Tokyo Olympics: ਭਾਰਤੀ ਮਹਿਲਾ ਹਾਕੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ, ਆਇਰਲੈਂਡ ਨੂੰ 1-0 ਨਾਲ ਹਰਾਇਆ |
|
|
ਟੋਕੀਓ --30,ਜੁਲਾਈ21-(MDP-ਬਿਊਰੋ)-- ਆਖ਼ਰੀ ਮਿੰਟਾਂ ਵਿਚ ਨਵਨੀਤ ਕੌਰ ਦੇ ਗੋਲ ਦੀ
ਮਦਦ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ‘ਕਰੋ ਜਾਂ ਮਰੋ’ ਦੇ ਮੈਚ ਵਿਚ ਸ਼ੁੱਕਰਵਾਰ ਨੂੰ
ਆਇਰਲੈਂਡ ਨੂੰ 1-0 ਨਾਲ ਹਰਾ ਕੇ ਟੋਕੀਓ ਓਲੰਪਿਕ ਦੇ ਕੁਆਟਰ ਫਾਈਨਲ ਵਿਚ ਪ੍ਰਵੇਸ਼ ਦੀਆਂ
ਉਮੀਦਾਂ ਬਰਕਰਾਰ ਰੱਖੀਆਂ। ਪਹਿਲੇ ਤਿੰਨ ਕੁਆਰਟਰ ਗੋਲ ਰਹਿਤ ਹੋਣ ਤੋਂ ਬਾਅਦ ਨਵਨੀਤ ਨੇ
ਮੈਚ ਦਾ ਇਕਮਾਤਰ ਗੋਲ 57ਵੇਂ ਮਿੰਟ ਵਿਚ ਕੀਤਾ। ਇਸ ਤੋਂ ਪਹਿਲਾਂ, ਭਾਰਤ ਨੂੰ ਮਿਲੇ 14
ਪੈਨਲਟੀ ਕਾਰਨਰ ਬੇਕਾਰ ਗਏ। ਭਾਰਤ ਨੂੰ ਤਿੰਨ ਮੈਚਾਂ ਵਿਚ ਕਰਾਰੀ ਹਾਰ ਤੋਂ ਬਾਅਦ ਕਿਸੇ
ਵੀ ਕੀਮਤ 'ਤੇ ਇਹ ਮੈਚ ਜਿੱਤਣਾ ਸੀ ਪਰ ਟੀਮ ਨੂੰ ਜੇਤੂ ਗੋਲ ਲਈ 57 ਮਿੰਟ ਇੰਤਜ਼ਾਰ ਕਰਨਾ
ਪਿਆ,ਭਾਰਤੀ ਖਿਡਾਰੀਆਂ ਨੇ ਗੋਲ ਕਰਨ ਦੇ ਕਈ ਮੌਕੇ ਬਣਾਏ ਪਰ ਫਿਨੀਸ਼ਿੰਗ ਤੱਕ ਨਹੀਂ ਲਿਜਾ
ਸਕੇ। ਇਸ ਤੋਂ ਪਹਿਲਾਂ ਭਾਰਤ ਨੂੰ ਵਿਸ਼ਵ ਦੀ ਨੰਬਰ ਇਕ ਟੀਮ ਨੀਦਰਲੈਂਡ 5-1 ਨਾਲ, ਜਰਮਨੀ
ਨੇ 2-0 ਅਤੇ ਪਿਛਲੀ ਚੈਂਪੀਅਨ ਬ੍ਰਿਟੇਨ ਨੇ 4-1 ਨਾਲ ਹਰਾਇਆ ਸੀ। ਭਾਰਤ ਨੂੰ ਸ਼ਨੀਵਾਰ
ਨੂੰ ਦੱਖਣੀ ਅਫਰੀਕਾ ਦੇ ਖਿਲਾਫ਼ ਮੈਚ ਜਿੱਤ ਦੇ ਨਾਲ ਗੋਲ ਔਸਤ ਨੂੰ ਹੋਰ ਬਿਹਤਰ ਰੱਖਣ ਦੀ
ਜ਼ਰੂਰਤ ਹੋਵੇਗੀ। ਇਸਦੇ ਨਾਲ, ਉਸ ਨੂੰ ਪ੍ਰਾਰਥਨਾ ਕਰਨੀ ਪਏਗੀ ਕਿ ਯੂ.ਕੇ. ਦੀ ਟੀਮ
ਆਇਰਲੈਂਡ ਨੂੰ ਹਰਾ ਦੇਵੇ। ਦੋਵਾਂ ਪੂਲ ਦੀਆਂ ਚੋਟੀ ਦੀਆਂ 4 ਟੀਮਾਂ ਕੁਆਰਟਰ ਫਾਈਨਲ ਵਿਚ
ਖੇਡਣਗੀਆਂ।
|