ਗੁਰਨਾਮ ਸਿੰਘ ਚਢੂਨੀ ਬੋਲੇ- ਗਣਤੰਤਰ ਦਿਵਸ ਸਮਾਰੋਹਾਂ ’ਚ ਨਾ ਕੀਤਾ ਜਾਵੇ ਮੰਤਰੀਆਂ ਦਾ ਬਾਇਕਾਟ |
|
|
 ਹਰਿਆਣਾ --23ਜਨਵਰੀ-(ਮੀਡੀਆਦੇਸਪੰਜਾਬ)-- ਹਰਿਆਣਾ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚਢੂਨੀ ਨੇ
ਵਿਵਾਦਪੂਰਨ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਅਤੇ ਉਨ੍ਹਾਂ ਦੇ
ਸਮਰਥਕਾਂ ਨੂੰ ਸ਼ਨੀਵਾਰ ਨੂੰ ਅਪੀਲ ਕੀਤੀ ਕਿ ਉਹ ਸੂਬੇ ’ਚ ਗਣਤੰਤਰ ਦਿਵਸ ਸਮਾਰੋਹਾਂ
ਦੌਰਾਨ ਮੰਤਰੀਆਂ ਅਤੇ ਨੇਤਾਵਾਂ ਦਾ ਬਾਇਕਾਟ ਨਾ ਕਰਨ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ
ਕਿਸਾਨ ਰੈਲੀਆਂ ਅਤੇ ਹੋਰ ਦਿਨਾਂ ਵਿਚ ਹੋਣ ਵਾਲੇ ਪ੍ਰੋਗਰਾਮਾਂ ’ਚ ਸੂਬੇ ਦੇ ਮੰਤਰੀਆਂ ਦਾ
ਵਿਰੋਧ ਜਾਰੀ ਰੱਖਣ।
ਚਢੂਨੀ ਨੇ ਇਕ ਵੀਡੀਓ ਸੰਦੇਸ਼ ਵਿਚ ਕਿਹਾ ਕਿ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਹਰਿਆਣਾ
ਵਿਚ ਜੇਕਰ ਕੋਈ ਮੰਤਰੀ ਜਾਂ ਨੇਤਾ ਗਣਤੰਤਰ ਦਿਵਸ ’ਤੇ ਤਿਰੰਗਾ ਲਹਿਰਾਉਣ ਦੇ ਪ੍ਰੋਗਰਾਮ
ਵਿਚ ਆਉਂਦਾ ਹੈ ਤਾਂ ਅਸੀਂ ਉਸ ਦਾ ਵਿਰੋਧ ਨਹੀਂ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਗਣਤੰਤਰ
ਦਿਵਸ ਪ੍ਰੋਗਰਾਮ ਵਿਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਾਲ ‘ਗਲਤ ਸੰਦੇਸ਼’ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਮੰਤਰੀ ਜੇਕਰ ਹੋਰ ਦਿਨ ਸੂਬੇ ਵਿਚ ਰੈਲੀਆਂ ਕਰਦੇ ਹਨ
ਜਾਂ ਪ੍ਰੋਗਰਾਮ ਕਰਦੇ ਹਨ, ਤਾਂ ਕਿਸਾਨ ਉਨ੍ਹਾਂ ਦਾ ਵਿਰੋਧ ਜਾਰੀ ਰੱਖਣਗੇ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਸੇ ਮਹੀਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕਰਨਾਲ ਵਿਚ
‘ਕਿਸਾਨ ਮਹਾਪੰਚਾਇਤ’ ਦੀ ਥਾਂ ’ਤੇ ਭੰਨ-ਤੋੜ ਕੀਤੀ ਸੀ, ਜਿੱਥੇ ਹਰਿਆਣਾ ਦੇ ਮੁੱਖ ਮੰਤਰੀ
ਮਨੋਹਰ ਲਾਲ ਖੱਟੜ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਫਾਇਦਿਆਂ ਬਾਰੇ ਲੋਕਾਂ ਨੂੰ
ਦੱਸਣ ਵਾਲੇ ਸਨ। ਪ੍ਰਦਰਸ਼ਨਕਾਰੀ ਕਿਸਾਨਾਂ ਦੇ ਇਕ ਸਮੂਹ ਨੇ ਅੰਬਾਲਾ ਸ਼ਹਿਰ ਵਿਚ ਉਸ ਸਮੇਂ
ਖੱਟੜ ਨੂੰ ਕਾਲੇ ਝੰਡੇ ਵਿਖਾਏ ਸਨ, ਜਦੋਂ ਉਨ੍ਹਾਂ ਦਾ ਕਾਫ਼ਿਲਾ ਉੱਥੋਂ ਲੰਘ ਰਿਹਾ ਸੀ।
ਜ਼ਿਕਰਯੋਗ ਹੈ ਕਿ ਖੱਟੜ ਅਤੇ ਪ੍ਰਦੇਸ਼ ਦੇ ਮੰਤਰੀਆਂ ਨੇ 26 ਜਨਵਰੀ ਨੂੰ ਸੂਬੇ ਭਰ ’ਚ
ਵੱਖ-ਵੱਖ ਥਾਵਾਂ ’ਤੇ ਤਿਰੰਗਾ ਲਹਿਰਾਉਣਾ ਹੈ। ਜਾਣਕਾਰੀ ਮੁਤਾਬਕ ਮਨੋਹਰ ਲਾਲ ਪਾਨੀਪਤ
ਵਿਚ ਤਿੰਰਗਾ ਲਹਿਰਾਉਣਗੇ। ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਅੰਬਾਲਾ ’ਚ ਤਿਰੰਗਾ
ਲਹਿਰਾਉਣਗੇ।
|