ਬ੍ਰਿਟੇਨ ਅਗਲੇ ਹਫ਼ਤੇ ਕੋਵਿਡ-19 ਟੀਕੇ ਨੂੰ ਦੇ ਸਕਦਾ ਹੈ ਮਨਜ਼ੂਰੀ |
|
|
ਗਲਾਸਗੋ/ਲੰਡਨ 26-ਨਵੰਬਰ-(ਮੀਡੀਆਦੇਸਪੰਜਾਬ) ਇਸ ਸਮੇਂ ਦੁਨੀਆ
ਭਰ ਵਿੱਚ ਸਿਹਤ ਵਿਗਿਆਨੀ ਕੋਰੋਨਾਵਾਇਰਸ ਦੇ ਤੋੜ ਲਈ ਇੱਕ ਟੀਕਾ ਬਣਾਉਣ ਦੀ ਦੌੜ ਵਿੱਚ
ਲੱਗੇ ਹੋਏ ਹਨ। ਬਹੁਤ ਸਾਰੀਆਂ ਕੰਪਨੀਆਂ ਇਸ ਕੰਮ ਨੂੰ ਪੂਰਾ ਕਰਨ ਦੇ ਆਖਰੀ ਪੜਾਵਾਂ 'ਤੇ
ਹਨ, ਜਿਹਨਾਂ ਵਿੱਚ ਫਾਈਜ਼ਰ ਦਾ ਵੀ ਅਹਿਮ ਸਥਾਨ ਹੈ। ਫਾਈਜ਼ਰ ਆਪਣੇ ਟੀਕੇ ਨੂੰ 95
ਪ੍ਰਤੀਸ਼ਤ ਪ੍ਰਭਾਵਸ਼ਾਲੀ ਦੱਸ ਰਹੀ ਹੈ। ਯੂਕੇ ਵਿੱਚ ਇਸਦੇ ਸਹਿਯੋਗ ਨਾਲ ਅਗਲੇ ਹਫਤੇ
ਕੋਰੋਨਾਂ ਸੰਬੰਧੀ ਟੀਕੇ ਨੂੰ ਮਨਜੂਰੀ ਦੇਣ ਜਾਂ ਨਾ ਦੇਣ ਸੰਬੰਧੀ ਫ਼ੈਸਲਾ ਲਿਆ ਜਾ ਸਕਦਾ
ਹੈ।
ਇਸ ਟੀਕਾਕਰਣ ਦੀ ਤਰਜੀਹ ਦੀ ਸੂਚੀ ਵਿੱਚ ਕੇਅਰ ਹੋਮ ਵਸਨੀਕ ਅਤੇ ਹੋਰ ਕਮਜ਼ੋਰ ਲੋਕਾਂ
ਤੋਂ ਇਲਾਵਾ ਸਿਹਤ ਸੇਵਾ ਕਰਮਚਾਰੀ ਹਨ। ਇਸ ਦੀ ਸ਼ੁਰੂਆਤ ਸੰਬੰਧੀ ਸਰਕਾਰ ਦੁਆਰਾ ਟੀਵੀ ਅਤੇ
ਰੇਡੀਓ 'ਤੇ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ ਤਾਂ ਜੋ ਯੂਕੇ ਦੇ ਨਾਗਰਿਕਾਂ ਨੂੰ
ਟੀਕਾਕਰਣ ਦੇ ਫਾਇਦਿਆਂ ਤੋਂ ਜਾਣੂ ਕਰਵਾਇਆ ਜਾ ਸਕੇ। ਸਿਹਤ ਅਧਿਕਾਰੀਆਂ ਮੁਤਾਬਕ, ਟੀਕੇ
ਸੰਬੰਧੀ ਫ਼ੈਸਲੇ ਨਾਲ ਯੂਕੇ ਕੋਰੋਨਾ ਟੀਕੇ ਨੂੰ ਅਧਿਕਾਰਿਤ ਤੌਰ 'ਤੇ ਪ੍ਰਵਾਨਗੀ ਦੇਣ
ਵਾਲਾ ਪਹਿਲਾ ਦੇਸ਼ ਹੋ ਸਕਦਾ ਹੈ। ਹਾਲਾਂਕਿ ਫਾਈਜ਼ਰ ਦੇ ਟੀਕਾ ਪ੍ਰਬੰਧਨ ਲਈ ਇਸ ਨੂੰ ਦੇਸ਼
ਭਰ ਵਿੱਚ ਪਹੁੰਚਾਉਣਾ ਇੱਕ ਮੁੱਦਾ ਹੋ ਸਕਦਾ ਹੈ। ਟੀਕੇ ਦੇ ਸੰਬੰਧ ਵਿੱਚ ਆਕਸਫੋਰਡ
ਯੂਨੀਵਰਸਿਟੀ ਦੇ ਕੋਰੋਨਾਵਾਇਰਸ ਟੀਕੇ ਦੇ ਮਾਹਰ ਪ੍ਰੋਫੈਸਰ ਸਰ ਜੋਹਨ ਬੈੱਲ ਦੀ
ਭਵਿੱਖਬਾਣੀ ਮੁਤਾਬਕ, ਬ੍ਰਿਟੇਨ ਵਿੱਚ ਬਸੰਤ ਰੁੱਤ ਤਕ ਇਹ ਆਮ ਹੋ ਸਕਦਾ ਹੈ।
|