ਭਾਰਤ 26 ਨਵੰਬਰ ਦੇ ਮੁੰਬਈ ਅੱਤਵਾਦੀ ਹਮਲੇ ਦੇ ਜ਼ਖਮ ਕਦੇ ਨਹੀਂ ਭੁੱਲ ਸਕਦਾ : ਨਰਿੰਦਰ ਮੋਦੀ |
|
|
 ਕੇਵਡੀਆ- 26-ਨਵੰਬਰ-(ਮੀਡੀਆਦੇਸਪੰਜਾਬ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ 26 ਨਵੰਬਰ
ਦੇ ਮੁੰਬਈ ਅੱਤਵਾਦੀ ਹਮਲੇ ਦੇ ਜ਼ਖਮ ਕਦੇ ਨਹੀਂ ਭੁੱਲ ਸਕਦਾ। ਦੇਸ਼ ਇਕ ਨਵੀਂ ਨੀਤੀ ਅਤੇ
ਇਕ ਨਵੀਂ ਪ੍ਰਕਿਰਿਆ ਨਾਲ ਅੱਤਵਾਦ ਨਾਲ ਮੁਕਾਬਲਾ ਕਰ ਰਿਹਾ ਹੈ। ਮੋਦੀ ਨੇ ਪ੍ਰਧਾਨਗੀ
ਅਧਿਕਾਰੀਆਂ ਦੇ 80ਵੇਂ ਅਖਿਲ ਭਾਰਤੀ ਸੰਮੇਲਨ ਦੇ ਆਪਣੇ ਸਮਾਪਨ ਭਾਸ਼ਣ 'ਚ 26 ਨਵੰਬਰ ਦੇ
ਸ਼ਹੀਦਾਂ ਨੂੰ ਮੁੰਬਈ ਅੱਤਵਾਦੀ ਹਮਲੇ ਦੀ
12ਵੀਂ ਬਰਸੀ 'ਤੇ ਯਾਦ ਕੀਤਾ। ਪ੍ਰਧਾਨ ਮੰਤਰੀ
ਮੋਦੀ ਨੇ ਵੀਡੀਓ ਕਾਨਫਰੰਸ ਰਾਹੀਂ ਆਪਣੇ ਸੰਬੋਧਨ 'ਚ ਕਿਹਾ,''ਅੱਜ ਦੀ ਤਾਰੀਖ਼ ਦੇਸ਼ 'ਚ
ਹੋਏ ਸਭ ਤੋਂ ਵੱਡੇ ਅੱਤਵਾਦੀ ਹਮਲੇ ਨਾਲ ਜੁੜੀ ਹੈ। 2008 'ਚ ਇਸੇ ਤਾਰੀਖ਼ ਨੂੰ
ਪਾਕਿਸਤਾਨ ਤੋਂ ਭੇਜੇ ਗਏ ਅੱਤਵਾਦੀਆਂ ਨੇ ਮੁੰਬਈ 'ਤੇ ਹਮਲਾ ਕੀਤਾ ਸੀ।'' ਉਨ੍ਹਾਂ ਨੇ
ਕਿਹਾ,''ਉਸ ਅੱਤਵਾਦੀ ਹਮਲੇ 'ਚ ਕਈ ਲੋਕ ਮਾਰੇ ਗਏ ਅਤੇ ਕਈ ਦੇਸ਼ਾਂ ਦੇ ਲੋਕ ਇਸ ਦੇ
ਸ਼ਿਕਾਰ ਹੋਏ। ਮੈਂ ਉਨ੍ਹਾਂ ਸਾਰਿਆਂ ਨੂੰ ਸ਼ਰਧਾਂਜਲੀ ਦਿੰਦਾ ਹਾਂ। ਮੈਂ ਉਨ੍ਹਾਂ ਸੁਰੱਖਿਆ
ਕਰਮੀਆਂ ਨੂੰ ਨਮਨ ਕਰਦਾ ਹਾਂ, ਜਿਨ੍ਹਾਂ ਨੇ ਉਸ ਹਮਲੇ 'ਚ ਆਪਣੀ ਜਾਨ ਗਵਾ ਦਿੱਤੀ।''
ਉਨ੍ਹਾਂ ਨੇ ਕਿਹਾ,''ਭਾਰਤ ਮੁੰਬਈ ਅੱਤਵਾਦੀ ਹਮਲੇ ਦੇ ਜ਼ਖਮ ਨੂੰ ਨਹੀਂ ਭੁੱਲ
ਸਕਦਾ।'' ਪ੍ਰਧਾਨ ਮੰਤਰੀ ਨੇ ਕਿਹਾ,''ਭਾਰਤ ਹੁਣ ਨਵੀਂ ਨੀਤੀ ਅਤੇ ਨਵੀਂ ਪ੍ਰਕਿਰਿਆ ਨਾਲ
ਅੱਤਵਾਦ ਨਾਲ ਲੜ ਰਿਹਾ ਹੈ।'' ਉਨ੍ਹਾਂ ਨੇ ਅੱਤਵਾਦੀ ਸਾਜਿਸ਼ਾਂ ਨੂੰ ਅਸਫ਼ਲ ਕਰਦੇ ਹੋਏ
ਅੱਤਵਾਦ ਨਾਲ ਲੜਨ ਵਾਲੇ ਭਾਰਤ ਦੇ ਸੁਰੱਖਿਆ ਦਸਤਿਆਂ ਦੀ ਵੀ ਸ਼ਲਾਘਾ ਕੀਤੀ। ਮੋਦੀ ਨੇ
ਕਿਹਾ,''ਮੈਂ 26 ਨਵੰਬਰ ਦੇ ਮੁੰਬਈ ਹਮਲੇ ਵਰਗੇ ਵੱਡੇ ਅੱਤਵਾਦੀ ਹਮਲਿਆਂ ਨੂੰ ਅਸਫ਼ਲ ਕਰਨ
ਵਾਲੇ ਆਪਣੇ ਸੁਰੱਖਿਆ ਦਸਤਿਆਂ ਨੂੰ ਨਮਨ ਕਰਦਾ ਹਾਂ। ਉਹ ਅੱਤਵਾਦ ਨੂੰ ਕਰਾਰਾ ਜਵਾਬ ਦੇ
ਰਹੇ ਹਨ ਅਤੇ ਸਾਡੀਆਂ ਸਰਹੱਦਾਂ ਨੂੰ ਸੁਰੱਖਿਅਤ ਬਣਾਉਣ 'ਚ ਲੱਗੇ ਹੋਏ ਹਨ।'' ਪਾਕਿਸਤਾਨ
ਦੇ ਅੱਤਵਾਦੀਆਂ ਨੇ 12 ਸਾਲ ਪਹਿਲਾਂ, ਦੇਸ਼ ਦੀ ਆਰਥਿਕ ਰਾਜਧਾਨੀ 'ਚ ਅੱਤਵਾਦੀ ਹਮਲਾ ਕੀਤਾ
ਸੀ ਅਤੇ ਤਿੰਨ ਦਿਨਾਂ ਤੱਕ ਚੱਲੇ ਇਸ ਹਮਲੇ 'ਚ 18 ਸੁਰੱਖਿਆ ਕਰਮੀਆਂ ਸਮੇਤ 166 ਲੋਕਾਂ
ਦੀ ਮੌਤ ਹੋ ਗਈ ਸੀ। ਸੁਰੱਖਿਆ ਦਸਤਿਆਂ ਨੇ 9 ਅੱਤਵਾਦੀਆਂ ਨੂੰ ਮਾਰ ਸੁੱਟਿਆ ਸੀ। ਜਿਊਂਦੇ
ਫੜੇ ਗਏ ਇਕਮਾਤਰ ਅੱਤਵਾਦੀ ਅਜਮਲ ਕਸਾਬ ਨੂੰ 4 ਸਾਲ ਬਾਅਦ ਫਾਂਸੀ ਦਿੱਤੀ ਗਈ ਸੀ।
|