੇ ਕਿਹਾ ਕਿ ਕਿਸਾਨਾਂ ਦੇ ਮਾਰਚ ਨੂੰ ਰੋਕਣ ਲਈ ਸੂਬੇ ਦੀ ਪੰਜਾਬ ਦੇ
ਨਾਲ ਲੱਗਦੀ ਸਰਹੱਦ ਨੂੰ ਸੀਲ ਕੀਤਾ ਜਾ ਰਿਹਾ ਹੈ। ਨਾਲ ਹੀ ਉਨ੍ਹਾਂ ਨੇ ਕੋਰੋਨਾ ਵਾਇਰਸ
ਕਹਿਰ ਨੂੰ ਦੇਖਦੇ ਹੋਏ ਕਿਸਾਨ ਸੰਗਠਨਾਂ ਤੋਂ ਦਿੱਲੀ ਨਹੀਂ ਜਾਣ ਦੀ ਅਪੀਲ ਕੀਤੀ ਹੈ।
26-27 ਨਵੰਬਰ ਨੂੰ ਦਿੱਲੀ ਮਾਰਚ ਕਰਨਗੇ ਕਿਸਾਨ ਸੰਗਠਨ
ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਸੰਗਠਨ 26-27 ਨਵੰਬਰ ਨੂੰ ਦਿੱਲੀ
ਮਾਰਚ ਕਰਨ ਦੀ ਯੋਜਨਾ ਬਣਾ ਰਹੇ ਹਨ। ਇਨ੍ਹਾਂ ਸੰਗਠਨਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ
ਨੂੰ ਰੋਕਿਆ ਜਾਂਦਾ ਹੈ ਤਾਂ ਗੁਆਂਢੀ ਸੂਬਿਆਂ ਤੋਂ ਦਿੱਲੀ ਆਉਣ ਵਾਲੇ ਸਾਰੇ ਰਸਤੇ ਬੰਦ ਕਰ
ਦਿੱਤੇ ਜਾਣਗੇ।
ਇਨ੍ਹਾਂ ਦਾ ਕਹਿਣਾ ਹੈ ਕਿ ਦੇਸ਼ਭਰ ਦੇ ਕਿਸਾਨ ਦਿੱਲੀ ਮਾਰਚ ਕਰਣਗੇ। ਇਨ੍ਹਾਂ ਨੂੰ
ਰਸਤੇ 'ਚ ਜਿੱਥੇ ਵੀ ਰੋਕਿਆ ਜਾਵੇਗਾ, ਇਹ ਉਥੇ ਹੀ ਧਰਨੇ 'ਤੇ ਬੈਠ ਜਾਣਗੇ। ਉਥੇ ਹੀ,
ਦਿੱਲੀ ਸਰਕਾਰ ਨੇ ਕਿਸਾਨ ਸੰਗਠਨਾਂ ਨੂੰ ਰੈਲੀ ਦੀ ਇਜਾਜ਼ਤ ਨਹੀਂ ਦਿੱਤੀ ਹੈ।
ਹਰਿਆਣਾ ਪੁਲਸ ਨੇ ਕਿਸਾਨ ਸੰਗਠਨਾਂ ਦੇ ਮਾਰਚ ਨੂੰ ਦੇਖਦੇ ਹੋਏ ਲੋਕਾਂ ਲਈ ਟਰੈਵਲ
ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ 'ਚ ਕਿਹਾ ਗਿਆ ਹੈ ਕਿ 26-27 ਨਵੰਬਰ ਨੂੰ ਕਿਸਾਨਾਂ ਦੇ
ਦਿੱਲੀ ਮਾਰਚ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਕਾਨੂੰਨ-ਵਿਵਸਥਾ ਬਣਾਏ ਰੱਖਣ ਲਈ ਕਈ ਕਦਮ
ਚੁੱਕੇ ਜਾ ਰਹੇ ਹਨ। 25-26 ਨਵੰਬਰ ਨੂੰ ਪੰਜਾਬ ਤੋਂ ਹਰਿਆਣਾ ਅਤੇ 26-27 ਨਵੰਬਰ ਨੂੰ
ਹਰਿਆਣਾ ਤੋਂ ਦਿੱਲੀ ਜਾਣ ਦੇ ਪ੍ਰਵੇਸ਼ ਸਥਾਨਾਂ 'ਤੇ ਟ੍ਰੈਫਿਕ ਰੋਕਿਆ ਜਾ ਸਕਦਾ ਹੈ।
|