ਪਹਿਲੀ ਵਾਰ ਇਹ ਦਰਦ ਓਦੋਂ ਦੇਖਿਆ ਜਦੋਂ ਨੁਸਰਤ ਸਾਹਿਬ ਦੀ ਮੌਤ ਹੋਈ ਤਾਂ ਓਹਨਾ ਦੇ ਚਾਲੀਵੇਂ ਦੀ ਕਵਾਲੀ ਦੀ ਰਸਮ ਚੱਲ ਰਹੀ ਸੀ ! ਓਹਨਾ ਦਾ ਭਤੀਜਾ ਰਾਹਤ ਫਤਿਹ ਅਲੀ ਖਾਂ ਸਾਰੀ ਕਵਾਲ ਪਾਰਟੀ ਸਮੇਤ ਸਟੇਜ ਉੱਤੇ ਸੀ ! ਬਹੁਤ ਵੱਡਾ ਪੰਡਾਲ ਲੱਗਾ ਸੀ ਜੋ ਲੋਕਾਂ ਨਾਲ ਖਚਾਖਚ ਭਰਿਆ ਹੋਇਆ ਸੀ ! ਸਟੇਜ ਉੱਤੇ ਹੀ ਕਵਾਲਾਂ ਦੇ ਪਿਛੇ ਇਕ ਵੱਡੀ ਸਕਰੀਨ ਲੱਗੀ ਹੋਇਆ ਸੀ ! ਦੋ ਕੁ ਕਵਾਲੀਆਂ ਗਾਉਣ ਪਿੱਛੋਂ ਸਕਰੀਨ ਉੱਤੇ ' ਅੱਖੀਆਂ ਉਡੀਕਦੀਆਂ ' ਗਾਉਂਦੀਆਂ ਦੀ ਨੁਸਰਤ ਸਾਹਿਬ ਦੀ ਵੀਡੀਓ ਚਲਾਈ ਗਈ ਸਾਰੇ ਸਾਹ ਰੋਕ ਕੇ ਸਿੱਲੀਆਂ ਅੱਖਾਂ ਨਾਲ ਸਕਰੀਨ ਵੱਲ ਦੇਖਦੇ ਹੋਏ ਕਵਾਲੀ ਸੁਣ ਰਹੇ ਸਨ ਤਾਂ ਜਦੋਂ ਹੀ ਨੁਸਰਤ ਸਾਹਿਬ ਦੀ ਵੀਡੀਓ ਅਤੇ ਅਵਾਜ ਬੰਦ ਹੋਈ ਅਤੇ ਰਾਹਤ ਫਤਿਹ ਅਲੀ ਖਾਂ ਨੇ ' ਅੱਖੀਆਂ ਉਡੀਕਦੀਆਂ ਦਿਲ ਵਾਜਾਂ ਮਾਰਦਾ ' ਦਾ ਅੱਗੇ ਅਲਾਪ ਲਿਆ ਤਾਂ ਲੋਕਾਂ ਦੀਆਂ ਧਾਹਾਂ ਨਿਕਲ ਗਈਆਂ ਲੋਕਾਂ ਨੂੰ ਇਕ ਦਮ ਲੱਗਾ ਕੇ ਨੁਸਰਤ ਸਾਹਿਬ ਕਿਥੇ ਚਲੇ ਗਏ ? ਲੋਕ ਸਕਰੀਨ , ਕੰਧਾਂ , ਬੂਹੇ ਆਦਿ ਵੱਲ ਗਰਦਨ ਉੱਚੀ ਚੁੱਕ ਚੁੱਕ ਦੇਖ ਰਹੇ ਸਨ ਕੇ ਸ਼ਾਇਦ ਨੁਸਰਤ ਸਾਹਿਬ ਹੁਣੇ ਹੀ ਕਿਤੋਂ ਆ ਜਾਣਗੇ ਪਰ ਰੋਂਦਾ ਹੋਇਆ ਰਾਹਤ ਗਾਉਂਦਾ ਰਿਹਾ ਸੀ ਅਤੇ ਉਸ ਉਡੀਕ ਦੇ ਖਾਲੀ ਵੀਰਾਨੇ ਚੋ ਕੋਈ ਨਾ ਆਇਆ ਸਿਰਫ ਬੋਲ ਸਨ ਕੇ ,' ਅੱਖੀਆਂ ਉਡੀਕਦੀਆਂ ਦਿਲ ਵਾਜਾਂ ਮਾਰਦਾ , ਆਜਾ ਜਾਣ ਵਾਲਿਆ ਕੇ ਵਾਸਤਾ ਈ ਪਿਆਰ ਦਾ ' ਟੀ ਵੀ ਉੱਤੇ ਇਹ ਦਰਦ ਅਤੇ ਤੜਫਣ ਦੇਖ ਕੇ ਮੇਰਾ ਸਰੀਰ ਸੁੰਨ ਹੋ ਗਿਆ ਸੀ !
ਦੂਜੀ ਘਟਨਾ ਇੰਝ ਹੋਈ ਕੇ ਮੇਰਾ ਇਕ ਬਹੁਤ ਪਿਆਰਾ ਦੋਸਤ ਸੀ ' ਸੁਖਬੀਰ ਨਿੱਕੂ ' ਮਾਨਸਾ ਤੋਂ , ਓਹਨੇ ਕਿਤੇ ਫਰੀਦਕੋਟ ਜਾਣਾ ਸੀ ਅਤੇ ਵਾਪਸੀ ਉੱਤੇ ਓਹਨੇ ਮੇਰੇ ਕੋਲ ਕੋਟਕਪੂਰੇ ਕਿਸੇ ਦੁਕਾਨ ਤੇ ਰੁਕਣਾ ਸੀ ਭਾਵ ਮਿਲਣਾ ਸੀ ! ਮੇਂ ਭੁੱਲ ਗਿਆ ਕੇ ਅੱਜ ਨਿੱਕੂ ਨੇ ਆਉਣਾ ਹੈ ਮੋਬਾਈਲ ਓਦੋਂ ਹੁੰਦੇ ਨਹੀਂ ਸਨ ਤੇ ਘਰ ਵੀ ਕਿਸੇ ਕਿਸੇ ਦੇ ਫੋਨ ਹੁੰਦਾ ਸੀ ! ਉਹ ਤਿੰਨ ਚਾਰ ਘੰਟੇ ਕੋਟਕਪੂਰੇ ਦੁਕਾਨ ਤੇ ਬੈਠਾ ਉਡੀਕਦਾ ਰਿਹਾ ਅਤੇ ਜਾਣ ਵੇਲੇ ਮੇਰੇ ਲਈ ਇਕ ਚਿੱਠੀ ਲਿਖ ਕੇ ਦੁਕਾਨ ਵਾਲੇ ਨੂੰ ਫੜਾ ਗਿਆ ! ਮੈਂ ਘੰਟਾ ਕੁ ਬਾਅਦ ਹੀ ਉਸ ਦੁਕਾਨ ਤੇ ਗਿਆ ਤਾਂ ਦੁਕਾਨ ਵਾਲਾ ਕਹਿੰਦਾ ,' ਤੂੰ ਹੁਣ ਤੱਕ ਕਿਥੇ ਸੀ ਯਾਰ ? ਮੇਂ ਪੁੱਛਿਆ ,' ਕਿਉਂ ? ਦੁਕਾਨ ਵਾਲੇ ਨੇ ਚਿੱਠੀ ਫੜਾਉਂਦਿਆਂ ਕਿਹਾ ,' ਉਹ ਮਾਨਸਾ ਵਾਲਾ ਮੁੰਡਾ ਉਡੀਕ ਉਡੀਕ ਕੇ ਗਿਆ ਹੈ ' ਮੈਂ ਚਿੱਠੀ ਖੋਲੀ ਤੇ ਚਿੱਠੀ ਦੇ ਅਖੀਰ ਚ ਲਿਖਿਆ ਸੀ ,' ਮੈਂ ਤੈਨੂੰ ਬਹੁਤ ਉਡੀਕਿਆ ਤੂੰ ਨਾ ਆਇਆ ਤਾਂ ਆਹ ਚਿੱਠੀ ਦੇ ਕੇ ਜਾ ਰਿਹਾ ਹਾਂ , ਸਭ ਠੀਕ ਠਾਕ ਹੈ ਹੁਣ ਚੱਲਦਾ ਹਾਂ ਤੇ ਚੱਲ ਕਦੇ ਫੇਰ ਮਿਲਦੇ ਹਾਂ ' ਤੇਰਾ ਵੀਰ ਨਿੱਕੂ !
ਦੋ ਕੁ ਦਿਨ ਸੁਨੇਹਾਂ ਆਇਆ ਕੇ ਜਿਸ ਦਿਨ ਨਿੱਕੂ ਕਿਥੋਂ ਗਿਆ ਸੀ ਓਸੇ ਰਾਤ ਓਹਦੀ ਮੌਤ ਹੋ ਗਈ ਸੀ ਮੈਂ ਕਈ ਦਿਨ ਉਸ ਦੁਕਾਨ ਤੇ ਜਾ ਕੇ ਇਕੱਲਾ ਬੈਠ ਰੋਂਦਾ ਰਿਹਾ , ਚਿੱਠੀ ਅੱਜ ਵੀ ਮੇਰੇ ਕੋਲ ਹੈ ਜਦੋਂ ਵੀ ਪੜ੍ਹਾ ਰਵਾ ਦਿੰਦੀ ਹੈ !
ਤੀਜੀ ਘਟਨਾ ਸਾਡੇ ਆਪਣੇ ਘਰ ਦੀ ਹੀ ਹੈ ਮੇਰੇ ਸਕੇ ਤਾਇਆ ਜੀ ਦੀ ਬੇਟੀ ਅਬੋਹਰ ਕੋਲ ਵਿਆਹੀ ਹੈ ! ਭੈਣ ਜੀ ਅਤੇ ਜੀਜਾ ਜੀ ਦੋਵੇਂ ਮਾਸਟਰ ਸਨ ! ਵਿਆਹ ਤੋਂ ਚਾਰ ਪੰਜ ਸਾਲ ਬਾਅਦ ਜੀਜਾ ਜੀ ਸ਼ਰਾਬ ਬਹੁਤ ਪੀਣ ਲੱਗ ਗਏ ! ਸਭ ਨੇ ਸਮਝਾਇਆ , ਓਹਨਾ ਆਪ ਵੀ ਸ਼ਰਾਬ ਛੱਡਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਛੱਡ ਸਕੇ ! ਇਕ ਦਿਨ ਓਹਨਾ ਦੇ ਪਿੰਡੋਂ ਇਕ ਬਸ ਬਿਆਸ ਡੇਰੇ ਜਾ ਰਹੀ ਸੀ ਕਿਸੇ ਨੇ ਭੈਣ ਜੀ ਨੂੰ ਕਿਹਾ ਕੇ ਹਰਚੰਦ ( ਜੀਜਾ ਜੀ ) ਨੂੰ ਸਾਡੇ ਨਾਲ ਬਿਆਸ ਭੇਜ ਦਿਓ ਸ਼ਾਇਦ ਬਿਆਸ ਜਾ ਕੇ ਸ਼ਰਾਬ ਛੱਡ ਦੇਣ ਨਹੀਂ ਤਾਂ ਬਾਬਾ ਜੀ ਓਥੇ ਹਸਪਤਾਲ ਚ ਦਾਖਲ ਕਰਕੇ ਵੀ ਸ਼ਰਾਬ ਛੁਡਵਾ ਦਿੰਦੇ ਹਨ ! ਚਲੋ ਜੀਜਾ ਜੀ ਬਿਆਸ ਨਾਲ ਚਲੇ ਗਏ ਜਾਣ ਸਾਰ , ਸਾਰਾ ਸਮਾਨ ਬਟੂਆ ਘੜੀ ਆਦਿ ਜਮਾਂ ਕਰਵਾ ਸਤਸੰਗ ਸੁਣਨ ਚਲੇ ਗਏ ! ਸਾਰੀ ਸੰਗਤ ਤਿੰਨ ਕੁ ਦਿਨ ਬਾਅਦ ਪਿੰਡ ਮੁੜ ਆਈ ਪਰ ਜੀਜਾ ਜੀ ਨਾ ਆਏ ! ਪਿੰਡ ਵਾਲੀ ਸੰਗਤ ਵਾਲਿਆਂ ਨੇ ਦੱਸਿਆ ਕੇ ਬਿਆਸ ਤੋਂ ਤੁਰਨ ਤੋਂ ਪਹਿਲਾਂ ਅਸੀਂ ਹਰਚੰਦ ਸਿਹੁੰ ਨੂੰ ਉਡੀਕਦੇ ਲੱਭਦੇ ਰਹੇ ਫੇਰ ਸੋਚਿਆ ਸ਼ਾਇਦ ਬਾਬਾ ਜੀ ਨੇ ਸ਼ਰਾਬ ਛਡਵਾਉਣ ਲਈ ਹਸਪਤਾਲ ਭੇਜ ਦਿੱਤਾ ਹੋਵੇਗਾ ਤੇ ਅਸੀਂ ਆ ਗਏ !
ਬਾਈ ਜੀ ਹਫਤਾ ਦਸ ਦਿਨ ਬਾਅਦ ਤੱਕ ਵੀ ਨਾ ਆਏ , ਫੋਨ ਓਦੋਂ ਨਹੀਂ ਸਨ 86 -87 ਦੀ ਗੱਲ ਹੈ ! ਦਸ ਕੁ ਦਿਨ ਬਾਅਦ ਬਿਆਸ ਜਾ ਕੇ ਪਤਾ ਕੀਤਾ ਪਰ ਓਥੇ ਕੋਈ ਹਰਚੰਦ ਸਿਹੁੰ ਨਹੀਂ ਸੀ ! ਫੇਰ ਕਿਸੇ ਸੇਵਾਦਾਰ ਨੇ ਦੱਸਿਆ ਫਲਾਣੇ ਦਿਨ ਸਤਸੰਗ ਵਾਲੀ ਸ਼ਾਮ ਜੋ ਬੰਦਾ ਨਲਕੇ ਕੋਲ ਮਰਿਆ ਪਿਆ ਲੱਭਾ ਸੀ ਉਹ ਕੌਣ ਸੀ ? ਦੂਜੇ ਸੇਵਾਦਾਰ ਕਹਿੰਦੇ ਉਹ ਤਾਂ ਕੋਈ ਲਵਾਰਸ ਸੀ ਸਮਾਨ ਜਮਾਂ ਹੋਣ ਕਰਕੇ ਜੀਜਾ ਜੀ ਦੇ ਜੇਬ੍ਹ ਤਾਂ ਕੋਈ ਸ਼ਨਾਖਤ ਹੈ ਹੀ ਨਹੀਂ ਸੀ ! ਜਦੋਂ ਘਰਦਿਆਂ ਨੂੰ ਕੱਪੜੇ ਦਿਖਾਏ ਤਾਂ ਉਹ ਬਾਈ ਜੀ ਹਰਚੰਦ ਸਿਹੁੰ ਦੇ ਕੱਪੜੇ ਹੀ ਸਨ ! ਡੇਰੇ ਵਾਲਿਆਂ ਲਾਵਾਰਿਸ ਸਮਝ ਕੇ ਸੰਸਕਾਰ ਕਰ ਦਿੱਤਾ ਤੇ ਫੁੱਲ ਬਿਆਸ ਦਰਿਆ ਚ ਪਾ ਦਿੱਤੇ ਸਨ !
ਰੋ ਧੋ ਕੇ ਪਿੰਡ ਆ ਗਏ ਪਿੰਡ ਆ ਕੇ ਭੋਗ ਪਾ ਦਿੱਤਾ ! ਸਮਾਂ ਬੀਤਦਾ ਗਿਆ ਭੈਣ ਜੀ ਵੀ ਸੰਭਲ ਗਏ ਪ੍ਰਤੀਤ ਹੁੰਦੇ ਸਨ !
ਮੇਂ ਜਦੋਂ 2014 ਚ ਕਨੇਡਾ ਤੋਂ ਇੰਡੀਆ ਗਿਆ ਤਾਂ ਮੈਨੂੰ ਕਿਸੇ ਜਾਣ ਪਛਾਣ ਵਾਲੇ ਨੇ ਕਿਹਾ ਕੇ ਤੈਨੂੰ ਕੱਲ ਨੂੰ ਬਿਆਸ ਡੇਰੇ ਲੇ ਕੇ ਜਾਣਾ ਹੈ ਮੇਂ ਹਾਂ ਆਖ ਦਿੱਤੀ ! ਪਿੰਡ ਭੈਣ ਜੀ ਦਾ ਅਚਾਨਕ ਫੋਨ ਆ ਗਿਆ ਤੇ ਮੇਰੇ ਮੰਮੀ ਨੇ ਦੱਸਿਆ ਕੇ ਕੱਲ ਨੂੰ ਕੰਵਲ ਨੇ ਬਿਆਸ ਜਾਣਾ ਹੈ ! ਭੈਣ ਜੀ ਕਹਿੰਦੇ ਮੇਰੀ ਕੰਵਲ ਨਾਲ ਹੁਣੇ ਗੱਲ ਕਰਵਾਓ , ਮੈਂ ਨਹਾ ਰਿਹਾ ਸੀ ਤੇ ਗੱਲ ਨਾ ਹੋ ਸਕੀ ਭੈਣਜੀ ਫੋਨ ਕਰਦੇ ਰਹੇ ਪਰ ਕਿਸੇ ਵਜ੍ਹਾ ਕਰਕੇ ਉਸ ਦਿਨ ਗੱਲ ਨਾ ਹੋਈ ! ਅਗਲੇ ਦਿਨ ਸਵੇਰੇ ਮੇਂ ਬਿਆਸ ਨੂੰ ਤੁਰ ਪਿਆ ਤੇ ਭੈਣਜੀ ਦਾ ਸਵੇਰੇ ਹੀ ਫੋਨ ਆ ਗਿਆ , ਕਹਿੰਦੇ ,' ਕੰਵਲ ਮੇਂ ਤਾਂ ਸਾਰੀ ਰਾਤ ਸੁੱਤੀ ਹੀ ਨਹੀਂ ' ਤੇ ਫੇਰ ਜਿਹੜੇ ਦਰਦ ਤੇ ਆਸ ਨਾਲ ਓਹਨਾ ਗੱਲ ਆਖੀ ਹੁਣ ਵੀ ਅੱਖਾਂ ਭਰ ਆਈਆਂ ਭੈਣ ਜੀ ਕਹਿੰਦੇ ,' ਮੇਰਾ ਵੀਰ ਸਤਸੰਗ ਸੁਣ ਕੇ ਲੰਗਰ ਚ ਜਰੂਰ ਜਾਵੀਂ , ਕੀ ਪਤਾ ਤੇਰਾ ਬਾਈ ਹਰਚੰਦ ਅਜੇ ਵੀ ਓਥੇ ਹੀ ਸੇਵਾ ਕਰਦਾ ਫਿਰਦਾ ਹੋਵੇ ? ਕੰਵਲ ਤੂੰ ਓਹਨੂੰ ਚਿੱਟੀ ਦਾਹੜੀ ਚ ਪਛਾਣ ਤਾਂ ਲਵੇਂਗਾ ਹਨਾ ? ਮੇਰਾ ਇਹ ਕੰਮ ਲਾਜ਼ਮੀ ਕਰੀਂ ਮੇਰਾ ਭਰਾ ' ਮੇਰਾ ਗਲਾ ਅੱਖਾਂ ਭਰ ਗਈਆਂ ਤੇ ਮੇਰੇ ਕੋਲੋਂ ' ਠੀਕ ਹੈ ਭੈਣੇ ' ਵੀ ਨਾ ਮੂੰਹੋਂ ਆਖਿਆ ਗਿਆ !