ਬਿਨ ਗੱਲ ਤੋਂ ਸੰਦੇਸ਼ੇ ਘੱਲੀ ਜਾਂਦੇ ਹੋ।
ਔਰਤ ਖਾਲੀ ਥਾਂ ਨਹੀਂ, ਮੱਲੀ ਜਾਂਦੇ ਹੋ।
ਨਦੀਆਂ ਦੇ ਪ੍ਰਵਾਹ ਨਹੀਂ ਰੁਕਣੇ ਬੇਅਕਲੋ,
ਪੱਥਰ ਬਣ ਕੇ ਕਾਹਤੋਂ ਠੱਲ੍ਹੀ ਜਾਂਦੇ ਹੋ।
ਜੋ ਅੱਖ ਦੀ ਸੁੱਚਮਤਾ ਪਹਿਚਾਣ ਲਵੇ,
ਉਸ ਔਰਤ ਨੂੰ ਆਖੀ ਝੱਲੀ ਜਾਂਦੇ ਹੋ।
ਇਹ ਦੋਸਤੀਆਂ ਖੇਡ ਨਾ ਗੁੱਡੇ ਗੁੱਡੀ ਦਾ,
ਨਿੱਤ ਜੋ ਕਰਕੇ ਗੱਲ ਅਵੱਲੀ ਜਾਂਦੇ ਹੋ।
ਜੱਗ ਜਨਣੀ ਦਾ ਰੁਤਬਾ ਜਿਸਨੂੰ ਦਿੱਤਾ ਏ,
ਓਸੇ ਦੇ ਅਰਮਾਨ ਉਥੱਲੀ ਜਾਂਦੇ ਹੋ।
ਸੀਨੇ ਦੇ ਵਿਚ ਗੈਰਤ ਵਾਲੀ ਅੱਗ ਨਹੀਂ,
ਤਾਂ ਹੀ ਨਿੱਤ ਵਜਾਈ ਟੱਲੀ ਜਾਂਦੇ ਹੋ।
ਕਾਗਜ਼ ਦੇ ਕਿਰਦਾਰਾਂ ਵਰਗੇ ਲਗਦੇ ਓ,
ਇਹ ਨਾ ਸਮਝੋ ਪੌਣ ਦੁਬੱਲੀ ਜਾਂਦੇ ਹੋ।
ਡੂੰਘੇ ਫੱਟਾਂ ਤਕ ਇਹ ਜਿੰਨਾ ਸੋਖ ਲਵੇ,
ਓਨੀ ਹੀ ਪਾਈ ਤਰਥੱਲੀ ਜਾਂਦੇ ਹੋ।
'ਜੀਤ ਕਹੇ ਜਦ ਗਲਣੀ ਏਥੇ ਦਾਲ਼ ਨਹੀਂ,
ਕਿਉਂ ਬਣਕੇ ਲੱਲੀ ਛੱਲੀ ਜਾਂਦੇ ਹੋ।
13 mar 21