ਓਲੰਪਿਕ ਤਮਗਾ ਜੇਤੂਆਂ ਨੂੰ ਸ਼ਾਮਲ ਕਰਨ ਲਈ ਰਾਸ਼ਟਰੀ ਖੇਡ ਪੁਰਸਕਾਰਾਂ ਦੀ ਚੋਣ ਪ੍ਰਕਿਰਿਆ ’ਚ ਹੋਵੇਗੀ ਦੇਰੀ |
|
|
ਨਵੀਂ ਦਿੱਲੀ --13ਜੁਲਾਈ-(ਮੀਡੀਆਦੇਸਪੰਜਾਬ-ਬਿਊਰੋ)-- ਰਾਸ਼ਟਰੀ ਖੇਡ ਪੁਰਸਕਾਰ ਜੇਤੂਆਂ ਦੇ ਚੋਣ
ਦੀ ਪ੍ਰਕਿਰਿਆ ਨੂੰ ਇਸ ਸਾਲ ਓਲੰਪਿਕ ਖੇਡਾਂ ਤੋਂ ਬਾਅਦ ਤੱਕ ਮੁਲਤਵੀ ਕੀਤਾ ਜਾ ਸਕਦਾ
ਹੈ, ਜਿਸ ਨਾਲ ਕਿ ਟੋਕੀਓ ਖੇਡਾਂ ਦੇ ਤਮਗਾ ਜੇਤੂਆਂ ਦੇ ਨਾਮ ’ਤੇ ਵੀ ਚੋਣ ਪੈਨਲ ਵਿਚਾਰ
ਕਰ ਸਕੇ। ਅਜੇ ਚੋਣ ਪੈਨਲ ਦਾ ਵੀ ਗਠਨ ਨਹੀਂ ਕੀਤਾ ਗਿਆ ਹੈ। ਇਹ ਇਨਾਮ ਹਰ ਸਾਲ ਦੇਸ਼ ਦੇ
ਰਾਸ਼ਟਰਪਤੀ 29 ਅਗਸਤ ਨੂੰ ਰਾਸ਼ਟਰੀ ਖੇਡ
ਦਿਵਸ ਮੌਕੇ ਦਿੰਦੇ ਹਨ, ਜੋ ਮਹਾਨ ਹਾਕੀ ਖਿਡਾਰੀ
ਮੇਜਰ ਧਿਆਨਚੰਦ ਦੀ ਜਯੰਤੀ ਵੀ ਹੈ। ਓਲੰਪਿਕ ਦਾ ਪ੍ਰਬੰਧ 23 ਜੁਲਾਈ ਤੋਂ 8 ਅਗਸਤ ਤੱਕ
ਕੀਤਾ ਜਾਵੇਗਾ। ਖੇਡ ਮੰਤਰਾਲਾ ਦੇ ਇਕ ਸੂਤਰ ਨੇ ਦੱਸਿਆ,‘‘ਸਾਨੂੰ ਪਹਿਲਾਂ ਹੀ ਇਸ ਸਾਲ ਦੇ
ਰਾਸ਼ਟਰੀ ਖੇਡ ਪੁਰਸਕਾਰਾਂ ਲਈ ਨਾਮਜ਼ਦਗੀਆਂ ਮਿਲ ਗਈਆਂ ਹਨ। ਫਿਲਹਾਲ ਨਾਮਜ਼ਦਗੀਆਂ ਦੀ
ਤਰੀਕ ਨਿਕਲ ਚੁੱਕੀ ਹੈ ਪਰ ਸਾਡੀ ਪਿੱਛਲੀ ਬੈਠਕ ’ਚ ਅਸੀਂ ਇਸ ਸਾਲ ਦੇ ਪੁਰਸਕਾਰਾਂ ਲਈ
ਓਲੰਪਿਕ ਤਮਗਾ ਜੇਤੂਆਂ ਦੇ ਨਾਂ ’ਤੇ ਵਿਚਾਰ ਕਰਨ ’ਤੇ ਚਰਚਾ ਕੀਤੀ ਸੀ, ਜੇਕਰ ਕੋਈ ਤਮਗਾ
ਜਿੱਤਦਾ ਹੈ ਤਾਂ।’’
ਉਨ੍ਹਾਂ ਕਿਹਾ,‘‘ਓਲੰਪਿਕ 8 ਅਗਸਤ ਨੂੰ ਖਤਮ ਹੋਣਗੇ, ਇਸ ਲਈ ਇਨਾਮ ਜੇਤੂਆਂ ਦੀ ਚੋਣ
ਪ੍ਰਕਿਰਿਆ ’ਚ ਦੇਰੀ ਹੋ ਸਕਦੀ ਹੈ।’’ ਓਲੰਪਿਕ 8 ਅਗਸਤ ਨੂੰ ਖਤਮ ਹੋਣਗੇ ਅਤੇ ਜੇਕਰ ਚੋਣ
ਪੈਨਲ ਖੇਡਾਂ ਦੇ ਖਤਮ ਹੋਣ ਦੇ 10 ਦਿਨ ਦੇ ਅੰਦਰ ਨਾਵਾਂ ਨੂੰ ਅੰਤਿਮ ਰੂਪ ਨਹੀਂ ਦਿੰਦਾ
ਹੈ ਤਾਂ ਉਂਝ ਵੀ ਸਮਾਰੋਹ ’ਚ ਦੇਰੀ ਹੋਵੇਗੀ। ਸੂਤਰ ਨੇ ਕਿਹਾ,‘‘ਇਸ ਮੁੱਦੇ ’ਤੇ ਅਸੀਂ
ਜਲਦ ਹੀ ਅੰਤਿਮ ਫੈਸਲਾ ਕਰਾਂਗੇ। ਇਸ ’ਤੇ ਫੈਸਲਾ ਕਰਨ ਲਈ ਅਸੀਂ ਓਲੰਪਿਕ ਦੇ ਤੁਰੰਤ ਬਾਅਦ
ਇਕ ਹੋਰ ਬੈਠਕ ਦੀ ਯੋਜਨਾ ਬਣਾਈ ਹੈ। ਜੇਕਰ ਸਾਡਾ ਕੋਈ ਖਿਡਾਰੀ ਓਲੰਪਿਕ ਤਮਗਾ ਜਿੱਤਦਾ
ਹੈ ਤਾਂ ਨਿਸ਼ਚਿਤ ਤੌਰ ’ਤੇ ਉਸ ਦੇ ਨਾਂ ’ਤੇ ਵਿਚਾਰ ਹੋਵੇਗਾ।’’
‘ ਕੋਵਿਡ-19’ ਮਹਾਮਾਰੀ ’ਚ ਸਖਤ ਸਿਹਤ ਸੁਰੱਖਿਆ ਨਿਯਮਾਂ ਦੌਰਾਨ ਹੋਣ ਵਾਲੀਆਂ
ਓਲੰਪਿਕ ਖੇਡਾਂ ’ਚ ਭਾਰਤ ਦੇ 120 ਤੋਂ ਜ਼ਿਆਦਾ ਖਿਡਾਰੀ ਤਮਗੇ ਲਈ ਚੁਣੌਤੀ ਪੇਸ਼ ਕਰਨਗੇ।
ਖੇਡਾਂ ਦੌਰਾਨ ਦਰਸ਼ਕਾਂ ਨੂੰ ਸਟੇਡੀਅਮ ’ਚ ਆਉਣ ਦੀ ਮਨਜ਼ੂਰੀ ਨਹੀਂ ਹੋਵੇਗੀ। 2 ਵਾਰ
ਵਿਸਤਾਰ ਤੋਂ ਬਾਅਦ ਰਾਸ਼ਟਰੀ ਖੇਡ ਪੁਰਸਕਾਰਾਂ ਦੀ ਨਾਮਜ਼ਦਗੀ ਦੀ ਪ੍ਰਕਿਰਿਆ 5 ਜੁਲਾਈ ਨੂੰ
ਖਤਮ ਹੋਈ। ਮਹਾਮਾਰੀ ਨੂੰ ਵੇਖਦੇ ਹੋਏ ਬਿਨੈਕਾਰਾਂ ਨੂੰ ਸਵੈ-ਨਾਮਜ਼ਦਗੀ ਦੀ ਮਨਜ਼ੂਰੀ
ਦਿੱਤੀ ਗਈ, ਜਦੋਂਕਿ ਰਾਸ਼ਟਰੀ ਮਹਾਸੰਘਾਂ ਨੇ ਵੀ ਆਪਣੀ ਪਹਿਲਕਦਮੀਆਂ ਭੇਜੀਆਂ। ਪਿਛਲੇ ਸਾਲ
ਇਨ੍ਹਾਂ ਪੁਰਸਕਾਰਾਂ ਦੀ ਈਨਾਮੀ ਰਾਸ਼ੀ ’ਚ ਵਾਧਾ ਕੀਤਾ ਗਿਆ ਸੀ। ਰਾਜੀਵ ਗਾਂਧੀ ਖੇਡ ਰਤਨ
ਪੁਰਸਕਾਰ ਜੇਤੂ ਨੂੰ ਹੁਣ 25 ਲੱਖ ਰੁਪਏ ਮਿਲਦੇ ਹਨ, ਜਦੋਂਕਿ ਪਹਿਲਾਂ ਇਹ ਰਾਸ਼ੀ ਸਾਢੇ 7
ਲੱਖ ਰੁਪਏ ਸੀ। ਅਰਜੁਨ ਪੁਰਸਕਾਰ ਦੀ ਈਨਾਮੀ ਰਾਸ਼ੀ ਨੂੰ 5 ਲੱਖ ਤੋਂ ਵਧਾ ਕੇ 15 ਲੱਖ
ਰੁਪਏ ਕੀਤਾ ਗਿਆ ਹੈ। ਦਰੋਣਾਚਾਰੀਆ (ਜੀਵਨ ਭਰ ਦੀਆਂ ਉਪਲੱਬਧੀਆਂ) ਪੁਰਸਕਾਰ ਲਈ ਵੀ
ਪਹਿਲਾਂ ਦੇ 5 ਲੱਖ ਦੀ ਜਗ੍ਹਾ 15 ਲੱਖ ਰੁਪਏ ਦਿੱਤੇ ਜਾਣਗੇ। ਦਰੋਣਾਚਾਰੀਆ ਪੁਰਸਕਾਰ ਅਤੇ
ਧਿਆਨਚੰਦ ਪੁਰਸਕਾਰ ਜੇਤੂਆਂ ਨੂੰ ਵੀ 5 ਲੱਖ ਦੀ ਜਗ੍ਹਾ ਹੁਣ 10 ਲੱਖ ਰੁਪਏ ਦੀ ਇਨਾਮੀ
ਰਾਸ਼ੀ ਮਿਲੇਗੀ। ਮਹਾਮਾਰੀ ਕਾਰਨ ਪਿਛਲੇ ਸਾਲ ਪੁਰਸਕਾਰ ਸਮਾਰੋਹ ਦਾ ਪ੍ਰਬੰਧ ਆਨਲਾਈਨ ਕੀਤਾ
ਗਿਆ ਸੀ।
|